Breaking News
Home / ਪੰਜਾਬ / ਜੱਲ੍ਹਿਆਂਵਾਲਾ ਬਾਗ ਵਿਚਲੀਆਂ ਖਾਮੀਆਂ ਦੂਰ ਕਰਨ ਲਈ ਕੇਂਦਰੀ ਟੀਮ ਕਰੇਗੀ ਦੌਰਾ

ਜੱਲ੍ਹਿਆਂਵਾਲਾ ਬਾਗ ਵਿਚਲੀਆਂ ਖਾਮੀਆਂ ਦੂਰ ਕਰਨ ਲਈ ਕੇਂਦਰੀ ਟੀਮ ਕਰੇਗੀ ਦੌਰਾ

ਕੇਂਦਰ ਸਰਕਾਰ ਨੂੰ ਸੌਂਪੀ ਜਾਵੇਗੀ ਰਿਪੋਰਟ; ਕੇਂਦਰੀ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰਾਲੇ ਨੇ ਪੱਤਰ ਭੇਜ ਕੇ ਦਿੱਤੀ ਜਾਣਕਾਰੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਮਾਹਿਰਾਂ ਦੀ ਇਕ ਟੀਮ ਛੇਤੀ ਹੀ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਦਾ ਦੌਰਾ ਕਰਕੇ ਇੱਥੇ ਮੌਜੂਦ ਖਾਮੀਆਂ ਦਾ ਪਤਾ ਲਾਏਗੀ ਤੇ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਦੇਵੇਗੀ ਤਾਂ ਜੋ ਇਨ੍ਹਾਂ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ। ਇਹ ਖੁਲਾਸਾ ਕੇਂਦਰੀ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਗੋਵਿੰਦ ਮੋਹਨ ਵੱਲੋਂ ਕੀਤਾ ਗਿਆ ਹੈ।
ਕੇਂਦਰੀ ਵਿਭਾਗ ਦੇ ਸਕੱਤਰ ਨੇ ਇਸ ਸਬੰਧ ਵਿੱਚ ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਯਾਦਗਾਰੀ ਟਰੱਸਟ ਦੇ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੂੰ ਇੱਕ ਪੱਤਰ ਭੇਜਿਆ ਹੈ। 29 ਸਤੰਬਰ ਨੂੰ ਭੇਜੇ ਗਏ ਇਸ ਪੱਤਰ ਵਿੱਚ ਸਕੱਤਰ ਨੇ ਦੱਸਿਆ ਹੈ ਕਿ ਜਲਦੀ ਹੀ ਮਾਹਿਰਾਂ ਦੀ ਇੱਕ ਟੀਮ ਇਤਿਹਾਸਕ ਬਾਗ ‘ਚ ਖ਼ਾਮੀਆਂ ਸਬੰਧੀ ਜਾਇਜ਼ਾ ਲੈਣ ਆਵੇਗੀ ਤੇ ਬਾਗ਼ ਦੇ ਸੁੰਦਰੀਕਰਨ ਮਗਰੋਂ ਦਰਜ ਕਰਵਾਏ ਗਏ ਇਤਰਾਜ਼ਾਂ ਬਾਰੇ ਜਾਂਚ ਕਰੇਗੀ। ਉਨ੍ਹਾਂ ਦੱਸਿਆ ਕਿ ਅਜਿਹੇ ਇਤਰਾਜ਼ਾਂ ਵਾਲੇ ਮਾਮਲਿਆਂ ‘ਚੋਂ ਕੁਝ ਮਾਮਲੇ ਹੱਲ ਵੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਪੰਜਾਬੀ ਤੇ ਗੁਰਮੁਖੀ ਦੀਆਂ ਗ਼ਲਤੀਆਂ ਅਤੇ ਇਤਿਹਾਸਕ ਖੂਹ ਦੇ ਨੇੜੇ ਪੈਸੇ ਸੁੱਟਣ ਵਾਲਾ ਰਾਹ ਬੰਦ ਕਰਨਾ ਸ਼ਾਮਲ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਮਾਹਿਰਾਂ ਦੀ ਟੀਮ ਦੇ ਦੌਰੇ ਤੋਂ ਬਾਅਦ ਖਾਮੀਆਂ ਸਬੰਧੀ ਜੋ ਰਿਪੋਰਟ ਤਿਆਰ ਹੋਵੇਗੀ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਇਸ ਸਬੰਧ ਵਿੱਚ ਕੁਝ ਦਿਨ ਪਹਿਲਾਂ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਵੱਲੋਂ ਵਿਭਾਗ ਨੂੰ ਇਕ ਪੱਤਰ ਭੇਜ ਕੇ ਮੌਜੂਦਾ ਖਾਮੀਆਂ ਅਤੇ ਉਨ੍ਹਾਂ ਬਾਰੇ ਹੋ ਰਹੇ ਇਤਰਾਜ਼ ਬਾਰੇ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਨੇ ਇੱਥੇ ਪੰਜਾਬੀ ਅਤੇ ਗੁਰਮੁਖੀ ਵਿੱਚ ਲਿਖੀਆਂ ਸਤਰਾਂ ਵਿੱਚ ਗਲਤੀਆਂ ਦੀ ਸ਼ਿਕਾਇਤ ਵੀ ਕੀਤੀ ਸੀ। ਇਸ ਮੌਕੇ ਜੱਲ੍ਹਿਆਂਵਾਲਾ ਬਾਗ ਵਿੱਚ ਗੋਲੀਆਂ ਚਲਾਉਣ ਵਾਲੇ ਸਥਾਨ ਨੂੰ ਪ੍ਰਦਰਸ਼ਿਤ ਕਰਦੇ ਥੰਮ੍ਹ ਨੂੰ ਮੁੜ ਸਥਾਪਤ ਕਰਨ ਦੀ ਮੰਗ ਕੀਤੀ ਗਈ ਸੀ। ਇਸ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰ ਹੈਰੀਟੇਜ (ਇੰਟਕ) ਦੀ ਟੀਮ ਵੱਲੋਂ ਇੱਥੇ ਪੰਜਾਬੀ ਵਿੱਚ ਲੱਗੇ ਸਾਈਨ ਬੋਰਡਾਂ ਵਿੱਚ ਗਲਤੀਆਂ ਦਾ ਮੁੱਦਾ ਉਭਾਰਿਆ ਸੀ। ਇੰਟਕ ਦੇ ਪੰਜਾਬ ਦੇ ਕਨਵੀਨਰ ਪ੍ਰੋ. ਸੁਖਦੇਵ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਇੱਥੇ ਸਾਈਨ ਬੋਰਡਾਂ ਵਿੱਚ ਗ਼ਲਤੀਆਂ ਹੋਣ ਕਾਰਨ ਇਨ੍ਹਾਂ ਦਾ ਮਤਲਬ ਬਿਲਕੁਲ ਉਲਟ ਗਿਆ ਹੈ। ਇਸ ਮੌਕੇ ਸ਼ਹੀਦਾਂ ਦੀ ਗਿਣਤੀ ਤੇ ਨਾਵਾਂ ਨੂੰ ਦਰਸਾਉਂਦਾ ਇੱਕ ਕੰਧ ਬੋਰਡ ਬਣਾਉਣ ਦੀ ਅਪੀਲ ਵੀ ਕੀਤੀ ਗਈ ਸੀ।
ਇਸ ਦੇ ਨਾਲ ਹੀ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ ਯਾਦਗਾਰ ਦੇ ਮੁੱਖ ਦੁਆਰ ਦਾ ਅਸਲ ਰੂਪ ਬਦਲ ਦੇਣ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜੱਲ੍ਹਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਮੌਕੇ ਬਾਗ਼ ਦੀ ਨਵਉਸਾਰੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤਹਿਤ ਲਗਪਗ 19 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕਾਰਜ ਕਰਵਾਏ ਗਏ ਹਨ।

Check Also

ਸੰਯੁਕਤ ਕਿਸਾਨ ਮੋਰਚੇ ਦੀ ਜਗਰਾਓਂ ’ਚ ਹੋਈ ਮਹਾਂ ਪੰਚਾਇਤ

ਕਿਸਾਨ ਆਗੂ ਬੋਲੇ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਂਤ ਮਈ ਢੰਗ ਨਾਲ ਕੀਤਾ ਜਾਵੇਗਾ …