Breaking News
Home / ਜੀ.ਟੀ.ਏ. ਨਿਊਜ਼ / ਦੁਨੀਆ ‘ਚ ਸ਼ਾਂਤੀ ਦੂਤ ਵਜੋਂ ਜਾਣੀ ਜਾਂਦੀ ਮਲਾਲਾ ਬਣੀ ਕੈਨੇਡਾ ਵਾਸੀ

ਦੁਨੀਆ ‘ਚ ਸ਼ਾਂਤੀ ਦੂਤ ਵਜੋਂ ਜਾਣੀ ਜਾਂਦੀ ਮਲਾਲਾ ਬਣੀ ਕੈਨੇਡਾ ਵਾਸੀ

ਓਟਵਾ/ਬਿਊਰੋ ਨਿਊਜ਼ : ਤਾਲਿਬਾਨੀਆਂ ਦੀ ਗੋਲੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਆਪਣੇ ਸਿਰੜ ਸਦਕਾ ਜਿਊਂਦੀ ਬਚ ਜਾਣ ਵਾਲੀ ਤੇ ਨਿੱਕੀ ਉਮਰ ਵਿੱਚ ਹੀ ਸ਼ਾਂਤੀ ਲਈ ਨੋਬਲ ਪ੍ਰਾਈਜ਼ ਜਿੱਤਣ ਵਾਲੀ ਮਲਾਲਾ ਯੂਸਫਜ਼ਈ ਆਖਰਕਾਰ ਕੈਨੇਡਾ ਦੀ ਆਨਰੇਰੀ ਨਾਗਰਿਕ ਬਣ ਹੀ ਗਈ। ਮਲਾਲਾ ਨੂੰ ਕੈਨੇਡੀਅਨ ਨਾਗਰਿਕਤਾ ਦੇਣ ਮੌਕੇ ਪਾਰਲੀਮੈਂਟ ਵਿਚ ਜਿੱਥੇ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨੇ ਰਸਮੀ ਨਾਗਰਿਕਤਾ ਪਹਿਚਾਣ ਪੱਤਰ ਸੌਂਪਦਿਆਂ ਮਲਾਲਾ ਨੂੰ ਵਧਾਈ ਦਿੱਤੀ, ਉਥੇ ਸਮੁੱਚੇ ਹਾਊਸ ਨੇ ਤਾੜੀਆਂ ਨਾਲ ਉਸਦਾ ਸਵਾਗਤ ਕੀਤਾ। ਇਸ ਖਾਸ ਮੌਕੇ ਉਸ ਨੇ ਆਸ, ਦ੍ਰਿੜ ਇਰਾਦਿਆਂ ਤੇ ਪ੍ਰੇਰਣਾ ਦਾ ਸੁਨੇਹਾ ਦਿੱਤਾ।
ਮਲਾਲਾ ਨੇ ਕੈਨੇਡੀਅਨ ਪਰਿਵਾਰ ਵਿੱਚ ਸ਼ਾਮਲ ਹੋਣ ਉਪਰੰਤ ਪਾਰਲੀਮੈਂਟ ਹਿੱਲ ਤੋਂ ਦਿੱਤੇ ਆਪਣੇ ਭਾਸ਼ਣ ਵਿੱਚ ਆਖਿਆ ਕਿ ਕੈਨੇਡਾ ਨੂੰ ਵਿਸ਼ਵ-ਵਿਆਪੀ ਪੱਧਰ ਉੱਤੇ ਅਗਵਾਈ ਕਰਦਿਆਂ ਵਧੇਰੇ ਲੜਕੀਆਂ ਨੂੰ ਸਕੂਲ ਜਾ ਕੇ ਸਿੱਖਿਆ ਹਾਸਲ ਕਰਨ ਦੇ ਮਾਮਲੇ ਵਿੱਚ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਪਾਰਲੀਮੈਂਟ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਮਲਾਲਾ ਨੇ ਆਖਿਆ ਕਿ ਉਸ ਨੂੰ ਪਤਾ ਹੈ ਕਿ ਉਹ ਕਿੱਥੇ ਖੜ੍ਹੀ ਹੈ ਤੇ ਜੇ ਉਹ ਸਾਰੇ ਵੀ ਉਸ ਨਾਲ ਖੜ੍ਹੇ ਹੋ ਜਾਣ ਤਾਂ ਅਗਲੇ ਸਾਲ ਤੱਕ ਹੀ ਹਰੇਕ ਬੱਚੀ ਨੂੰ ਸਕੂਲ ਭੇਜਣ ਦੇ ਸੁਪਨੇ ਨੂੰ ਸੱਚ ਕੀਤਾ ਜਾ ਸਕਦਾ ਹੈ।
19 ਸਾਲਾ ਮਲਾਲਾ ਨੇ ਕੈਨੇਡਾ ਨੂੰ ਲੜਕੀਆਂ ਦੀ ਸਿੱਖਿਆ ਨੂੰ ਅਗਲੇ ਸਾਲ ਹੋਣ ਜਾ ਰਹੇ ਜੀ-7 ਮੁਲਕਾਂ ਦੇ ਸਿਖਰ ਸੰਮੇਲਨ ਦਾ ਕੇਂਦਰੀ ਮੁੱਦਾ ਬਣਾਉਣ ਦੀ ਮੰਗ ਵੀ ਕੀਤੀ। ਅਸਲ ਵਿੱਚ ਮਲਾਲਾ ਨੂੰ ਇਹ ਸਨਮਾਨ ਸਾਬਕਾ ਕੰਸਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਦਿੱਤਾ ਜਾਣਾ ਸੀ। ਪਿਛਲੀ ਵਾਰੀ ਜਦੋਂ ਕੈਨੇਡਾ ਨੇ ਜੀ-7 ਦੀ ਅਗਵਾਈ ਕੀਤੀ ਸੀ ਤਾਂ ਸਰਕਾਰ ਦਾ ਧਿਆਨ ਔਰਤਾਂ ਤੇ ਲੜਕੀਆਂ ਦੀ ਸਿਹਤ ਉੱਤੇ ਹੀ ਕੇਂਦਰਿਤ ਸੀ ਤੇ ਮਲਾਲਾ ਨੂੰ ਉਸ ਸਮੇਂ ਹਾਰਪਰ ਸਰਕਾਰ ਵੱਲੋਂ ਸਨਮਾਨਿਤ ਕਰਨ ਦਾ ਫੈਸਲਾ ਵੀ ਕੀਤਾ ਗਿਆ ਸੀ। ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਪਹਿਲਾਂ ਹਾਰਪਰ ਸਰਕਾਰ ਵੱਲੋਂ 22 ਅਕਤੂਬਰ, 2014 ਨੂੰ ਮਲਾਲਾ ਨੂੰ ਇਹ ਸਨਮਾਨ ਦਿੱਤਾ ਜਾਣਾ ਸੀ ਪਰ ਉਸ ਦਿਨ ਇੱਕ ਬੰਦੂਕਧਾਰੀ ਨੇ ਪਾਰਲੀਮੈਂਟ ਹਿੱਲ ਵਿੱਚ ਦਾਖਲ ਹੋ ਕੇ ਤਬਾਹੀ ਮਚਾਈ ਸੀ। ਮਲਾਲਾ ਨੇ ਆਖਿਆ ਕਿ ਪਾਰਲੀਮੈਂਟ ਹਿੱਲ ਉੱਤੇ ਹਮਲਾ ਕਰਨ ਵਾਲਾ ਖੁਦ ਨੂੰ ਮੁਸਲਮਾਨ ਅਖਵਾਉਂਦਾ ਸੀ ਪਰ ਉਸ ਦਾ ਸਾਡੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਡੇਢ ਬਿਲੀਅਨ ਮੁਸਲਮਾਨ, ਜਿਹੜੇ ਦੁਨੀਆ ਭਰ ਵਿੱਚ ਸ਼ਾਂਤੀ ਨਾਲ ਰਹਿ ਰਹੇ ਹਨ, ਉਨ੍ਹਾਂ ਨਾਲ ਵੀ ਉਸ ਦਾ ਕੋਈ ਵਾਹ ਵਾਸਤਾ ਨਹੀਂ ਸੀ। ਸਾਡੇ ਧਰਮ ਵਿੱਚ ਸਿੱਖਿਆ, ਰਹਿਮ ਤੇ ਦਿਆ ਦਾ ਪਾਠ ਪੜ੍ਹਾਇਆ ਜਾਂਦਾ ਹੈ। ਉਸ ਨੇ ਆਖਿਆ ਕਿ ਉਹ ਵੀ ਇੱਕ ਮੁਸਲਮਾਨ ਹੈ ਪਰ ਜਦੋਂ ਇਸਲਾਮ ਦੇ ਨਾਂ ਉੱਤੇ ਕੋਈ ਬੰਦੂਕ ਚੁੱਕਦਾ ਹੈ ਤੇ ਮਾਸੂਮ ਲੋਕਾਂ ਦੀ ਜਾਨ ਲੈਂਦਾ ਹੈ ਤਾਂ ਫਿਰ ਉਹ ਮੁਸਲਮਾਨ ਨਹੀਂ ਰਹਿੰਦਾ। ਜਦੋਂ ਮਲਾਲਾ ਇਹ ਭਾਸ਼ਣ ਦੇ ਰਹੀ ਸੀ ਤਾਂ ਉਸ ਦੇ ਮਾਪੇ ਵੀ ਉੱਥੇ ਹੀ ਬੈਠੇ ਸਨ। ਮਲਾਲਾ ਨੇ ਆਖਿਆ “ਉਸ ਬੰਦੂਕਧਾਰੀ ਵਿੱਚ ਵੀ ਉਹੀ ਨਫਰਤ ਦੀ ਅੱਗ ਮਘ ਰਹੀ ਸੀ ਜਿਹੜੀ ਉਸ ਹਮਲਾਵਰ ਦੇ ਅੰਦਰ ਸੀ ਜਿਸਨੇ ਕਿਊਬਿਕ ਦੀ ਮਸਜਿਦ ਨੂੰ ਜਨਵਰੀ ਵਿੱਚ ਆਪਣਾ ਨਿਸ਼ਾਨਾ ਬਣਾਇਆ, ਤਿੰਨ ਹਫਤੇ ਪਹਿਲਾਂ ਜਿਸ ਨੇ ਲੰਡਨ ਵਿੱਚ ਆਮ ਨਾਗਰਿਕਾਂ ਤੇ ਪੁਲਿਸ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰਿਆ, ਪੇਸ਼ਾਵਰ ਵਿੱਚ ਪਾਕਿਸਤਾਨ ਦੇ ਆਰਮੀ ਪਬਲਿਕ ਸਕੂਲ ਦੇ 132 ਬੱਚਿਆਂ ਦੀ ਜਿਨ੍ਹਾਂ ਜਾਨ ਲਈ ਤੇ ਜਿਸ ਨੇ ਮੈਨੂੰ ਆਪਣਾ ਨਿਸ਼ਾਨਾ ਬਣਾਇਆ। ਇਹ ਸਾਰੇ ਬੱਸ ਮਨੁੱਖਤਾ ਨੂੰ ਨਫਰਤ ਕਰਨ ਵਾਲੇ ਹਨ। ਮਲਾਲਾ ਨੇ ਆਪਣੇ ਭਾਸ਼ਣ ਵਿੱਚ ਕੈਨੇਡਾ ਦੀਆਂ ਸਿਫਤਾਂ ਵੀ ਕੀਤੀਆਂ।
ਇਸ ਦੌਰਾਨ ਹਾਰਪਰ ਨੇ ਇੱਕ ਬਿਆਨ ਵਿੱਚ ਆਖਿਆ ਕਿ ਮਲਾਲਾ ਨਾ ਸਿਰਫ ਲੜਕੀਆਂ ਤੇ ਔਰਤਾਂ ਲਈ ਦ੍ਰਿੜ ਇਰਾਦਿਆਂ ਦੀ ਪ੍ਰਤੀਕ ਹੈ ਸਗੋਂ ਸਾਡੇ ਸਾਰਿਆਂ ਲਈ ਹੀ ਉਹ ਪ੍ਰੇਰਣਾ ਦਾ ਸਰੋਤ ਹੈ। ਉਸ ਵਿੱਚ ਕੈਨੇਡੀਅਨ ਹੋਣ ਦੇ ਸਾਰੇ ਗੁਣ ਮੌਜੂਦ ਹਨ। ਮਲਾਲਾ ਦੀ ਕਮਾਲ ਦੀ ਕਹਾਣੀ ਤੇ ਅਣਥੱਕ ਮਿਹਨਤ ਨੇ ਨਾ ਸਿਰਫ ਕਈ ਮਿਲੀਅਨ ਲੜਕੀਆਂ ਨੂੰ ਆਪਣੇ ਹੱਕ ਲਈ ਖੜ੍ਹੇ ਹੋਣ ਦੀ ਪ੍ਰੇਰਣਾ ਦਿੱਤੀ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਉਸਦੇ ਹੌਸਲੇ ਦਾ ਪ੍ਰਭਾਵ ਰਹੇਗਾ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …