Breaking News
Home / ਕੈਨੇਡਾ / ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੇ ਮਨਾਇਆ ਕੈਨੇਡਾ ਡੇਅ

ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੇ ਮਨਾਇਆ ਕੈਨੇਡਾ ਡੇਅ

ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਸੈਂਡਲਵੁੱਡ ਸੀਨੀਅਰ ਕਲੱਬ ਦੇ ਬਜ਼ੁਰਗਾਂ ਨੇ ਲੰਘੇ ਸ਼ਨਿਚਰਵਾਰ ਰਲ-ਮਿਲ ਕੇ ਇਸ ਨਵੀਂ ਧਰਤੀ ਤੇ ਆਪਣੇ ਦੇਸ਼ ਕੈਨੇਡਾ ਦਾ ਦਿਵਸ, ‘ਕਨੇਡਾ ਡੇ’ ਮਨਾਇਆ। ਉਨ੍ਹਾਂ ਇਸ ਦਿਨ ਜਿਥੇ ਕੈਨੇਡਾ ਅਤੇ ਆਪਣੇ ਸ਼ਹਿਰ ਬਰੈਂਪਟਨ ਦੇ ਇਤਿਹਾਸ ‘ਤੇ ਝਾਤ ਮਾਰੀ, ਨਾਲ ਹੀ ਵਧੀਆ ਚਾਹ-ਪਾਣੀ ਦਾ ਆਨੰਦ ਵੀ ਮਾਣਿਆ। ਇਲਾਕੇ ਦੇ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਅਮਰਜੋਤ ਸੰਧੂ ਅਤੇ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਨੇ ਇਸ ਪ੍ਰੋਗਰਾਮ ਵਿਚ ਖਾਸ ਤੌਰ ‘ਤੇ ਸ਼ਿਰਕਤ ਕੀਤੀ।
ਕਲੱਬ ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਗਰੇਵਾਲ ਨੇ ਬਰੈਂਪਟਨ ਸ਼ਹਿਰ ਦੇ ਇਤਿਹਾਸ ਦੇ ਝਾਤੀ ਮਾਰਦਿਆਂ ਦੱਸਿਆ ਕਿ ਪਹਿਲਾਂ ਪਹਿਲ 1829 ਅਤੇ 1831 ਵਿਚ ਇੰਗਲੈਂਡ ਵਿਚਲੇ ਆਪਣੇ ਸ਼ਹਿਰ ਬਰੈਂਪਟਨ ਤੋਂ ਜੌਹਨ ਇਲੀਅਟ ਅਤੇ ਵਿਲੀਅਮ ਲਾਅਸਨ ਆ ਕੇ ਇਥੇ ਵਸੇ ਅਤੇ ਸ਼ਹਿਰ ਨੂੰ ਅਪਣੇ ਪੁਰਾਣੇ ਸ਼ਹਿਰ ਦਾ ਨਾ ਦਿੱਤਾ। ਇਹ ਥਾਂ ਬੱਫੀ ਨੁੱਕਰ ਦੇ ਨਾ ਨਾਲ ਜਾਣਿਆਂ ਜਾਂਦਾ ਸੀ ਅਤੇ ਮੁੱਖ ਤੌਰ ‘ਤੇ ਖੇਤੀ ਪ੍ਰਧਾਨ ਸੀ। ਇਸ ਸਮੇਂ ਇਸ ਦੇ 18 ਵਸਨੀਕ ਸਨ। 1848 ਵਿਚ ਇਸ ਇਲਾਕੇ ਦੀ ਯੋਜਨਾ ਤਿਆਰ ਕੀਤੀ ਗਈ ਅਤੇ ਕੈਨੇਡਾ ਦੇ ਅੱਜ ਤੋਂ 154 ਸਾਲ ਪਹਿਲਾਂ ਦੇਸ਼ ਬਣਨ ਸਮੇਂ ਇਥੇ ਕੁਝ ਘਰ, ਕਾਰਖਾਨੇ ਸਟੋਰ ਅਤੇ ਹੋਰ ਦਫਤਰ ਬਣ ਚੁੱਕੇ ਸਨ। ਜਦ ਇਥੇ 1000 ਦੀ ਅਬਾਦੀ ਹੋ ਗਈ ਤਾਂ 1853 ਵਿਚ ਪਹਿਲੀ ਕੌਂਸਲ ਬਣੀ ਅਤੇ 1856 ਵਿਚ ਰੇਲ ਲਾਈਨ ਆਈ, ਸਕੂਲ ਬਣਿਆਂ ਅਤੇ ਫਾਇਰ ਬਰਗੇਡ ਦੀ ਸੇਵਾ ਸ਼ੁਰੂ ਹੋ ਗਈ। 1863 ਤੱਕ ਇਸ ਥਾਂ ਬਣੇ ਵੱਡੇ ਗਰੀਨ ਹਾਊਸਾਂ ਵਿਚ ਉਗਾਏ ਫੁੱਲ ਬਾਹਰ ਭੇਜੇ ਜਾਣ ਲੱਗੇ, ਜਿਸ ਕਾਰਨ ਇਸ ਨੂੰ ਫੁੱਲਾਂ ਦਾ ਸ਼ਹਿਰ ਕਿਹਾ ਜਾਣ ਲੱਗਾ।
ਪ੍ਰਧਾਨ ਰਣਜੀਤ ਸਿੰਘ ਜੋਸ਼ਨ ਨੇ ਸਾਰੇ ਆਏ ਮੈਂਬਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਕਲੱਬ ਵਲੋਂ ਬਜ਼ੁਰਗਾਂ ਦੇ ਮਨੋਰੰਜਨ ਲਈ ਕੀਤੇ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਦੱਸਿਆ। ਐਮ ਪੀ ਪੀ ਅਮਰਜੋਤ ਸੰਧੂ ਅਤੇ ਐਮ ਪੀ ਕਮਲ ਖਹਿਰਾ ਨੇ ਮੈਂਬਰਾਂ ਵਲੋਂ ਕੋਵਿਡ ਦੇ ਕਹਿਰ, ਬਰੈਂਪਟਨ ਵਿਚ ਕਾਰਾਂ ਦੇ ਬੀਮੇ ਦੇ ਵੱਧ ਰੇਟ, ਬੁਢਾਪਾ ਘਰਾਂ ਵਿਚ ਲੋੜੀਂਦੇ ਪ੍ਰਬੰਧਾਂ ਦੀ ਘਾਟ ਅਤੇ ਸਿਹਤ ਸੇਵਾਵਾਂ ਸਬੰਧੀ ਉਠਾਏ ਗਏ ਸੁਆਲਾਂ ਦੇ ਜੁਆਬ ਦਿੱਤੇ। ਇਸ ਮੌਕੇ ਕਲੱਬ ਵਲੋਂ ਐਮ ਪੀ ਪੀ ਅਮਰਜੋਤ ਸੰਧੂ, ਐਮ ਪੀ ਕਮਲ ਖਹਿਰਾ ਅਤੇ ਡਾ. ਬਲਜਿੰਦਰ ਸਿੰਘ ਸੇਖੋਂ ਦਾ ਸਨਮਾਨ ਕੀਤਾ ਗਿਆ ਅਤੇ ਪਲੈਕ ਦਿੱਤੇ ਗਏ। ਪ੍ਰੋਗਰਾਮ ਦੀ ਸਟੇਜ ਦੀ ਜਿੰਮੇਵਾਰੀ ਜਨਰਲ ਸਕੱਤਰ ਅਵਿਨਾਸ਼ ਭਾਰਦਵਾਜ ਨੇ ਬਾਖੂਬੀ ਨਿਭਾਈ।
ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਮੀਤ ਪ੍ਰਧਾਨ ਹਰਕੋਮਲ ਸਿੰਘ ਧਾਲੀਵਾਲ, ਜੁਆਇੰਟ ਸਕੱਤਰ ਦਰਸ਼ਨ ਸਿੰਘ ਦਰਾੜ ਤੇ ਖਜ਼ਾਨਚੀ ਮਹਿਮਾਂ ਸਿੰਘ ਧਾਲੀਵਾਲ ਦਾ ਵਧੀਆ ਯੋਗਦਾਨ ਰਿਹਾ। ਕਲੱਬ ਬਾਰੇ ਹੋਰ ਜਾਣਕਾਰੀ ਲਈ ਪ੍ਰਧਾਨ ਰਣਜੀਤ ਸਿੰਘ ਜੋਸ਼ਨ (647 444 2005) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …