ਬਰੈਂਪਟਨ/ਡਾ. ਝੰਡ : ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਨਾਲ ਜੂਝਦਿਆਂ ਹੋਇਆਂ ਇਸ ਦਾ ਸੰਤਾਪ ਹੰਢਾ ਕੇ ਆਮ ਜੀਵਨ ਜੀਅ ਰਹੀ ਜੈਗ ਤੱਖ਼ਰ ਨੇ ਪਿਛਲੇ ਦਿਨੀਂ ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ ਸ਼ੁੱਕਰਵਾਰ ਵਾਲੇ ਸੀਨੀਅਰਜ਼ ਗਰੁੱਪ ਵਿਚ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕੈਂਸਰ ਬੇਸ਼ਕ ਭਿਆਨਕ ਬੀਮਾਰੀ ਹੈ ਪਰ ਜੇਕਰ ਇਸ ਦਾ ਸਮੇਂ ਸਿਰ ਇਲਾਜ ਹੋ ਜਾਏ ਤਾਂ ਮਰੀਜ਼ ਤੰਦਰੁਸਤ ਹੋ ਕੇ ਆਮ ਮਨੁੱਖ ਵਾਂਗ ਆਪਣਾ ਜੀਵਨ ਜੀਅ ਸਕਦਾ ਹੈ।
ਇਸ ਦੇ ਵਿਸਥਾਰ ਵਿਚ ਜਾਂਦਿਆਂ ਬੀਬੀ ਤੱਖ਼ਰ ਨੇ ਦੱਸਿਆ ਕਿ ਕਿਵੇਂ ਉਹ ਇਸ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਗਈ ਅਤੇ ਬ੍ਰੈੱਸਟ ਕੈਂਸਰ ਦਾ ਇਲਾਜ ਇਸ ਦੀਆਂ ਅਸਹਿ ਪੀੜਾਂ ਜਰ ਕੇ ਕਰਵਾਇਆ। ਇਸ ਦੇ ਇਕ ਖ਼ਾਸ ਨੁਕਤੇ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਸਲ ਵਿਚ ਇਸ ਦਾ ਇਲਾਜ ਮਰੀਜ਼ ਨੇ ਖ਼ੁਦ ਕਰਨਾ ਹੁੰਦਾ ਹੈ, ਜਿਵੇਂ ਕਿ ਜਦੋਂ ਉਨ੍ਹਾਂ ਦਾ ਇਕ ਨਿੱਪਲ ਥੋੜ੍ਹਾ ਜਿਹਾ ਲੀਕ ਕਰਨ ਪਿਆ ਤਾਂ ਉਨ੍ਹਾਂ ਨੇ ਆਪਣੇ ਡਾਕਟਰ ਨੂੰ ਇਸ ਦੀ ਠੀਕ ਤਰ੍ਹਾਂ ਜਾਂਚ-ਪੜਤਾਲ ਕਰਨ ਲਈ ਬੇਨਤੀ ਕੀਤੀ ਪਰ ਡਾਕਟਰ ਨੇ ਅਣਗਹਿਲੀ ਕੀਤੀ ਅਤੇ ਇਸ ਵੱਲ ਕੋਈ ਗੌਰ ਨਾ ਕੀਤਾ।
ਨਤੀਜੇ ਵਜੋਂ, ਕੁਝ ਚਿਰ ਬਾਅਦ ਸਰਜਰੀ ਕਰਕੇ ਛਾਤੀ ਨੂੰ ਅਲਹਿਦਾ ਕਰਨਾ ਪਿਆ ਜਿਸ ਤੋਂ ਇਹ ਸਬਕ ਮਿਲਿਆ ਕਿ ਮਰੀਜ਼ ਆਪਣੇ ਸਰੀਰ ਬਾਰੇ ਸੱਭ ਤੋਂ ਵਧੇਰੇ ਜਾਣਦਾ ਹੁੰਦਾ ਹੈ ਅਤੇ ਉਸ ਨੂੰ ਡਾਕਟਰ ਕੋਲ ਜਾਣ ਸਮੇਂ ਜ਼ੋਰ ਦੇ ਕੇ ਆਪਣੇ ਦੁੱਖ/ਤਕਲੀਫ਼ ਦੀ ਪੂਰੀ ਪੜਤਾਲ ਕਰਵਾਉਣੀ ਚਾਹੀਦੀ ਹੈ।
ਜੈਗ ਤੱਖਰ ਹੁਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਆਪਣਾ ਤਜਰਬਾ ਦੂਸਰਿਆਂ ਲੋਕਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਦੁਸ਼ਵਾਰੀਆਂ ਤੋਂ ਬਚੇ ਰਹਿਣ ਜੋ ਉਨ੍ਹਾਂ ਨੂੰ ਖ਼ੁਦ ਝੱਲਣੀਆਂ ਪਈਆਂ ਹਨ।
ਉਨ੍ਹਾਂ ਨੇ ਹੁਣ ਆਪਣੀ ਜ਼ਿੰਦਗੀ ਦਾ ਉਦੇਸ਼ ਹੀ ਬਣਾ ਲਿਆ ਹੈ ਕਿ ਉਹ ਕੈਂਸਰ ਦੀ ਬੀਮਾਰੀ ਸਬੰਧੀ ਲੋਕਾਂ ਵਿਚ ਚੇਤਨਤਾ ਪੈਦਾ ਕਰਨਗੇ ਅਤੇ ਇਸ ਨੂੰ ਅੱਗੇ ਫ਼ੈਲਾਉਣ ਲਈ ਉਨ੍ਹਾਂ ਨੇ ਇਕ ਕਿਤਾਬਚਾ Now is the Time : Self-Advocacy ਵੀ ਲਿਖਿਆ ਅਤੇ ਛਪਵਾਇਆ ਹੈ ਤਾਂ ਜੋ ਮਰੀਜ਼ ਆਪਣੀ ਬੀਮਾਰੀ ਦੀ ਵਕਾਲਤ ਆਪ ਕਰਨ। ਇਹ ਕਿਤਾਬਚਾ ਉਹ ਲੋਕਾਂ ਵਿਚ ਖ਼ੁਦ ਵੰਡਦੇ ਹਨ ਅਤੇ ਇਹ ਕਿਤਾਬਚਾ ‘ਐਮਾਜ਼ੋਨ’ ‘ਤੇ ਵੀ ਉਪਲੱਭਧ ਹੈ। ਉਨ੍ਹਾਂ ਦਾ ਇਹ ਮੰਨਣਾ ਹੈ ਕਿ ਬੀਮਾਰੀ ਦੌਰਾਨ ਅਤੇ ਫਿਰ ਤੰਦਰੁਸਤ ਹੋ ਕੇ ਇਹ ਲੋਕਾਂ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਜੈਗ ਤੱਖ਼ਰ ਹੁਰਾਂ ਬਾਰੇ ਜਾਣ-ਪਛਾਣ ਗਰੁੱਪ ਦੇ ਕੋਆਰਡੀਨੇਟਰ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਕਰਵਾਈ।
ਗਰੁੱਪ ਦੇ ਮੈਂਬਰਾਂ ਗੁਰਜੀਤ ਕੌਰ ਧਾਲੀਵਾਲ, ਬਲਜੀਤ ਕੌਰ, ਮਨਜੀਤ ਕੌਰ, ਰਾਜਿੰਦਰ ਸਿੰਘ ਸਰੋਏ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਹੋਇਆਂ ਬੁਲਾਰੇ ਜੈਗ ਤੱਖਰ ਕੋਲੋਂ ਕਈ ਸੁਆਲ ਵੀ ਪੁੱਛੇ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਤਸੱਲੀਪੂਰਵਕ ਦਿੱਤੇ ਗਏ। ਇਸ ਦੌਰਾਨ ਯੱਸ਼ ਦੱਤਾ ਵੱਲੋਂ ਇਕ ਗੀਤ ਗਾ ਕੇ ਉਨ੍ਹਾਂ ਦੀ ਹੌਸਲਾ ਹਫ਼ਜ਼ਾਈ ਕੀਤੀ ਗਈ। ਮੈਡਮ ਤੱਖਰ ਦੇ ਵਿਚਾਰਾਂ ਨੂੰ ਗਰੁੱਪ ਮੈਂਬਰਾਂ ਨੂੰ ਬੜੀ ਸੰਜੀਦਗੀ ਨਾਲ ਸੁਣਿਆ ਗਿਆ ਅਤੇ ਪ੍ਰਬੰਧਕਾਂ ਨੂੰ ਭਵਿੱਖ ਵਿਚ ਅਜਿਹੇ ਲੈੱਕਚਰ ਜਾਰੀ ਰੱਖਣ ਲਈ ਬੇਨਤੀ ਕੀਤੀ ਗਈ।