31 ਮਈ ਤੋਂ ਪਹਿਲਾਂ ਹੋਵੇਗਾ ਕੰਮ ਪੂਰਾ
ਚੰਡੀਗੜ੍ਹ/ਬਿਊਰੋ ਨਿਊਜ਼
ਕਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ’ਚ ਪੈਦਾ ਹੋਏ ਆਕਸੀਜਨ ਦੇ ਸੰਕਟ ਨੂੰ ਦੂਰ ਕਰਨ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਕੇਂਦਰ ਸਰਕਾਰ ਨੇ ਸ੍ਰੀ ਮੁਕਤਸਰ ਸਾਹਿਬ, ਗੁਰਦਾਸਪੁਰ ਤੇ ਲੁਧਿਆਣਾ ’ਚ ਵੀ ਆਕਸੀਜਨ ਪਲਾਂਟ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਪਟਿਆਲਾ, ਸੰਗਰੂਰ ਤੇ ਬਠਿੰਡਾ ’ਚ ਆਕਸੀਜਨ ਪਲਾਂਟ ਲਗਾਉਣ ਦੀ ਮਨਜ਼ੂਰੀ ਮਿਲ ਚੁੱਕੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿਚ ਹਵਾ ਤੋਂ ਆਕਸੀਜਨ ਤਿਆਰ ਕਰਨ ਲਈ 19 ਥਾਵਾਂ ’ਤੇ ਪਲਾਂਟ ਲਗਾਏ ਜਾਣੇ ਹਨ। ਆਕਸੀਜਨ ਪਲਾਂਟ ਲਗਾਉਣ ਦੀ ਜ਼ਿੰਮੇਵਾਰੀ ਕੇਂਦਰ ਦੀ ਏਜੰਸੀ ਹਾਈਟਸ ਤੇ ਡੀ.ਆਰ.ਡੀ.ਓ. ਨੂੰ ਦਿੱਤੀ ਗਈ ਹੈ, ਜਿਸ ਨੂੰ 31 ਮਈ ਤੋਂ ਪਹਿਲਾਂ ਆਪਣਾ ਕੰਮ ਪੂਰਾ ਕਰਨਾ ਪਵੇਗਾ। ਭਾਰਤ ਸਰਕਾਰ ਨੇ ਮਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈੱਲਫੇਅਰ ਵੱਲੋਂ ਸਾਰੇ ਸੂਬਿਆਂ ਦੇ ਹੈਲਥ ਵਿਭਾਗਾਂ ਤੋਂ ਇਲਾਵਾ ਨੋਡਲ ਅਧਿਕਾਰੀਆਂ ਨੂੰ ਆਕਸੀਜਨ ਦੇ ਪਲਾਂਟ ਲਗਾਉਣ ਲਈ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਪੱਤਰ ਵਿਚ ਸੂਬਿਆਂ ਨੂੰ ਸਪੱਸ਼ਟ ਕੀਤਾ ਗਿਆ ਕਿ ਪਲਾਂਟ ਲਗਾਉਣ ਲਈ ਵਧੀਆ ਤਰੀਕੇ ਨਾਲ ਪਹਿਲਾਂ ਗਰਾਊਂਡ ਵਰਕ ਕਰ ਲਿਆ ਜਾਵੇ। ਪੰਜਾਬ ’ਚ ਆਕਸੀਜਨ ਪਲਾਂਟ ਤਿਆਰ ਕਰਨ ਲਈ ਨੈਸ਼ਨਲ ਹਾਈਵੇ ਵੱਲੋਂ ਇਮਾਰਤ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਸੂਬੇ ’ਚ 8 ਥਾਵਾਂ ’ਤੇ ਡੀ.ਆਰ.ਡੀ.ਓ. ਤੇ 11 ਥਾਵਾਂ ’ਤੇ ਹਾਈਟਸ ਵੱਲੋਂ ਢਾਂਚਾ ਤਿਆਰ ਕੀਤਾ ਜਾਵੇਗਾ। ਇਹ ਵੀ ਦੱਸਿਆ ਗਿਆ ਹੈ ਕਿ ਹਰ ਜਗ੍ਹਾ ਪਲਾਂਟ ਤੋਂ ਹਸਪਤਾਲ ਤਕ ਪਾਈਪਲਾਈਨ ਰਾਹੀਂ ਆਕਸੀਜਨ ਦੀ ਸਪਲਾਈ ਕੀਤੀ ਜਾਵੇਗੀ। ਸਰਕਾਰ ਦਾ ਮੰਨਣਾ ਹੈ ਕਿ ਪਲਾਂਟ ਲੱਗਣ ਨਾਲ ਸੂਬੇ ’ਚ ਆਕਸੀਜਨ ਦੀ ਘਾਟ ਦੂਰ ਹੋਵੇਗੀ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …