Breaking News
Home / ਪੰਜਾਬ / ਪਰਾਲੀ ਸਮੱਸਿਆ ਦੇ ਹੱਲ ਲਈ ਲੱਗਣਗੇ 4-5 ਸਾਲ : ਗਰਗ

ਪਰਾਲੀ ਸਮੱਸਿਆ ਦੇ ਹੱਲ ਲਈ ਲੱਗਣਗੇ 4-5 ਸਾਲ : ਗਰਗ

ਪੰਜਾਬ ਸਰਕਾਰ ਨੇ ਸਮੱਸਿਆ ਦੇ ਹੱਲ ਲਈ ਮਿੱਥਿਆ 2024 ਤੱਕ ਦਾ ਟੀਚਾ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੀ ‘ਆਪ’ ਸਰਕਾਰ ਲਈ ਝੋਨੇ ਦਾ ਇਹ ਪਲੇਠਾ ਸੀਜ਼ਨ ਹੈ ਅਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਜਿੱਥੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਉੱਥੇ ਹੀ ਇਸ ਮਸਲੇ ਨਾਲ ਬਹੁਤ ਨੇੜਿਉਂ ਜੁੜੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਕਹਿਣਾ ਹੈ ਕਿ ਫਸਲੀ ਵੰਨ-ਸੁਵੰਨਤਾ ਪਰਾਲੀ ਸਾੜੇ ਦੀ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਹੈ ਤੇ ਇਸ ਸਮੱਸਿਆ ਨਾਲ ਪੂਰੀ ਤਰ੍ਹਾਂ ਨਜਿੱਠਣ ਲਈ ਚਾਰ ਤੋਂ ਪੰਜ ਸਾਲ ਦਾ ਸਮਾਂ ਲੱਗੇਗਾ।
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕਰੁਣੇਸ਼ ਗਰਗ ਨੇ ਕਿਹਾ ਕਿ ਪਰਾਲੀ ਸਾੜਨ ਦੀ ਸਮੱਸਿਆ ਨਾਲ ਮੁਕੰਮਲ ਤੌਰ ‘ਤੇ ਨਜਿੱਠਣ ਲਈ ਰਾਜ ਸਰਕਾਰ ਵਧੇਰੇ ਸੰਜੀਦਾ ਹੈ ਤੇ ਇਸ ਲਈ ਬਾਕਾਇਦਾ ਖਾਕਾ ਵੀ ਤਿਆਰ ਕੀਤਾ ਗਿਆ ਹੈ। ਸਰਕਾਰ ਵੱਲੋਂ ਉਲੀਕੇ ਗਏ ਖਾਕੇ ਤਹਿਤ 2024 ਦੇ ਅੰਤ ਤੱਕ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠ ਲਿਆ ਜਾਵੇਗਾ ਤੇ ਸਰਕਾਰ ਦੀ ਪੂਰੀ ਕੋਸ਼ਿਸ਼ ਵੀ ਹੈ ਕਿ ਮਿੱਥਿਆ ਟੀਚਾ ਹਾਸਲ ਕਰ ਲਿਆ ਜਾਵੇ। ਇਸ ਲਈ ਵਧੇਰੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸੰਜੀਦਾ ਮਸਲਾ ਹੈ ਤੇ ਇਸ ਸਮੱਸਿਆ ਨਾਲ ਨਜਿੱਠਣ ‘ਚ ਚਾਰ ਤੋਂ ਪੰਜ ਸਾਲਾਂ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਇਸ ਸਮੱਸਿਆ ਨਾਲ ਨਜਿੱਠਣ ਲਈ ਜਿੱਥੇ ਕੁਝ ਨਵੇਂ ਪ੍ਰੋਗਰਾਮ ਉਲੀਕੇ ਗਏ ਹਨ, ਉਥੇ ਹੀ ਪਹਿਲਾਂ ਤੋਂ ਜਾਰੀ ਪ੍ਰੋਗਰਾਮਾਂ ਅਤੇ ਨੀਤੀਆਂ ‘ਚ ਵਾਧਾ ਵੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੇ ਪੈਮਾਨੇ ਦਾ ਪਤਾ ਲਗਾਉਣ ਲਈ ਖੇਤਾਂ ਵਿੱਚ ਪਰਾਲੀ ਨੂੰ ਲਾਈ ਜਾਂਦੀ ਅੱਗ ਦੀਆਂ ਘਟਨਾਵਾਂ ਦੀ ਗਿਣਤੀ ਨੂੰ ਆਧਾਰ ਮੰਨ ਕੇ ਚੱਲਣਾ ਵਾਜਬ ਢੰਗ ਨਹੀਂ ਹੈ ਕਿਉਂਕਿ ਕਿਤੇ ਇੱਕ ਏਕੜ ਨੂੰ ਲੱਗੀ ਅੱਗ ਨੂੰ ਇੱਕ ਮੰਨਿਆ ਜਾ ਸਕਦਾ ਹੈ ਤੇ ਕਿਤੇ ਇੱਕ ਏਕੜ ਥਾਂ ‘ਚ ਹੀ ਕਈ ਥਾਈਂ ਅੱਗ ਲਾਈ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਹਰ ਸਾਲ ਹੋਰ ਬਾਰੀਕੀ ਨਾਲ ਕੰਮ ਕੀਤਾ ਜਾ ਰਿਹਾ ਹੈ। ਬਲਾਕ ਅਤੇ ਪਿੰਡ ਪੱਧਰ ਤੱਕ ਵੀ ਪਹੁੰਚ ਬਣਾਈ ਜਾ ਰਹੀ ਹੈ। ਝੋਨੇ ਹੇਠਾਂ ਰਕਬਾ ਘਟਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਸਰਕਾਰ ਵੱਲੋਂ ਬਾਇਓਮਾਸ ਪਾਵਰ ਪਲਾਂਟ ਵੀ ਲਾਏ ਜਾ ਰਹੇ ਹਨ।
ਪਰਾਲੀ ਦੀ ਸਾਂਭ ਸੰਭਾਲ ਲਈ ਵਧੇਰੇ ਸਬਸਿਡੀ ‘ਤੇ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ। ਫਸਲੀ ਵਿਭਿੰਨਤਾ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਿੱਧੀ ਬਿਜਾਈ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਰਕਾਰ ਨੇ ਤਾਂ ਕਿਸਾਨਾ ਨੂੰ ਪਰਾਲੀ ਨਾ ਸਾੜਨ ਲਈ ਵਿੱਤੀ ਮਦਦ ਦੇਣ ਦੀ ਯੋਜਨਾ ਵੀ ਲਿਆਂਦੀ ਸੀ। ਜੇਕਰ ਪ੍ਰੋਗਰਾਮ ਮਿਥੇ ਅਨੁਸਾਰ ਚੱਲਦਾ ਰਿਹਾ ਤਾਂ ਕੋਈ ਵੱਡੀ ਗੱਲ ਨਹੀਂ ਕਿ 2024 ਤੱਕ ਹੀ ਟੀਚਾ ਪੂਰਾ ਕਰ ਲਿਆ ਜਾਵੇ, ਨਹੀਂ ਤਾਂ ਵੱਧ ਤੋਂ ਵੱਧ 4 ਤੋਂ 5 ਸਾਲਾਂ ਅੰਦਰ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ‘ਤੇ ਮੁਕੰਮਲ ਰੂਪ ‘ਚ ਕਾਬੂ ਪਾ ਲਿਆ ਜਾਵੇਗਾ।

Check Also

ਸਾਬਕਾ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਅਤੇ ਮੀਤ ਹੇਅਰ ਵੱਲੋਂ ਕੀਤਾ ਗਿਆ ਸਵਾਗਤ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ …