Breaking News
Home / ਭਾਰਤ / ਰਾਮ ਨਾਥ ਕੋਵਿੰਦ ਨੇ 14ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਰਾਮ ਨਾਥ ਕੋਵਿੰਦ ਨੇ 14ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਜੈ ਸ੍ਰੀ ਰਾਮ ਦੇ ਨਾਅਰੇ ਵੀ ਲੱਗੇ
ਕਾਂਗਰਸੀਆਂ ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਉਠਾਏ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਮਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਕੋਵਿੰਦ ਨੂੰ ਚੀਫ ਜਸਟਿਸ ਆਫ ਇੰਡੀਆ ਜੇ ਐਸ ਖੇਹਰ ਨੇ ਪਾਰਲੀਮੈਂਟ ਦੇ ਸੈਂਟਰਲ ਹਾਲ ਵਿਚ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁਕਾਈ। ਇਸ ਤੋਂ ਬਾਅਦ ਕੋਵਿੰਦ ਨੇ ਭਾਸ਼ਣ ਦਿੱਤਾ ਤੇ ਫਿਰ ਜੈ ਸ੍ਰੀ ਰਾਮ ਦੇ ਨਾਅਰੇ ਵੀ ਲੱਗੇ। ਰਾਸ਼ਟਰਪਤੀ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਰਾਸ਼ਟਰਪਤੀ ਬਣਨ ਤੋਂ ਬਾਅਦ ਰਾਮਨਾਥ ਕੋਵਿੰਦ ਨੇ ਸਾਰਿਆਂ ਦਾ ਧੰਨਵਾਦ ਕੀਤਾ। ਦੇਸ਼ ਦੇ 14ਵੇਂ ਰਾਸ਼ਟਰਪਤੀ ਕੋਵਿੰਦ ਨੇ ਆਪਣੇ ਪਹਿਲੇ ਭਾਸ਼ਣ ਵਿਚ ਦੱਸਿਆ ਕਿ ਰਾਸ਼ਟਰ ਨਿਰਮਾਤਾ ਕੋਣ ਹੈ। ਉਹਨਾਂ 8 ਨੇਤਾਵਾਂ ਮਹਾਤਮਾ ਗਾਂਧੀ, ਡਾ. ਰਾਜਿੰਦਰ ਪ੍ਰਸਾਦ, ਡਾ. ਸਰਵਪਾਲੀ ਰਾਧਾਕ੍ਰਿਸ਼ਨਨ, ਸਰਦਾਰ ਪਟੇਲ, ਡਾ. ਭੀਮ ਰਾਓ ਅੰਬੇਡਕਰ, ਦੀਨ ਦਿਆਲ ਉਪਾਧਿਆਏ, ਏਪੀਜੇ ਅਬਦੁਲ ਕਲਾਮ ਅਤੇ ਪ੍ਰਣਬ ਮੁਖਰਜੀ ਦਾ ਨਾਮ ਲਿਆ। ਉਹਨਾਂ ਕਿਹਾ ਕਿ ਉਹ 125 ਕਰੋੜ ਭਾਰਤੀਆਂ ਦੇ ਭਰੋਸੇ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਕੋਵਿੰਦ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸਾਨੂੰ ਰਸਤਾ ਦਿਖਾਇਆ, ਸਰਦਾਰ ਪਟੇਲ ਨੇ ਸਾਡੇ ਦੇਸ਼ ਦਾ ਏਕੀਕਰਨ ਕੀਤਾ। ਕੋਵਿੰਦ ਨੇ ਕਿਹਾ ਕਿ ਅੱਜ ਪੂਰੇ ਵਿਸ਼ਵ ਵਿਚ ਭਾਰਤ ਦੇ ਦ੍ਰਿਸ਼ਟੀਕੋਣ ਦਾ ਮਹੱਤਵ ਹੈ। ਸਹੁੰ ਚੁੱਕ ਸਮਾਗਮ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਡਾ. ਮਨਮੋਹਨ ਸਿੰਘ, ਸੁਸ਼ਮਾ ਸਵਰਾਜ, ਅਮਿਤ ਸ਼ਾਹ, ਐਲ ਕੇ ਅਡਵਾਨੀ, ਐਚ ਡੀ ਦੇਵਗੌੜਾ ਅਤੇ ਹੋਰ ਬਹੁਤ ਸਾਰੇ ਸੀਨੀਅਰ ਆਗੂ ਹਾਜ਼ਰ ਸਨ। ਦੂਜੇ ਪਾਸੇ ਕਾਂਗਰਸ ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸ ਦੇ ਸੰਸਦ ਮੈਂਬਰ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦਾ ਨਾਮ ਹੀ ਨਹੀਂ ਲਿਆ, ਜੋ ਦਿਲ ਨੂੰ ਚੁੱਭਣ ਵਾਲੀ ਗੱਲ ਹੈ।

Check Also

500 ਤੋਂ ਜ਼ਿਆਦਾ ਵਕੀਲਾਂ ਨੇ ਭਾਰਤ ਦੇ ਚੀਫ ਜਸਟਿਸ ਨੂੰ ਲਿਖੀ ਚਿੱਠੀ – ਕਿਹਾ : ਨਿਆਂ ਪਾਲਿਕਾ ਖਤਰੇ ’ਚ 

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਸਾਬਕਾ ਸੌਲੀਸਿਟਰ ਜਨਰਲ ਹਰੀਸ਼ ਸਾਲਵੇ ਸਣੇ 500 ਤੋਂ ਜ਼ਿਆਦਾ ਸੀਨੀਅਰ …