ਪਿੰਡ ਵਾਸੀਆਂ ਨੇ ਢੋਲ ਵਜਾ ਕੇ ਕੀਤਾ ਨਿੱਘਾ ਸਵਾਗਤ
ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਹੋਵੇ : ਤਨਮਨਜੀਤ
ਜਲੰਧਰ/ਬਿਊਰੋ ਨਿਊਜ਼
ਜਲੰਧਰ ਜ਼ਿਲ੍ਹੇ ਦੇ ਪਿੰਡ ਰਾਏਪੁਰ ਫਰਾਲਾ ਦੇ ਤਨਮਨਜੀਤ ਸਿੰਘ ਢੇਸੀ ਇੰਗਲੈਂਡ ਦੇ ਸਲੋਅ ਇਲਾਕੇ ਤੋਂ ਐਮਪੀ ਬਣਨ ਮਗਰੋਂ ਪਹਿਲੀ ਵਾਰ ਆਪਣੇ ਜੱਦੀ ਪਿੰਡ ਆਏ। ਸਭ ਤੋਂ ਪਹਿਲਾਂ ਉਹ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮਿਲਣ ਗਏ। ਸਕੂਲ ਨੂੰ ਜਾਂਦਾ ਰਸਤਾ ਵੇਖ ਕੇ ਉਨ੍ਹਾਂ ਨੂੰ ਬੜੀ ਨਿਰਾਸ਼ਾ ਹੋਈ। ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਂਝ ਤਾਂ ਸਾਡੇ ਚਾਚਾ ਸ਼੍ਰੋਮਣੀ ਕਮੇਟੀ ਮੈਂਬਰ ਹਨ ਤੇ ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ। ਪਿੰਡ ਦੀਆਂ ਸੜਕਾਂ ਬਹੁਤ ਜ਼ਰੂਰੀ ਹਨ। ਇਹ ਸਹੂਲਤਾਂ ਹਰੇਕ ਲਈ ਹੋਣੀਆਂ ਚਾਹੀਦੀਆਂ ਹਨ ਇਹੋ ਅਸਲੀ ਵਿਕਾਸ ਹੈ। ਪਿੰਡ ਵਾਸੀਆਂ ਨੇ ਉਨ੍ਹਾਂ ਦਾ ਢੋਲ ਵਜਾ ਕੇ ਨਿੱਘਾ ਸੁਆਗਤ ਕੀਤਾ। ਤਨਮਨਜੀਤ ਸਿੰਘ ਪਹਿਲਾਂ ਮੇਅਰ ਸਨ ਤੇ ਹੁਣ ਉਹ ਲੇਬਰ ਪਾਰਟੀ ਵੱਲੋਂ ਐਮਪੀ ਚੁਣੇ ਗਏ ਹਨ। ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮਿਲਣ ਤੋਂ ਬਾਅਦ ਢੇਸੀ ਦੇ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ ਫਿਰ ਘਰ ਗਏ। ’84 ਕਤਲੇਆਮ ਬਾਰੇ ਢੇਸੀ ਨੇ ਕਿਹਾ ਕਿ ਇਹ ਬੇਹੱਦ ਅਫਸੋਸਨਾਕ ਹੈ ਕਿ ਬਹੁਤਿਆਂ ਨੂੰ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਿੱਖ ਕੈਦੀਆਂ ਨੂੰ ਵੀ ਰਿਹਾਅ ਕਰਨਾ ਚਾਹੀਦਾ ਹੈ ਜਿਹੜੇ ਤਿੰਨ ਦਹਾਕਿਆਂ ਤੋਂ ਜੇਲ੍ਹ ਵਿੱਚ ਹਨ ਤੇ ਸਜ਼ਾ ਵੀ ਪੂਰੀ ਹੋ ਚੁੱਕੀ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਲੰਘੇ ਕੱਲ੍ਹ ਤਨਮਨਜੀਤ ਸਿੰਘ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਏ ਸਨ ਅਤੇ ਐਸਜੀਪੀਸੀ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਸੀ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …