ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਤੋਂ ਬਾਅਦ 191 ਥਾਣਿਆਂ ਦੇ ਮੁਨਸ਼ੀ ਬਦਲੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਦਾ ਜੜ੍ਹ ਤੋਂ ਖ਼ਾਤਮਾ ਕਰਨ ਦੇ ਮੰਤਵ ਨਾਲ ਤਹਿਸੀਲਦਾਰਾਂ ਦੇ ਤਬਾਦਲਿਆਂ ਤੋਂ ਬਾਅਦ ਹੁਣ 191 ਥਾਣਿਆਂ ਦੇ ਮੁਨਸ਼ੀਆਂ ਦੇ ਤਬਾਦਲੇ ਕਰ ਦਿੱਤੇ ਹਨ।
ਇਸਦੇ ਨਾਲ ਹੀ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਮੁਨਸ਼ੀ ਦੋ ਸਾਲ ਤੋਂ ਵੱਧ ਇੱਕ ਥਾਣੇ ਵਿੱਚ ਨਹੀਂ ਰਹਿ ਸਕੇਗਾ। ਇਹ ਖੁਲਾਸਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਤਿੰਨ ਸਾਲਾਂ ਤੋਂ ਭ੍ਰਿਸ਼ਟਾਚਾਰ ਵਿਰੁੱਧ ਜੰਗ ਲੜ ਰਹੀ ਹੈ।
‘ਆਪ’ ਸਰਕਾਰ ਨੇ ਲਗਾਤਾਰ ਵੱਡੀ ਗਿਣਤੀ ‘ਚ ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਹੈ। ਕਈਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਸਰਕਾਰ ਭ੍ਰਿਸ਼ਟਾਚਾਰ, ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਇੱਕੋ ਸਮੇਂ ਕਾਰਵਾਈ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਹਾਲ ਹੀ ਵਿਚ ਸਰਕਾਰ ਨੂੰ ਕੁਝ ਸ਼ਿਕਾਇਤਾਂ ਮਿਲੀਆਂ ਸਨ ਕਿ ਪੰਜਾਬ ਦੇ ਕਈ ਥਾਣਿਆਂ ਦੇ ਮੁਨਸ਼ੀ 15-20 ਸਾਲ ਤੋਂ ਇਕ ਹੀ ਥਾਣੇ ਵਿੱਚ ਹਨ।
ਇਸ ਕਾਰਨ ਭ੍ਰਿਸ਼ਟਾਚਾਰ ‘ਚ ਵਾਧਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਜਦੋਂਕਿ ਐੱਸਐੱਚਓ, ਡੀਐੱਸਪੀ ਅਤੇ ਉਨ੍ਹਾਂ ਤੋਂ ਉੱਪਰਲੇ ਅਫ਼ਸਰਾਂ ਦੇ ਅਕਸਰ ਤਬਾਦਲੇ ਕੀਤੇ ਜਾਂਦੇ ਹਨ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ 191 ਪੁਲਿਸ ਥਾਣਿਆਂ ਦੇ ਮੁਨਸ਼ੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ਤੋਂ ਇਲਾਵਾ ਇੱਕ ਥਾਣੇ ਵਿੱਚ ਮੁਨਸ਼ੀ ਦੀ ਸਮਾਂ ਸੀਮਾ ਵੱਧ ਤੋਂ ਵੱਧ ਦੋ ਸਾਲ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਭ੍ਰਿਸ਼ਟਾਚਾਰ ਦੀਆਂ ਰਿਪੋਰਟਾਂ ਮਿਲਣਗੀਆਂ, ਪੰਜਾਬ ਸਰਕਾਰ ਉੱਥੇ ਸਖ਼ਤ ਕਾਰਵਾਈ ਕਰੇਗੀ।