Breaking News
Home / ਭਾਰਤ / ਭਾਜਪਾ ਆਗੂ ਬੱਗਾ ਨੂੰ ਦਿੱਲੀਓਂ ਲਿਜਾਣ ਵਾਲੇ ਮੁਹਾਲੀ ਦੇ ਡੀਐਸਪੀ ਖਿਲਾਫ਼ ਭਾਜਪਾ ਨੇ ਮੋਰਚਾ ਖੋਲ੍ਹਿਆ

ਭਾਜਪਾ ਆਗੂ ਬੱਗਾ ਨੂੰ ਦਿੱਲੀਓਂ ਲਿਜਾਣ ਵਾਲੇ ਮੁਹਾਲੀ ਦੇ ਡੀਐਸਪੀ ਖਿਲਾਫ਼ ਭਾਜਪਾ ਨੇ ਮੋਰਚਾ ਖੋਲ੍ਹਿਆ

38 ਲੱਖ ਰੁਪਏ ਦੀ ਰਿਸ਼ਵਤ ਦੇ ਕੇ ਸੰਧੂ ਨੇ ਲਈ ਮੁਹਾਲੀ ਦੀ ਤਾਇਨਾਤੀ : ਮਨਜਿੰਦਰ ਸਿਰਸਾ ਦਾ ਆਰੋਪ
ਨਵੀਂ ਦਿੱਲੀ : ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਨੂੰ ਦਿੱਲੀ ਤੋਂ ਲਿਜਾਣ ਵਾਲੇ ਮੁਹਾਲੀ ਦੇ ਡੀਐਸਪੀ, ਕੇ. ਐੱਸ. ਸੰਧੂ ਨੂੰ ਲੈ ਕੇ ਹਮਲਾਵਰ ਹੋਈ ਭਾਜਪਾ ਨੇ ਸੋਮਵਾਰ ਨੂੰ ਆਰੋਪ ਲਾਇਆ ਕਿ ਸੰਧੂ ਨੇ 38 ਲੱਖ ਰੁਪਏ ਦੀ ਰਿਸ਼ਵਤ ਦੇ ਕੇ ਇਸ ਪੋਸਟ ਦੀ ਤਾਇਨਾਤੀ ਲਈ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੋਮਵਾਰ ਨੂੰ ਦਿੱਲੀ ‘ਚ ਕੀਤੀ ਪ੍ਰੈੱਸ ਕਾਨਫ਼ਰੰਸ ‘ਚ ਅਜਿਹਾ ਅਰੋਪ ਲਗਾਇਆ ਹੈ। ਸਿਰਸਾ ਨੇ ਪ੍ਰੈੱਸ ਕਾਨਫਰੰਸ ‘ਚ ਬੱਗਾ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰਨ ਵਾਲੇ ਡੀ.ਐਸ.ਪੀ. ਨੂੰ ਲੈ ਕੇ ਸ਼ਬਦੀ ਹਮਲੇ ਕੀਤੇ। ਸਿਰਸਾ ਨੇ ਕਿਹਾ ਕਿ ਕੇ.ਐਸ. ਸੰਧੂ ਉਹੀ ਕੁਲਜਿੰਦਰ ਸਿੰਘ ਹੈ, ਜਿਸ ਨੂੰ ਅਪ੍ਰੈਲ 2015 ‘ਚ ਸਬ ਇੰਸਪੈਕਟਰ ਵਜੋਂ ਬਰਖਾਸਤ ਕਰ ਦਿੱਤਾ ਗਿਆ ਸੀ। ਸਿਰਸਾ ਨੇ ਕਿਹਾ ਕਿ ਬਰਖ਼ਾਸਤ ਸਬ-ਇੰਸਪੈਕਟਰ ਨੂੰ ‘ਆਪ’ ਸਰਕਾਰ ਨੇ ਡੀ.ਐਸ.ਪੀ. ਵਜੋਂ ਤਾਇਨਾਤ ਕੀਤਾ ਹੈ ਅਤੇ ਡੀ.ਐਸ.ਪੀ. ਨੇ ਖੁਦ ਇਸ ਦਾ ਖੁਲਾਸਾ ਕੀਤਾ ਹੈ ਕਿ ਉਸ ਨੇ ਇਸ ਤਾਇਨਾਤੀ ਲਈ 38 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਹੈ। ਭਾਜਪਾ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਰਿਸ਼ਵਤ ਨੂੰ ਲੈ ਕੇ ਖੋਖਲੇ ਬਿਆਨ ਦੇਣ ਅਤੇ ਹੈਲਪਲਾਈਨ ਨੰਬਰ ਜਾਰੀ ਕਰਨ ਨਾਲ ਕੁਝ ਨਹੀਂ ਹੋਏਗਾ। ‘ਆਪ’ ਸਰਕਾਰ ਨੂੰ ਇਸ ਲਈ ਪ੍ਰਭਾਵੀ ਕਦਮ ਚੁੱਕਣੇ ਪੈਣਗੇ।
ਹਾਈਕੋਰਟ ਨੇ ਬੱਗਾ ਦੀ ਗ੍ਰਿਫਤਾਰੀ ‘ਤੇ 5 ਜੁਲਾਈ ਤੱਕ ਲਗਾਈ ਰੋਕ
ਮੁਹਾਲੀ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੀਨੀਅਰ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਨੂੰ ਰਾਹਤ ਦਿੰਦਿਆਂ ਉਸ ਦੀ ਗ੍ਰਿਫ਼ਤਾਰੀ ‘ਤੇ ਲੱਗੀ ਰੋਕ 5 ਜੁਲਾਈ ਤੱਕ ਵਧਾ ਦਿੱਤੀ ਹੈ। ਬੱਗਾ ਵਿਰੁੱਧ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਸਟੇਟ ਸਾਈਬਰ ਸੈੱਲ ਥਾਣੇ ਵਿੱਚ ਫੌਜਦਾਰੀ ਕੇਸ ਦਰਜ ਕੀਤਾ ਗਿਆ ਸੀ। ਬੱਗਾ ਉਤੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਅਤੇ ਸਮਾਜ ਨੂੰ ਧਰਮ ਤੇ ਜਾਤ-ਪਾਤ ਦੇ ਆਧਾਰ ‘ਤੇ ਵੰਡਣ ਦੀ ਕੋਸ਼ਿਸ਼ ਕਰਨ ਦਾ ਆਰੋਪ ਹੈ। ਮੁਹਾਲੀ ਪੁਲਿਸ ਨੇ ਇਸ ਮਾਮਲੇ ਵਿੱਚ ਪਿਛਲੇ ਦਿਨੀਂ ਭਾਜਪਾ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਦਿੱਲੀ ਪੁਲਿਸ ਦੇ ਕਹਿਣ ‘ਤੇ ਕੁਰੂਕਸ਼ੇਤਰ ਨੇੜੇ ਹਰਿਆਣਾ ਪੁਲਿਸ ਨੇ ਬੈਰੀਕੇਡ ਲਗਾ ਕੇ ਬੱਗਾ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਲਿਆ ਰਹੀ ਪੰਜਾਬ ਪੁਲਿਸ ਦੇ ਕਾਫਲੇ ਦਾ ਰਾਹ ਵਿਚ ਡੱਕ ਲਿਆ। ਇਸ ਦੌਰਾਨ ਤਿੰਨ ਸੂਬਿਆਂ ਦੀ ਪੁਲਿਸ ਵਿੱਚ ਕਾਫ਼ੀ ਜੱਦੋਜਹਿਦ ਹੋਈ ਅਤੇ ਕੁਝ ਘੰਟਿਆਂ ਮਗਰੋਂ ਦਿੱਲੀ ਪੁਲਿਸ ਨੇ ਬੱਗੇ ਨੂੰ ਜਬਰੀ ਰਿਹਾਅ ਕਰਵਾ ਲਿਆ ਸੀ। ਮੁਹਾਲੀ ਅਦਾਲਤ ਨੇ ਪਿਛਲੇ ਦਿਨੀਂ ਤੇਜਿੰਦਰਪਾਲ ਬੱਗਾ ਦੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਸੀ, ਪਰ ਉਸੇ ਰਾਤ ਭਾਜਪਾ ਆਗੂ ਨੇ ਹਾਈਕੋਰਟ ਦਾ ਬੂਹਾ ਖੜਕਾਉਂਦਿਆਂ ਫੈਸਲੇ ਨੂੰ ਚੁਣੌਤੀ ਦਿੱਤੀ।

 

Check Also

ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ

ਭਲਕੇ 5 ਦਸੰਬਰ ਨੂੰ ਮੰੁਬਈ ਦੇ ਅਜ਼ਾਦ ਮੈਦਾਨ ਵਿਚ ਚੁੱਕਣਗੇ ਅਹੁਦੇ ਦੀ ਸਹੰੁ ਮੁੰਬਈ/ਬਿਊਰੋ ਨਿਊਜ਼ …