ਪੰਜਾਬ ਸਰਕਾਰ ਕਰਮਚਾਰੀਆਂ ਦੇ ਭੱਤਿਆਂ ਨੂੰ ਮਰਜ਼ ਕਰਨ ਦੀ ਤਿਆਰੀ ’ਚ
ਵਿੱਤ ਵਿਭਾਗ ਨੇ 47 ਵਿਭਾਗਾਂ ਤੋਂ ਭੱਤਿਆਂ ਸਬੰਧੀ ਮੰਗੀਆਂ ਲਿਸਟਾਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਆਪਣੇ 47 ਵਿਭਾਗਾਂ ਵਿਚ ਤਰ੍ਹਾਂ-ਤਰ੍ਹਾਂ ਦੇ 37 ਭੱਤਿਆਂ ਤੋਂ ਪ੍ਰੇਸ਼ਾਨ ਹੈ ਅਤੇ ਹੁਣ ਇਨ੍ਹਾਂ ਭੱਤਿਆਂ ਨੂੰ ਮਰਜ਼ ਕਰਕੇ ਇਨ੍ਹਾਂ ਦੀ ਗਿਣਤੀ ਘਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਦੇ ਵਿੱਤ ਵਿਭਾਗ ਨੇ ਸਾਰੇ 47 ਵਿਭਾਗਾਂ ਤੋਂ ਉਨ੍ਹਾਂ ਭੱਤਿਆਂ ਦੀਆਂ ਲਿਸਟਾਂ ਮੰਗੀਆਂ ਹਨ, ਜੋ ਕਿ ਉਨ੍ਹਾਂ ਦੇ ਵਿਭਾਗਾਂ ਵਿਚ ਕੰਮ ਕਰ ਰਹੇ ਵੱਖ-ਵੱਖ ਕਾਡਰ ਦੇ ਕਰਮਚਾਰੀਆਂ ਨੂੰ ਦਿੱਤੇ ਜਾ ਰਹੇ ਹਨ। ਇਨ੍ਹਾਂ ਸਾਰੇ ਵਿਭਾਗਾਂ ਨੂੰ 31 ਜੁਲਾਈ ਤੋਂ 8 ਅਗਸਤ ਤੱਕ ਵੱਖ-ਵੱਖ ਬੈਠਕਾਂ ਵਿਚ ਬੁਲਾਇਆ ਗਿਆ ਹੈ ਅਤੇ ਸਾਰੇ ਅੰਕੜੇ ਲੈ ਕੇ ਪਹੁੰਚਣ ਲਈ ਕਿਹਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਾਰੇ ਵਿਭਾਗਾਂ ਨੂੰ ਅੱਧਾ-ਅੱਧਾ ਘੰਟਾ ਸਮਾਂ ਦਿੱਤਾ ਗਿਆ ਹੈ। ਵਿੱਤ ਵਿਭਾਗ ਵਲੋਂ ਜੋ ਮੁੱਖ ਜਾਣਕਾਰੀ ਮੰਗੀ ਗਈ ਹੈ, ਉਸ ਵਿਚ ਭੱਤਿਆਂ ਦਾ ਨਾਮ, ਕਰਮਚਾਰੀਆਂ ਦੀ ਕੈਟੇਗਰੀ ਜਿਨ੍ਹਾਂ ਨੂੰ ਭੱਤਾ ਮਿਲ ਰਿਹਾ ਹੈ, ਕਰਮਚਾਰੀਆਂ ਦੀ ਸੰਖਿਆ, 5ਵੇਂ ਵਿੱਤ ਕਮਿਸ਼ਨ ਦੇ ਅਨੁਸਾਰ ਭੱਤਿਆਂ ਦੀ ਰਕਮ ਅਤੇ ਭੱਤਿਆਂ ਨਾਲ ਪੈਣ ਵਾਲਾ ਕੁੱਲ ਵਿੱਤੀ ਬੋਝ ਸ਼ਾਮਲ ਹੈ। ਸਾਰੇ ਵਿਭਾਗਾਂ ਨੂੰ ਜਾਣਕਾਰੀ ਦੀ ਸੂਚੀ ਨਾਲ ਲਿਆਉਣ ਲਈ ਕਿਹਾ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਵਿੱਤ ਵਿਭਾਗ ਦੇ ਅਧਿਕਾਰੀ ਵਲੋਂ ਦੱਸਿਆ ਗਿਆ ਕਿ ਭੱਤਿਆਂ ਦੀ ਏਨੀ ਜ਼ਿਆਦਾ ਗਿਣਤੀ ਨੂੰ ਘੱਟ ਕਰਨ ਲਈ ਪਿਛਲੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ। 9 ਜਨਵਰੀ, 2021 ਨੂੰ ਪਹਿਲੀ ਵਾਰ ਭੱਤਿਆਂ ਨਾਲ ਸਬੰਧਿਤ ਜਾਣਕਾਰੀ ਮੰਗੀ ਗਈ ਸੀ ਅਤੇ ਉਸ ਤੋਂ ਬਾਅਦ ਕਈ ਵਾਰ ਪੱਤਰ ਭੇਜੇ ਗਏ, ਪਰ ਮਾਮਲਾ ਅਧੂਰਾ ਹੀ ਰਿਹਾ। ਹੁਣ ਸਾਰੇ ਵਿਭਾਗਾਂ ਨੂੰ ਸਬੰਧਿਤ ਜਾਣਕਾਰੀ ਲੈ ਕੇ ਸਿੱਧੇ ਮੀਟਿੰਗ ਦੇ ਲਈ ਹੀ ਬੁਲਾਇਆ ਗਿਆ ਹੈ।