Breaking News
Home / ਪੰਜਾਬ / ਚਮੋਲੀ ਦੇ ਗੁਰਦੁਆਰਾ ‘ਚ ਅਦਾ ਕੀਤੀ ਨਮਾਜ਼

ਚਮੋਲੀ ਦੇ ਗੁਰਦੁਆਰਾ ‘ਚ ਅਦਾ ਕੀਤੀ ਨਮਾਜ਼

ਜੋਸ਼ੀ ਮੱਠ : ਇਹੀ ਹੈ ਹਿੰਦੁਸਤਾਨ ਦੀ ਗੰਗਾ-ਯਮੁਨਾ ਤਹਿਜ਼ੀਬ, ਜਿਸ ਦੀ ਮਿਸਾਲ ਈਦ ਉਲ ਅਜ਼ਹਾ ਦੇ ਮੌਕੇ ‘ਤੇ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਜੋਸ਼ੀ ਮੱਠ ਨਗਰ ਵਿਚ ਵੇਖਣ ਨੂੰ ਮਿਲੀ। ਸ਼ਨੀਵਾਰ ਨੂੰ ਜੋਸੀ ਮੱਠ ਦੇ ਗਾਂਧੀ ਮੈਦਾਨ ਵਿਚ ਈਦ ਦੀ ਨਮਾਜ਼ ਅਦਾ ਹੋਣੀ ਸੀ। ਲਗਾਤਾਰ ਹੋ ਰਹੀ ਬਾਰਿਸ਼ ਦੇ ਚੱਲਦੇ ਮੈਦਾਨ ਨੱਕੋ-ਨੱਕ ਪਾਣੀ ਨਾਲ ਭਰ ਗਿਆ। ਅਜਿਹੇ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਅਤੇ ਸਦਭਾਵਨਾ ਦੀ ਮਿਸਾਲ ਕਾਇਮ ਕਰਦੇ ਹੋਏ ਗੁਰਦੁਆਰੇ ‘ਚ ਨਮਾਜ਼ ਅਦਾ ਕਰਵਾਈ ਗਈ। ਸਾਲ 2012 ਵਿਚ ਵੀ ਬਾਰਿਸ਼ ਦੌਰਾਨ ਇਸੇ ਗੁਰਦੁਆਰੇ ਵਿਚ ਈਦ ਦੀ ਨਮਾਜ਼ ਅਦਾ ਹੋਈ ਸੀ। ਚਮੋਲੀ ਜ਼ਿਲ੍ਹੇ ਵਿਚ ਕਈ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਅਜਿਹੇ ਵਿਚ ਜੋਸ਼ੀ ਮੱਠ ਦਾ ਗਾਂਧੀ ਮੈਦਾਨ ਤਲਾਬ ਬਣਿਆ ਹੋਇਆ ਹੈ। ਖੇਤਰ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਜੋਸ਼ੀ ਮੱਠ ਦੇ ਇਸੇ ਮੈਦਾਨ ਵਿਚ ਈਦ ਦੀ ਨਮਾਜ਼ ਅਦਾ ਕਰਦੇ ਹਨ। ਸ਼ਨੀਵਾਰ ਨੂੰ ਵੀ ਈਦ ਉਲ ਅਜ਼ਹਾ ਦੀ ਨਮਾਜ਼ ਅਦਾ ਕਰਨ ਲਈ ਮੁਸਲਿਮ ਭਾਈਚਾਰੇ ਦੇ ਸੌ ਤੋਂ ਜ਼ਿਆਦਾ ਵਿਅਕਤੀ ਗਾਂਧੀ ਮੈਦਾਨ ਪੁੱਜੇ। ਗਾਂਧੀ ਮੈਦਾਨ ਕੋਲ ਸਥਿਤ ਗੁਰਦੁਆਰੇ ਤੋਂ ਗੁਰਦੁਆਰਾ ਪ੍ਰਬੰਧਕ ਬੂਟਾ ਸਿੰਘ ਨੇ ਜਦੋਂ ਇਹ ਸਥਿਤੀ ਵੇਖੀ ਤਾਂ ਉਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗੁਰਦੁਆਰੇ ਦੇ ਸਭਾ ਹਾਲ ਵਿਚ ਨਮਾਜ਼ ਅਦਾ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਗੁਰਦੁਆਰੇ ਦੇ ਸਭਾ ਹਾਲ ਵਿਚ ਨਮਾਜ਼ ਅਦਾ ਕੀਤੀ। ਨਮਾਜ਼ ਇਮਾਮ ਕਾਰੀ ਮੁਹੰਮਦ ਮੋਹਸੀਨ ਨੇ ਅਦਾ ਕਰਵਾਈ। ਇਸ ਦੌਰਾਨ ਸਿੱਖ ਅਤੇ ਹਿੰਦੂ ਭਰਾਵਾਂ ਨੇ ਵੀ ਗੁਰਦੁਆਰੇ ਦੇ ਸਭਾ ਹਾਲ ਪਹੁੰਚ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਸਾਰੇ ਇਕ ਦੂਜੇ ਦੇ ਗਲੇ ਮਿਲੇ ਅਤੇ ਮਠਿਆਈ ਤੇ ਸੇਵੀਆਂ ਖੁਆ ਕੇ ਮੂੰਹ ਮਿੱਠਾ ਕੀਤਾ। ਇਸ ਮੌਕੇ ਆਪਣੀ ਤਕਰੀਰ ਵਿਚ ਇਮਾਮ ਕਾਰੀ ਮੁਹੰਮਦ ਮੋਹਸੀਨ ਨੇ ਕਿਹਾ ਕਿ ਜਦੋਂ ਵੀ ਮੁਸਲਿਮ ਭਾਈਚਾਰੇ ਦੇ ਸਾਹਮਣੇ ਦਿੱਕਤਾਂ ਆਉਂਦੀਆਂ ਹਨ ਤਾਂ ਹਿੰਦੂ ਤੇ ਸਿੱਖ ਭਰਾ ਹਰ ਵੇਲੇ ਉਨ੍ਹਾਂ ਦੇ ਸਹਿਯੋਗ ਲਈ ਤਿਆਰ ਰਹਿੰਦੇ ਹਨ। ਮੁਸਲਿਮ ਵੀ ਆਪਣਾ ਫਰਜ਼ ਨਿਭਾਉਣ ਤੋਂ ਕਦੇ ਵੀ ਪਿੱਛੇ ਨਹੀਂ ਹਟਦੇ। ਉਹਨਾਂ ਕਿਹਾ ਕਿ ਇਸ ਸਰਹੱਦੀ ਖੇਤਰ ਵਿਚ ਲੋਕ ਭਾਵੇਂ ਉਹ ਕਿਸੇ ਵੀ ਭਾਈਚਾਰੇ ਦੇ ਚੋਣ, ਪਿਆਰ, ਸਦਭਾਵਨਾ ਅਤੇ ਸ਼ਾਂਤੀ ਦੇ ਸਿਵਾਏ ਕੁਝ ਹੋਰ ਨਹੀਂ ਜਾਣਦੇ। ਇਥੋਂ ਦੇ ਲੋਕ ਦੇਸ਼ ਦੁਨੀਆ ਨੂੰ ਹਮੇਸ਼ਾ ਮਨੁੱਖਤਾ ਦਾ ਸੰਦੇਸ਼ ਦਿੰਦੇ ਰਹੇ ਹਨ। ਮੁਸਲਿਮ ਕਮੇਟੀ ਦੇ ਪ੍ਰਧਾਨ ਮੋਹਸੀਨ ਮੁਹੰਮਦ ਅਲੀ ਨੇ ਕਿਹਾ ਕਿ ਇੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਰਲ-ਮਿਲ ਕੇ ਰਹਿੰਦੇ ਹਨ ਅਤੇ ਇਕ ਦੂਜੇ ਦੇ ਤਿਉਹਾਰਾਂ ਮੌਕੇ ਸਦਭਾਵਨਾ ਦੀ ਮਿਸਾਲ ਪੇਸ਼ ਕਰਦੇ ਹਨ। ਗੁਰਦੁਆਰਾ ਜੋਸ਼ੀ ਮੱਠ ਦੇ ਪ੍ਰਬੰਧਕ ਸਰਦਾਰ ਬੂਟਾ ਸਿੰਘ ਨੇ ਕਿਹਾ ਕਿ ਗੁਰੂ ਨੂੰ ਪ੍ਰਾਪਤ ਕਰਨ ਦਾ ਤਰੀਕਾ ਭਲੇ ਹੀ ਸਾਰਿਆਂ ਦਾ ਵੱਖਰਾ-ਵੱਖਰਾ ਹੈ, ਪਰ ਗੁਰੂ ਤਾਂ ਸਾਰਿਆਂ ਦਾ ਇਕੋ ਹੀ ਹੈ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …