0.7 C
Toronto
Wednesday, January 7, 2026
spot_img
Homeਪੰਜਾਬਘੱਲੂਘਾਰਾ ਯਾਦਗਾਰੀ ਸ਼ਹੀਦੀ ਸਮਾਗਮ

ਘੱਲੂਘਾਰਾ ਯਾਦਗਾਰੀ ਸ਼ਹੀਦੀ ਸਮਾਗਮ

ਦੋ ਜਥੇਦਾਰਾਂ ਨੇ ਪੜ੍ਹਿਆ ਕੌਮ ਦੇ ਨਾਂ ਸੰਦੇਸ਼
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੰਦ ਕਮਰੇ ‘ਚ ਤੇ ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਫਸੀਲ ਦੇ ਥੱਲੇ ਥੜ੍ਹੇ ‘ਤੇ ਖੜ੍ਹ ਕੇ ਕੌਮ ਨੂੰ ਸੰਬੋਧਨ ਕੀਤਾ
ਗਿਆਨੀ ਗੁਰਬਚਨ ਸਿੰਘ ਨੂੰ ਰੋਕਣ ਲਈ ਹੋਈ ਨਾਅਰੇਬਾਜ਼ੀ, ਧਿਆਨ ਸਿੰਘ ਮੰਡ ਨੂੰ ਸੁਣਨ ਲਈ ਪੁੱਟ ਦਿੱਤੇ ਸ਼੍ਰੋਮਣੀ ਕਮੇਟੀ ਦੇ ਸਪੀਕਰ
ਅੰਮ੍ਰਿਤਸਰ : ਘੱਲੂਘਾਰਾ ਯਾਦਗਾਰੀ ਸ਼ਹੀਦੀ ਸਮਾਗਮ ਵਿਚ ਸਮੂਹ ਪੰਥਕ ਧਿਰਾਂ ਨੇ ਵੱਡੀ ਗਿਣਤੀ ਵਿਚ ਜਿੱਥੇ ਸ਼ਿਰਕਤ ਕੀਤੀ ਉਥੇ ਥੋੜ੍ਹੀ ਬਹੁਤ ਤਕਰਾਰ ਤੇ ਖਿੱਚਧੂਹ ਨੂੰ ਜੇਕਰ ਅਣਦੇਖਿਆ ਕਰ ਦਿੱਤਾ ਜਾਵੇ ਤਾਂ ਇਸ ਵਾਰ ਸ਼ਹੀਦੀ ਸਮਾਗਮ ਪੁਰਅਮਨ ਸੰਪਨ ਹੋ ਗਿਆ। ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਿਆ ਤੇ ਫਿਰ ਅਰਦਾਸ ਹੋਈ। ਫਿਰ ਜਿਵੇਂ ਹੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਪੜ੍ਹਨਾ ਸ਼ੁਰੂ ਕੀਤਾ ਤਾਂ ਕੁਝ ਪੰਥਕ ਧਿਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ। ਇੰਝ ਗਿਆਨੀ ਗੁਰਬਚਨ ਸਿੰਘ ਨੇ ਬੰਦ ਕਮਰੇ ‘ਚੋਂ ਹੀ ਕੌਮ ਦੇ ਨਾਂ ਸੰਦੇਸ਼ ਪੜ੍ਹਿਆ। ਜਦੋਂਕਿ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਫਸੀਲ ਦੇ ਹੇਠਾਂ ਬਣੇ ਥੜ੍ਹੇ ‘ਤੇ ਖਲੋ ਕੇ ਹੀ ਕੌਮ ਦੇ ਨਾਂ ਆਪਣਾ ਸੰਦੇਸ਼ ਦਿੱਤਾ।
ਜ਼ਿਕਰਯੋਗ ਹੈ ਕਿ ਜਦੋਂ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਂ ਸੁਨੇਹਾ ਪੜ੍ਹਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਰੋਕਣ ਲਈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਸੰਗਤ ਵਿਚੋਂ ਕੁਝ ਦੂਜੀਆਂ ਪੰਥਕ ਧਿਰਾਂ ਦੇ ਸਮਰਥਕਾਂ ਨੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ। ਪਰ ਦੂਜੇ ਜਦੋਂ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਾਹਰ ਗਲਿਆਰੇ ‘ਚ ਥੜ੍ਹੇ ‘ਤੇ ਖਲੋ ਕੇ ਆਪਣਾ ਸੁਨੇਹਾ ਪੜ੍ਹਨਾ ਸ਼ੁਰੂ ਕੀਤਾ ਤਦ ਐਸਜੀਪੀਸੀ ਦੇ ਕੁਝ ਸਮਰਥਕਾਂ ਨੇ ਜਿੱਥੇ ਵਿਰੋਧ ਵਜੋਂ ਹਲਕੀ ਫੁਲਕੀ ਨਾਅਰੇਬਾਜ਼ੀ ਕੀਤੀ ਉਥੇ ਭਾਈ ਮੰਡ ਨੂੰ ਸੁਣਨ ਦੀਆਂ ਇੱਛੁਕ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਾਰ-ਵਾਰ ਅਪੀਲ ਕੀਤੀ ਕਿ ਗਲਿਆਰੇ ਵਿਚ ਚੱਲ ਰਹੀ ਗੁਰਬਾਣੀ ਦੀ ਆਵਾਜ਼ ਨੂੰ ਥੋੜ੍ਹਾ ਘੱਟ ਕਰ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਜਾਣ ਬੁੱਝ ਕੇ ਜਥੇਦਾਰ ਮੰਡ ਦੇ ਸੰਬੋਧਨ ਮੌਕੇ ਤੇਜ਼ ਕੀਤੀ ਗਈ ਹੈ। ਜਦੋਂ ਸ਼੍ਰੋਮਣੀ ਕਮੇਟੀ ਨੇ ਸਪੀਕਰਾਂ ਦੀ ਆਵਾਜ਼ ਘੱਟ ਨਾ ਕੀਤੀ ਤਾਂ ਰੋਹ ਵਿਚ ਆਏ ਕੁਝ ਨੌਜਵਾਨਾਂ ਨੇ ਐਸਜੀਪੀਸੀ ਦੇ ਸਪੀਕਰ ਹੀ ਉਖਾੜ ਦਿੱਤੇ, ਜਿਸ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹੁੱਲੜਬਾਜ਼ੀ ਕਰਾਰ ਦਿੱਤਾ।
ਦਰਬਾਰ ਸਾਹਿਬ ‘ਚ ਹੁੱਲ੍ਹੜਬਾਜ਼ੀ ਚੰਗੀ ਨਹੀਂ : ਪ੍ਰੋ. ਬਡੂੰਗਰ
ਅੰਮ੍ਰਿਤਸਰ : ਵਿਰੋਧ ਕਰਨ ਵਾਲਿਆਂ ਪ੍ਰਤੀ ਐਸਜੀਪੀਸੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਨਰਾਜ਼ਗੀ ਪ੍ਰਗਟ ਕੀਤੀ ਹੈ।  ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਹੁਲੜਬਾਜ਼ੀ ਕਰਨ ਦੀ ਕੀਤੀ ਕੋਸ਼ਿਸ਼ ਬਹੁਤ ਮੰਦਭਾਗੀ ਗੱਲ ਹੈ। ਬਡੂੰਗਰ ਨੇ ਅਜਿਹੀਆਂ ਹਰਕਤਾਂ ਨੂੰ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਢਾਹ ਲਾਉਣ ਵਾਲੀਆਂ ਦੱਸਿਆ।

RELATED ARTICLES
POPULAR POSTS