Breaking News
Home / ਹਫ਼ਤਾਵਾਰੀ ਫੇਰੀ / ਪਾਕਿਸਤਾਨ ਨੇ ਫਿਰ ਦਿਖਾਇਆ ਆਪਣਾ ਰੰਗ

ਪਾਕਿਸਤਾਨ ਨੇ ਫਿਰ ਦਿਖਾਇਆ ਆਪਣਾ ਰੰਗ

8ਦੇਸ਼ ਪਰਤਦਿਆਂ ਹੀ ਜਾਂਚ ਏਜੰਸੀ ਨੇ ਪਠਾਨਕੋਟ ਹਮਲੇ ਨੂੰ ਦੱਸਿਆ ਭਾਰਤ ਦਾ ਹੀ ਡਰਾਮਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪਠਾਨਕੋਟ ਏਅਰ ਬੇਸ ਅੱਤਵਾਦੀ ਹਮਲੇ ਦੀ ਸਾਜ਼ਿਸ਼ ਭਾਰਤ ਨੇ ਹੀ ਰਚੀ ਸੀ। ਇਸ ਨੂੰ ਭਾਰਤ ਵਿੱਚ ਪਾਕਿਸਤਾਨ ਦੇ ਸੁਰੱਖਿਆ ਢਾਂਚੇ ਦੀਆਂ ‘ਦੋਗਲੀਆਂ ਗੱਲਾਂ’ ਵਜੋਂ ਦੇਖਿਆ ਜਾ ਰਿਹਾ ਹੈ। ਸਰਕਾਰੀ ਸੂਤਰਾਂ ਮੁਤਾਬਕ ਪਾਕਿਸਤਾਨ  ਸਰਕਾਰ ਸਮਰਥਕ ਇਕ ਅਖ਼ਬਾਰ ਦੀ ਰਿਪੋਰਟ ਤੋਂ ਕੇਵਲ ਇਹ ਪਤਾ ਲੱਗਦਾ ਹੈ ਕਿ ਆਈਐਸਆਈ ਤੇ ਪਾਕਿ ਫ਼ੌਜ ਦੋਗਲੀਆਂ ਗੱਲਾਂ ਕਰ ਰਹੇ ਹਨ। ਭਾਰਤ ਨੇ ਪਾਕਿਸਤਾਨ ਦੀ ਸਾਂਝੀ ਜਾਂਚ ਟੀਮ (ਜੇਆਈਟੀ) ਨੂੰ ਇਥੇ ਦੌਰੇ ਸਮੇਂ ਅੱਤਵਾਦੀਆਂ ਦੇ ਸ਼ਾਮਲ ਹੋਣ ਬਾਰੇ ਪੱਕੇ ਸਬੂਤ ਦਿੱਤੇ ਸਨ। ਅਖ਼ਬਾਰ ‘ਪਾਕਿਸਤਾਨ ਟੂਡੇ’ ਵਿੱਚ ਪ੍ਰਕਾਸ਼ਿਤ ਖ਼ਬਰ ਵਿੱਚ ਜੇਆਈਟੀ ਦੇ ਇਕ ਮੈਂਬਰ (ਨਾਂ ਪ੍ਰਕਾਸ਼ਿਤ ਨਹੀਂ ਕੀਤਾ) ਦੇ ਹਵਾਲੇ ਨਾਲ ਕਿਹਾ ਕਿ ਇਹ ਹਮਲਾ ਕੁੱਝ ਹੋਰ ਨਹੀਂ ਬਲਕਿ ਪਾਕਿਸਤਾਨ ਖ਼ਿਲਾਫ਼ ਕੂੜ ਪ੍ਰਚਾਰ ਹੈ ਅਤੇ ਭਾਰਤੀ ਅਧਿਕਾਰੀਆਂ ਕੋਲ ਉਨ੍ਹਾਂ ਦੇ ਦਾਅਵਿਆਂ ਦੇ ਸਮਰਥਨ ਵਿੱਚ ਕੋਈ ਸਬੂਤ ਨਹੀਂ ਹੈ। ਖ਼ਬਰ ਵਿੱਚ ਕਿਹਾ ਗਿਆ ਹੈ, ‘ਹਮਲੇ ਦੇ ਕੁਝ ਹੀ ਘੰਟੇ ਬਾਅਦ ਭਾਰਤੀ ਸੁਰੱਖਿਆ ਬਲਾਂ ਨੇ ਸਾਰੇ ਹਮਲਾਵਰਾਂ ਨੂੰ ਮਾਰ ਦਿੱਤਾ। ਫਿਲਹਾਲ ਭਾਰਤੀ ਅਧਿਕਾਰੀਆਂ ਨੇ ਇਸ ਨੂੰ ਤਿੰਨ ਦਿਨਾਂ ਨਾਟਕ ਬਣਾ ਦਿੱਤਾ ਹੈ ਤਾਂ ਜੋ ਪਾਕਿਸਤਾਨ ਨੂੰ ਬਦਨਾਮ ਕਰਨ ਲਈ ਕੌਮਾਂਤਰੀ ਭਾਈਚਾਰੇ ਦਾ ਧਿਆਨ ਖਿੱਚਿਆ ਜਾ ਸਕੇ।
ਇਸ ਖ਼ਬਰ ਨੂੰ ਖ਼ਾਰਜ ਕਰਦਿਆਂ ਇਕ ਸਰਕਾਰੀ ਸੂਤਰ ਨੇ ਦੱਸਿਆ ਕਿ ਜੇਆਈਟੀ ਨੂੰ ਦਿੱਤੇ ਗਏ ਸਬੂਤ ਕੌਮਾਂਤਰੀ ਸਮੀਖਿਆ ਦਾ ਸਾਹਮਣਾ ਕਰ ਸਕਦੇ ਹਨ। ਉਨ੍ਹਾਂ ਮੀਡੀਆ ਵਿੱਚ ਆਈਆਂ ਖ਼ਬਰਾਂ ਉਤੇ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਐਨਆਈਏ ਨੇ ਪਾਕਿ ਜਾਂਚ ਟੀਮ ਨੂੰ ਪੁਖ਼ਤਾ ਸਬੂਤ ਦਿੱਤੇ ਹਨ।
ਸੂਤਰ ਮੁਤਾਬਕ, ‘ਜੇਆਈਟੀ ਨੇ ਜੋ ਵੀ ਮੰਗਿਆ ਸੀ, ਉਸ ਨੂੰ ਦਿੱਤਾ ਗਿਆ, ਜਿਨ੍ਹਾਂ ਵਿੱਚ ਗਵਾਹਾਂ ਦੇ ਬਿਆਨਾਂ ਦੀਆਂ ਕਾਪੀਆਂ, ਚਾਰ ਅੱਤਵਾਦੀਆਂ ਦੀਆਂ ਡੀਐਨਏ ਰਿਪੋਰਟਾਂ, ਉਨ੍ਹਾਂ ਕੋਲੋਂ ਬਰਾਮਦ ਸਮੱਗਰੀਆਂ ਦੀ ਸੂਚੀ ਸ਼ਾਮਲ ਹੈ।’ ਸੂਤਰ ਨੇ ਕਿਹਾ ਕਿ ਐਸਪੀ ਸਲਵਿੰਦਰ ਸਿੰਘ ਅਤੇ ਉਸ ਦੇ ਦੋਸਤ ਜਿਊਲਰ ਰਾਜੇਸ਼ ਵਰਮਾ ਤੋਂ ਖੋਹੇ ਗਏ ਦੋ ਮੋਬਾਈਲ ਫੋਨਾਂ ਦੀ ਕਾਲ ਰਿਕਾਰਡਿੰਗ ਨੂੰ ਜੇਆਈਟੀ ਨਾਲ ਸਾਂਝਾ ਕੀਤਾ ਗਿਆ ਹੈ। ਇਨ੍ਹਾਂ ਮੋਬਾਈਲ ਨੰਬਰਾਂ ਤੋਂ ਹੀ ਪਾਕਿਸਤਾਨ ਵਿੱਚ ਗੱਲਬਾਤ ਕੀਤੀ ਗਈ ਸੀ। ਭਾਰਤ ਨੇ ਨਾਸਿਰ ਹੁਸੈਨ ਅਤੇ ਉਸ ਦੀ ਮਾਂ ਖੱਯਾਮ ਬੱਬਰ ਵਿਚਾਲੇ ਰਿਕਾਰਡ ਕੀਤੀ ਗਈ ਗੱਲਬਾਤ ਨੂੰ ਸਾਂਝਾ ਕੀਤਾ ਗਿਆ ਹੈ। ਨਾਸਿਰ ਉਨ੍ਹਾਂ ਚਾਰ ਅੱਤਵਾਦੀਆਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ ਪਹਿਲੀ ਤੇ ਦੋ ਜਨਵਰੀ ਦੀ ਰਾਤ ਨੂੰ ਏਅਰ ਬੇਸ ‘ਤੇ ਹਮਲਾ ਕੀਤਾ ਸੀ। ਐਨਆਈਏ ਨੇ ਨਾਸਿਰ ਦੇ ਪਰਿਵਾਰ ਦਾ ਡੀਐਨਏ ਨਮੂਨਾ ਮੰਗਿਆ ਸੀ। ਏਜੰਸੀ ਨੇ ਭਾਰਤੀ ਹਵਾਈ ਫ਼ੌਜ ਦੇ ਸਟੇਸ਼ਨ ਅੰਦਰੋਂ ਅੱਤਵਾਦੀਆਂ ਵੱਲੋਂ ਕਾਸ਼ਿਫ ਜਾਨ ਸਮੇਤ ਆਪਣੇ ਅਕਾਵਾਂ ਨਾਲ ਕੀਤੀ ਗੱਲਬਾਤ ਦੀ ਰਿਕਾਰਡਿੰਗ ਵੀ ਸੌਂਪੀ ਹੈ। ਉਸ ਬਾਅਦ ਕਾਸ਼ਿਫ ਲਾਪਤਾ ਹੈ। ਪਾਕਿਸਤਾਨੀ ਜੇਆਈਟੀ ਨੇ ਐਨਆਈਏ ਤੋਂ ਚਾਰੇ ਅੱਤਵਾਦੀਆਂ ਨਾਲ ਜੁੜੀਆਂ ਚੀਜ਼ਾਂ ਮੰਗੀਆਂ ਹਨ। ਅੱਤਵਾਦੀਆਂ ਦੀ ਪਛਾਣ ਨਾਸਿਰ ਹੁਸੈਨ (ਪੰਜਾਬ), ਅਬੂ ਬਕਰ (ਗੁੱਜਰਾਂਵਾਲਾ), ਉਮਰ ਫਾਰੂਕ ਤੇ ਅਬਦੁਲ ਕਯੂਮ (ਸਿੰਧ) ਦੇ ਰੂਪ ਵਿੱਚ ਹੋਈ ਹੈ।
ਮੋਦੀ ਮੁਆਫ਼ੀ ਮੰਗਣ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨੀ ਜੇਆਈਟੀ ਨੂੰ ‘ਸੱਦਾ’ ਦਿੱਤਾ ਸੀ, ਜਿਸ ਵਿੱਚ ਆਈਐਸਆਈ ਦੇ ਅਧਿਕਾਰੀ ਸ਼ਾਮਲ ਸਨ। ਇਹ ਪਾਕਿ ਖ਼ੁਫੀਆ ਏਜੰਸੀ ਨੂੰ ਪਠਾਨਕੋਟ ਹਮਲੇ ਵਿੱਚ ‘ਕਲੀਨ ਚਿੱਟ’ ਦੇਣ ਵਾਂਗ ਹੈ। ਹੁਣ ਉਹ ਇਸ ਹਮਲੇ ਨੂੰ ਭਾਰਤ ਦੀ ਸਾਜ਼ਿਸ਼ ਦੱਸ ਰਹੇ ਹਨ। ਉਨ੍ਹਾਂ ਨੇ ਮੋਦੀ ਤੋਂ ਮੰਗ ਕੀਤੀ ਕਿ ਉਹ ਵਿਦੇਸ਼ ਨੀਤੀ ਦੀ ‘ਇਤਿਹਾਸਕ’ ਨਾਕਾਮੀ ‘ਤੇ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਣ। ਪ੍ਰੈੱਸ ਕਾਨਫਰੰਸ ‘ਚ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਜੇਆਈਟੀ ਨੂੰ ਸੱਦਾ ਦੇ ਕੇ ‘ਭਾਰਤ ਮਾਤਾ’ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …