Breaking News
Home / ਜੀ.ਟੀ.ਏ. ਨਿਊਜ਼ / ਕਿਊਂਬਕ ‘ਚ ਵਿਦੇਸ਼ੀ ਵਿਦਿਆਰਥੀਆਂ ਨੂੰ ਨਿੱਜੀ ਕਾਲਜਾਂ ਦੀ ਪੜ੍ਹਾਈ ਮਗਰੋਂ ਨਹੀਂ ਮਿਲੇਗਾ ਵਰਕ ਪਰਮਿਟ

ਕਿਊਂਬਕ ‘ਚ ਵਿਦੇਸ਼ੀ ਵਿਦਿਆਰਥੀਆਂ ਨੂੰ ਨਿੱਜੀ ਕਾਲਜਾਂ ਦੀ ਪੜ੍ਹਾਈ ਮਗਰੋਂ ਨਹੀਂ ਮਿਲੇਗਾ ਵਰਕ ਪਰਮਿਟ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਪੜ੍ਹਨ ਲਈ ਪਹੁੰਚ ਰਹੇ ਵਿਦੇਸ਼ੀ ਨੌਜਵਾਨਾਂ ਦੇ ਪੱਕੇ ਹੋਣ ਦੇ ਮੌਕਿਆਂ ਵਿਚ ਓਪਨ ਵਰਕ ਪਰਮਿਟ ਰੀੜ ਦੀ ਹੱਡੀ ਵਜੋਂ ਸਹਾਇਤਾ ਕਰਦਾ ਹੈ। ਉਸ ਦੇਸ਼ ਵਿਚ ਕਿਊਬਕ ਹੀ ਇਕ ਅਜਿਹਾ ਪ੍ਰਾਂਤ ਹੈ ਜਿੱਥੇ ਨਿੱਜੀ ਕਾਲਜਾਂ ਤੋਂ ਪੜ੍ਹਾਈ ਖਤਮ ਕਰਕੇ ਵੀ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ ਜਦਕਿ ਬਾਕੀ ਸਾਰੇ ਪ੍ਰਾਂਤਾਂ ਵਿਚ ਵਿਦੇਸ਼ੀ ਵਿਦਿਆਰਥਿਆਂ ਵਾਸਤੇ ਉਨ੍ਹਾਂ ਅਦਾਰਿਆਂ (ਡੈਜ਼ੀਗਨੇਟਿਡ ਲਰਨਿੰਗ ਇੰਸਟੀਚਿਊਸ਼ਨ) ਵਿਚ ਪੜ੍ਹਨਾ ਜ਼ਰੂਰੀ ਹੈ ਜਿਨ੍ਹਾਂ ਨੂੰ ਸਰਕਾਰ ਵਲੋਂ ਫੰਡਿੰਗ (ਸਬਸਿਡੀ) ਵੀ ਦਿੱਤੀ ਜਾਂਦੀ ਹੋਵੇ। ਬੀਤੇ ਸਮੇਂ ਤੋਂ ਕੁਝ ਨਿੱਜੀ ਕਾਲਜਾਂ ਵਲੋਂ ਦਿਵਾਲਾ ਕੱਢਣ (3 ਪਿਛਲੇ ਸਾਲ) ਅਤੇ ਵਿਦੇਸ਼ੀ ਵਿਦਿਅਰਥੀਆਂ ਤੋਂ ਮੋਟੀਆਂ ਫੀਸਾਂ (1 ਸਾਲ ਦੀ ਟਿਊਸ਼ਨ ਦੇ 25000 ਡਾਲਰ) ਉਗਰਾਹ ਕੇ ਦਿਵਾਲਾ ਕੱਢ ਦੇਣ ਅਤੇ ਹੋਰ ਧਾਂਦਲੀਆਂ ਚਰਚਿਤ ਰਹਿਣ ਤੋਂ ਬਾਅਦ ਹੁਣ ਕੈਨੇਡਾ ਅਤੇ ਕਿਊਬਕ ਦੀਆਂ ਸਰਕਾਰਾਂ ਨੇ ਸਾਂਝੇ ਤੌਰ ‘ਤੇ ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਅਤੇ ਕਿਊਬਕ ਦੇ ਕਿਰਤ ਮੰਤਰੀ ਜੀਨ ਬੂਲੇ ਨੇ ਸਾਂਝੇ ਬਿਆਨ ਵਿਚ ਆਖਿਆ ਕਿ ਸਤੰਬਰ 2023 ਤੋਂ ਨਿੱਜੀ ਕਾਲਜਾਂ ਵਿਚ ਪੜ੍ਹਾਈ ਪੂਰੀ ਕਰਨ ਵਾਲੇ ਵਿਦੇਸ਼ੀ ਵਿਦਿਆਰਥੀ ਓਪਨ ਵਰਕ ਪਰਮਿਟ ਲੈਣ ਦੇ ਯੋਗ ਨਹੀਂ ਹੋਣਗੇ। ਇਸ ਰੋਕ ਨਾਲ ਵਿਦੇਸ਼ਾਂ ਤੋਂ ਨਿੱਜੀ ਕਾਲਜਾਂ ਵਿਚ ਦਾਖਲੇ ਆਪਣੇ ਆਪ ਖਤਮ ਹੋ ਜਾਣੇ ਹਨ ਕਿਉਂਕਿ ਲੋਕਾਂ ਦਾ ਸਾਰਾ ਧਿਆਨ ਓਪਨ ਵਰਕ ਪਰਮਿਟ ਅਤੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵੱਲ ਹੁੰਦਾ ਹੈ ਜਿਸ ਵਾਸਤੇ ਉਥੇ ਉਨ੍ਹਾਂ ਨੂੰ ਪੜ੍ਹਾਈਆਂ ਦੇ ਰਾਹਾਂ ‘ਤੇ ਚੱਲਣਾ ਪੈਂਦਾ ਹੈ। ਭਾਰਤ ਤੋਂ ਕਿਊਬਕ ‘ਚ ਵਿਦਿਆਰਥੀ ਵਜੋਂ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਬੀਤੇ ਕੁਝ ਸਾਲਾਂ ਦੌਰਾਨ ਤੇਜ਼ੀ ਨਾਲ਼ ਵਧੀ ਹੈ ਜੋ 2017 ‘ਚ 2686 ਤੋਂ ਵਧ ਕੇ 2020 ‘ਚ 14712 ਹੋ ਗਈ ਸੀ। ਇਹ ਵੀ ਕਿ ਉਨ੍ਹਾਂ ਵਿਚ ਬਹੁਤ ਵੱਡੀ ਗਿਣਤੀ ਨੌਜਵਾਨ ਨਿੱਜੀ ਕਾਲਜਾਂ ਵਿਚ ਦਾਖਲੇ ਲੈ ਕੇ ਗਏ ਅਤੇ ਜਦ ਕਿਸੇ ਕਾਲਜ ਵਲੋਂ ਖੱਜਲ਼-ਖੁਆਰ ਕੀਤਾ ਜਾਂਦਾ ਸੀ ਤਾਂ ਪ੍ਰੇਸ਼ਾਨ ਹੋਣ ਵਾਲੇ ਮੁੰਡੇ ਅਤੇ ਕੁੜੀਆਂ ਆਮ ਤੌਰ ‘ਤੇ ਭਾਰਤੀ ਹੀ ਹੁੰਦੇ ਸਨ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …