ਲੋਕ ਸਭਾ ਦੇ ਮੈਂਬਰ ਬਣ ਗਏ ਹਨ ਗੁਰਮੀਤ ਸਿੰਘ ਮੀਤ ਹੇਅਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਿਚ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਖੇਡ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੀਤ ਹੇਅਰ ਦਾ ਅਸਤੀਫਾ ਮਨਜੂਰ ਵੀ ਕਰ ਲਿਆ ਹੈ। ਧਿਆਨ ਰਹੇ ਕਿ ਮੀਤ ਹੇਅਰ ਨੂੰ ਆਮ ਆਦਮੀ ਪਾਰਟੀ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਾਈ ਸੀ ਅਤੇ ਮੀਤ ਹੇਅਰ ਨੇ ਇਹ ਚੋਣ ਜਿੱਤ ਲਈ ਸੀ। ਉਨ੍ਹਾਂ ਨੇ ਲੋਕ ਸਭਾ ਦੇ ਮੈਂਬਰ ਵਜੋਂ ਪਿਛਲੇ ਦਿਨੀਂ ਸਹੁੰ ਵੀ ਚੁੱਕ ਲਈ ਸੀ। ਇਸਦੇ ਚੱਲਦਿਆਂ ਮੀਤ ਹੇਅਰ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵਿਚ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਮੀਤ ਹੇਅਰ ਨੇ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਅਤੇ ਉਹ ਬਰਨਾਲਾ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਵਿਧਾਇਕ ਸਨ। ਹੁਣ ਮੀਤ ਹੇਅਰ ਦੀ ਜਗ੍ਹਾ ਆਮ ਆਦਮੀ ਪਾਰਟੀ ਦੇ ਕਿਹੜੇ ਵਿਧਾਇਕ ਨੂੰ ਖੇਡ ਮੰਤਰੀ ਦੀ ਕੁਰਸੀ ਮਿਲਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ। ਪਰ ਉਦੋਂ ਤੱਕ ਪੰਜਾਬ ਦਾ ਖੇਡ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੀ ਰਹੇਗਾ।