ਲਿਬਰਲ ਤੇ ਕੰਸਰਵੇਟਿਵ ਵਿਚਾਲੇ ਹੈ ਚੋਣ ਜੰਗ
ਟੋਰਾਂਟੋ/ਸਤਪਾਲ ਸਿੰਘ ਜੌਹਲ, ਪਰਵਾਸੀ ਬਿਊਰੋ
ਕੈਨੇਡਾ ‘ਚ 21 ਅਕਤੂਬਰ ਨੂੰ ਹੋਣ ਵਾਲੀ ਸੰਸਦੀ ਚੋਣ ‘ਚ ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਵਲੋਂ ਕੁਲ 338 ਸੀਟਾਂ ਤੋਂ 2146 ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰਾਂ ਨੂੰ ਪ੍ਰਵਾਨਗੀ ਦੇ ਕੇ ਸੂਚੀ ਜਾਰੀ ਕਰ ਦਿੱਤੀ ਗਈ ਹੈ। ਕੈਨੇਡਾ ‘ਚ ਭਾਵੇਂ ਕੁਲ 21 ਰਾਜਨੀਤਕ ਪਾਰਟੀਆਂ ਰਜਿਸਟਰਡ ਹਨ ਪਰ ਲਿਬਰਲ ਪਾਰਟੀ, ਕੰਸਰਵੇਟਿਵ ਪਾਰਟੀ, ਨਿਊ ਡੈਮੋਕ੍ਰੈਟਿਕ ਪਾਰਟੀ (ਐਨ.ਡੀ.ਪੀ.), ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਹੀ ਵੱਡੀਆਂ ਪਾਰਟੀਆਂ ਵਜੋਂ ਉੱਭਰੀਆਂ ਹਨ। ਕਿਊਬਕ ‘ਚ ਖੇਤਰੀ ਪਾਰਟੀ ਬਲਾਕ ਕਿਊਬਕ ਵੀ ਚਰਚਿਤ ਹੈ। ਨਵੀਂ ਬਣੀ ਕੈਨੇਡਾਜ਼ ਫੋਰਥ ਫ਼ਰੰਟ ਪਾਰਟੀ (ਸੀ.ਐਫ.ਐਫ) ਵਲੋਂ ਵੀ ਕੁਝ ਉਮੀਦਵਾਰ ਉਤਾਰੇ ਗਏ ਹਨ। ਇਨ੍ਹਾਂ ਪਾਰਟੀਆਂ ‘ਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਵੀ ਡੂੰਘੀ ਦਿਲਚਸਪੀ ਲਈ ਹੈ ਅਤੇ ਵੱਖ-ਵੱਖ ਪਾਰਟੀਆਂ ਤੋਂ ਪੰਜ ਦਰਜਨ ਦੇ ਕਰੀਬ ਭਾਰਤੀ ਮੂਲ ਦੇ ਉਮੀਦਵਾਰ ਵੀ ਚੋਣ ਮੈਦਾਨ ‘ਚ ਹਨ। ਜਿਨ੍ਹਾਂ ‘ਚੋਂ ਦਰਜਨ ਤੋਂ ਵੱਧ ਮਹਿਲਾਵਾਂ ਹਨ। ਬਰੈਂਪਟਨ ‘ਚ 5 ਸੀਟਾਂ ਹਨ ਅਤੇ ਓਥੇ ਬਰੈਂਪਟਨ ਈਸਟ ਹਲਕੇ ਤੋਂ ਸਾਰੇ ਸੱਤ ਉਮੀਦਵਾਰਾਂ ‘ਚੋਂ ਛੇ ਭਾਰਤੀ ਮੂਲ ਦੇ ਹਨ। ਬਰੈਂਪਟਨ ਸਾਊਥ ਹਲਕੇ ‘ਚ ਅੱਠ ਉਮੀਦਵਾਰ ਹਨ ਜਿਨ੍ਹਾਂ ‘ਚ ਪੰਜ ਪੰਜਾਬੀ (ਭਾਰਤੀ) ਭਾਈਚਾਰੇ ਤੋਂ ਹਨ। ਟੋਰਾਂਟੋ, ਮਿਸੀਸਾਗਾ, ਕਿਚਨਰ, ਵਾਟਰਲੂ, ਮਾਰਖਮ ਸਮੇਤ ਉਨਟਾਰੀਓ ਦੇ ਕੁਝ ਹਲਕਿਆਂ ‘ਚ ਭਾਰਤੀ ਮੂਲ ਦੇ ਉਮੀਦਵਾਰ ਸਰਗਰਮ ਹਨ। ਇਸ ਸਭ ਦੇ ਦਰਮਿਆਨ ਇਸ ਸਮੇਂ ਚੋਣ ਪਿੜ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਮਿਲ ਰਹੀ ਜਾਣਕਾਰੀ ਅਨੁਸਾਰ ਕੈਨੇਡਾ ਦੀ ਚੋਣ ਜੰਗ ਜਿੱਤਣ ਲਈ ਮੁੱਖ ਮੁਕਾਬਲਾ ਲਿਬਰਲ ਅਤੇ ਕੰਸਰਵੇਟਿਵ ਵਿਚਾਲੇ ਹੀ ਨਜ਼ਰ ਆ ਰਿਹਾ ਹੈ ਜਦੋਂਕਿ ਸਰਕਾਰ ਕਿਸ ਦੀ ਬਣੇਗੀ ਤੇ ਕੌਣ ਸਰਕਾਰ ਬਣਾਉਣ ਤੋਂ ਵਾਂਝਾ ਰਹਿ ਜਾਵੇਗਾ। ਇਸ ਦਾ ਫੈਸਲਾ ਐਨਡੀਪੀ ਤੇ ਗਰੀਨ ਪਾਰਟੀ ਦੇ ਹੱਥ ਵੀ ਜਾ ਸਕਦਾ ਹੈ। ਇਹ ਪਾਰਟੀਆਂ ਕਿੰਨੀਆਂ ਸੀਟਾਂ ਹਾਸਲ ਕਰਦੀਆਂ ਹਨ ਉਸ ਅਨੁਸਾਰ ਸੱਤਾ ਦੀ ਚਾਬੀ ਕਿਸ ਨੂੰ ਮਿਲੇਗੀ, ਇਸ ਵਿਚ ਉਲਟ ਫੇਰ ਵੀ ਹੋ ਸਕਦਾ ਹੈ। ਧਿਆਨ ਰਹੇ ਕਿ ਇਕ ਪਾਸੇ ਜਿੱਥੇ ਜਸਟਿਨ ਟਰੂਡੋ ਬਤੌਰ ਪ੍ਰਧਾਨ ਮੰਤਰੀ ਲੋਕਾਂ ਦੀ ਵੱਡੀ ਪਸੰਦ ਹਨ ਉਥੇ ਹੀ ਐਡਰੀਊ ਸ਼ੀਅਰ ਨੂੰ ਵੀ ਪਸੰਦ ਕੀਤਾ ਜਾ ਰਿਹਾ ਹੈ ਇਨ੍ਹਾਂ ਦੋਵਾਂ ਦੇ ਬਾਵਜੂਦ ਪੰਜਾਬੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਕੈਨੇਡੀਅਨ ਮੂਲ ਤੇ ਹੋਰ ਦੇਸ਼ਾਂ ਦੇ ਲੋਕਾਂ ਦੀ ਪਸੰਦ ਜਗਮੀਤ ਸਿੰਘ ਵੀ ਹਨ। ਇਸ ਲਈ ਸਿਆਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਕੋਈ ਵੀ ਪਾਰਟੀ ਫੈਡਰਲ ਸਰਕਾਰ ਬਣਾਉਣ ਲਈ ਸਪੱਸ਼ਟ ਬਹੁਮਤ ਹਾਸਲ ਹੀ ਨਾ ਕਰ ਸਕੇ। ਫੈਸਲਾ ਵੋਟਰ ਨੇ ਕਰਨਾ ਹੈ ਤੇ ਉਸ ਦਾ ਫੈਸਲਾ 21 ਅਕਤੂਬਰ ਨੂੰ ਹੀ ਸਾਹਮਣੇ ਆ ਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …