ਭਾਰਤੀ ਇਲਾਕੇ ’ਚ ਦਾਖਲ ਹੋਇਆ ਡਰੋਨ ਖੇਮਕਰਨ ਨੇੜੇ ਡਿੱਗਿਆ
21 ਕਰੋੜ ਦੀ ਹੈਰੋਇਨ ਬਰਾਮਦ
ਅੰਮਿ੍ਰਤਸਰ/ਬਿਊਰੋ ਨਿਊਜ਼
ਪੰਜਾਬ ਪੁਲਿਸ ਦੇ ਨਾਲ ਮਿਲ ਕੇ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜਵਾਨਾਂ ਨੇ ਅੱਜ ਸੋਮਵਾਰ ਸਵੇਰੇ ਇਕ ਡਰੋਨ ਨੂੰ ਜ਼ਬਤ ਕੀਤਾ ਅਤੇ ਨਾਲ ਹੀ 21 ਕਰੋੜ ਰੁਪਏ ਦੀ ਹੈਰੋਇਨ ਵੀ ਬਰਾਮਦ ਕੀਤੀ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਇਹ ਸਫਲਤਾ ਤਰਨਤਾਰਨ ਜ਼ਿਲ੍ਹੇ ਦੇ ਖੇਮਕਰਨ ਸੈਕਟਰ ਵਿਚ ਮਿਲੀ ਹੈ। ਬੀਐਸਐਫ ਦੇ ਜਵਾਨਾਂ ਨੇ ਖੇਮਕਰਨ ਇਲਾਕੇ ਵਿਚ ਜਦੋਂ ਡਰੋਨ ਦੀ ਹਲਚਲ ਦੇਖੀ ਤਾਂ ਉਨ੍ਹਾਂ ਪੰਜਾਬ ਪੁਲਿਸ ਨਾਲ ਵੀ ਸੰਪਰਕ ਕੀਤਾ। ਜਦੋਂ ਦੋਵਾਂ ਟੀਮਾਂ ਦੇ ਜਵਾਨਾਂ ਨੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਤਾਂ ਇਨ੍ਹਾਂ ਨੇ ਖੇਤਾਂ ਵਿਚ ਡਿੱਗੇ ਇਕ ਡਰੋਨ ਨੂੰ ਜ਼ਬਤ ਕੀਤਾ ਅਤੇ ਨਾਲ ਹੀ ਉਸ ਨਾਲ ਬੰਨੀ ਹੋਈ ਹੈਰੋਇਨ ਦੀ ਖੇਪ ਵੀ ਬਰਾਮਦ ਹੋਈ ਹੈ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ 21 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬੀਐਸਐਫ ਦੇ ਜਵਾਨਾਂ ਵਲੋਂ ਜੁਲਾਈ ਮਹੀਨੇ ਵਿਚ ਜ਼ਬਤ ਕੀਤਾ ਗਿਆ ਇਹ ਪੰਜਵਾਂ ਡਰੋਨ ਹੈ। ਇਸ ਦੇ ਚੱਲਦਿਆਂ ਇਸੇ ਮਹੀਨੇ ਜਵਾਨਾਂ ਨੇ 9.5 ਕਿਲੋਗਰਾਮ ਹੈਰੋਇਨ ਦੀ ਖੇਪ ਨੂੰ ਵੀ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ।