ਭਾਰਤ ਸਰਕਾਰ ਦੇ ਦਖਲ ਤੋਂ ਬਾਅਦ ਹੀ ਰਿਹਾਈ ਹੋਈ ਸੰਭਵ
ਨਵੀਂ ਦਿੱਲੀ : ਕਤਰ ਨੇ ਕਥਿਤ ਜਾਸੂਸੀ ਦੇ ਆਰੋਪ ਤਹਿਤ ਜੇਲ੍ਹ ਵਿੱਚ ਬੰਦ ਅੱਠ ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਰਿਹਾਅ ਕਰ ਦਿੱਤਾ ਹੈ।
ਇਨ੍ਹਾਂ ਜਲ ਸੈਨਿਕਾਂ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਭਾਰਤ ਸਰਕਾਰ ਦੇ ਦਖ਼ਲ ਮਗਰੋਂ ਇਸ ਨੂੰ ਕੈਦ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਰਿਹਾਅ ਕੀਤੇ ਜਲ ਸੈਨਿਕਾਂ ਵਿਚੋਂ ਸੱਤ ਦੇਸ਼ ਪਰਤ ਆਏ ਹਨ। ਸਾਬਕਾ ਜਲ ਸੈਨਿਕਾਂ ‘ਤੇ ਕਥਿਤ ਜਾਸੂਸੀ ਦਾ ਦੋਸ਼ ਸੀ ਪਰ ਕਤਰੀ ਪ੍ਰਸ਼ਾਸਨ ਜਾਂ ਨਵੀਂ ਦਿੱਲੀ ਵਿਚੋਂ ਕਿਸੇ ਨੇ ਵੀ ਦੋਸ਼ਾਂ ਨੂੰ ਜਨਤਕ ਨਹੀਂ ਕੀਤਾ। ਇਨ੍ਹਾਂ ਸਾਬਕਾ ਜਲ ਸੈਨਿਕਾਂ ਨੂੰ ਅਗਸਤ 2022 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਕਤਰ ਵੱਲੋਂ ਲਏ ਫੈਸਲੇ ਦੀ ਸ਼ਲਾਘਾ ਕਰਦਾ ਹੈ, ਜਿਸ ਨਾਲ ਭਾਰਤੀਆਂ ਦੀ ਜੇਲ੍ਹ ‘ਚੋਂ ਰਿਹਾਈ ਤੇ ਘਰ ਵਾਪਸੀ ਸੰਭਵ ਹੋ ਸਕੀ।
ਉਧਰ ਵੱਖ ਵੱਖ ਸਿਆਸੀ ਪਾਰਟੀਆਂ ਨੇ ਭਾਰਤੀਆਂ ਦੀ ਕਤਰ ਦੀ ਜੇਲ੍ਹ ‘ਚੋਂ ਰਿਹਾਈ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਸਾਬਕਾ ਜਲ ਸੈਨਿਕਾਂ ਦਾ ਘਰ ਵਾਪਸੀ ‘ਤੇ ਸਵਾਗਤ ਕੀਤਾ ਹੈ। ਮੰਤਰਾਲੇ ਨੇ ਕਿਹਾ, ”ਭਾਰਤ ਸਰਕਾਰ ਦਾਹਰਾ ਗਲੋਬਲ ਕੰਪਨੀ ਲਈ ਕੰਮ ਕਰਦੇ ਅੱਠ ਭਾਰਤੀ ਨਾਗਰਿਕਾਂ, ਜਿਨ੍ਹਾਂ ਨੂੰ ਕਤਰ ਵਿਚ ਹਿਰਾਸਤ ‘ਚ ਲੈ ਲਿਆ ਗਿਆ ਸੀ, ਦੀ ਰਿਹਾਈ ਦਾ ਸਵਾਗਤ ਕਰਦੀ ਹੈ।” ਮੰਤਰਾਲੇ ਨੇ ਸੰਖੇਪ ਬਿਆਨ ਵਿਚ ਕਿਹਾ, ”ਇਨ੍ਹਾਂ ਅੱਠ ਭਾਰਤੀਆਂ ਵਿਚੋਂ ਸੱਤ ਜਣੇ ਭਾਰਤ ਪਰਤ ਆਏ ਹਨ। ਅਸੀਂ ਕਤਰ ਵੱਲੋਂ ਲਏ ਫੈਸਲੇ ਦਾ ਸਵਾਗਤ ਕਰਦੇ ਹਾਂ ਜਿਸ ਨਾਲ ਭਾਰਤੀ ਨਾਗਰਿਕਾਂ ਦੀ ਰਿਹਾਈ ਤੇ ਘਰ ਵਾਪਸੀ ਸੰਭਵ ਹੋ ਸਕੀ।”
ਭਾਰਤ ਲਈ ਬਹੁਤ ਵੱਡੀ ਕੂਟਨੀਤਕ ਜਿੱਤ: ਭਾਜਪਾ
ਭਾਜਪਾ ਤਰਜਮਾਨ ਸ਼ਾਜ਼ੀਆ ਇਲਮੀ ਨੇ ਕਿਹਾ, ”ਇਹ ਭਾਰਤ ਲਈ ਵੱਡੀ ਕੂਟਨੀਤਕ ਜਿੱਤ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਨੇ ਕਿਵੇਂ ਗੱਲਬਾਤ ਕੀਤੀ ਤੇ ਸਾਨੂੰ ਸਾਡੇ ਸਾਬਕਾ ਜਲਸੈਨਿਕ ਵਾਪਸ ਮਿਲ ਗਏ।” ਇਲਮੀ ਨੇ ਕਿਹਾ, ”ਇਕ ਵੇਲੇ ਇਹ ਕਾਰਜ ਬਹੁਤ ਮੁਸ਼ਕਲ ਲੱਗਦਾ ਸੀ। ਪਰ ਉਹ ਸਹੀ ਸਲਾਮਤ ਦੇਸ਼ ਪਰਤ ਆਏ ਹਨ। ਇਹ ਹਰ ਭਾਰਤੀ ਲਈ ਬਹੁਤ ਵੱਡੀ ਖ਼ਬਰ ਹੈ। ਸਾਫ਼ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਤੇ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਦੀ ਕਹੀ ਗੱਲ ਦੀ ਕਿੰਨੀ ਵੁੱਕਤ ਹੈ।” ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਖ਼ੁਸ਼ੀ ਦੇ ਪਲ ਹਨ ਤੇ ਆਪਣੇ ਨਾਗਰਿਕਾਂ ਨੂੰ ਕਿਸੇ ਵੀ ਕੀਮਤ ‘ਤੇ ਬਚਾਉਣ ਦੀ ਮੋਦੀ ਸਰਕਾਰ ਦੀ ਗੰਭੀਰਤਾ ਤੇ ਯੋਗਤਾ ਵਿੱਚ ਯਕੀਨ ਨੂੰ ਹੋਰ ਪੱਕਿਆਂ ਕਰਦੇ ਹਨ।
ਰਾਹਤ ਤੇ ਖ਼ੁਸ਼ੀ ਦੇ ਇਸ ਮੌਕੇ ਪੂਰੇ ਦੇਸ਼ ਨਾਲ ਹਾਂ : ਕਾਂਗਰਸ
ਕਾਂਗਰਸ ਨੇ ਵੀ ਭਾਰਤੀ ਨਾਗਰਿਕਾਂ ਦੀ ਕਤਰ ਦੀ ਜੇਲ੍ਹ ‘ਚੋਂ ਰਿਹਾਈ ‘ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਰਾਹਤ ਤੇ ਖੁਸ਼ੀ ਦੇ ਇਸ ਮੌਕੇ ‘ਤੇ ਪੂਰੇ ਦੇਸ਼ ਦੇ ਨਾਲ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ”ਉਹ (ਰਿਹਾਅ ਕੀਤੇ) ਭਾਰਤ ਨਾਗਰਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਭੇਜਦੇ ਹਨ।” ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ, ”ਇਹ ਸਾਰੇ ਭਾਰਤੀਆਂ ਲਈ ਵੱਡੀ ਰਾਹਤ ਤੇ ਜਸ਼ਨ ਦਾ ਮੌਕਾ ਹੈ ਕਿ ਸਾਡੇ ਅੱਠ ਹਮਵਤਨ, ਜਿਨ੍ਹਾਂ ਨੂੰ ਕਤਰ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਨੂੰ ਰਿਹਾਅ ਕਰ ਦਿੱਤਾ ਗਿਆ ਤੇ ਉਹ ਦੇਸ਼ ਪਰਤ ਆਏ ਹਨ।