Breaking News
Home / ਜੀ.ਟੀ.ਏ. ਨਿਊਜ਼ / ਪੰਜਾਬ ਤੋਂ ਹਰ ਸਾਲ 48,000 ਵਿਦਿਆਰਥੀ ਚੜ੍ਹਦੇ ਨੇ ਜਹਾਜ਼, ਸਭ ਤੋਂ ਵੱਧ ਉਤਰਦੇ ਨੇ ਕੈਨੇਡਾ

ਪੰਜਾਬ ਤੋਂ ਹਰ ਸਾਲ 48,000 ਵਿਦਿਆਰਥੀ ਚੜ੍ਹਦੇ ਨੇ ਜਹਾਜ਼, ਸਭ ਤੋਂ ਵੱਧ ਉਤਰਦੇ ਨੇ ਕੈਨੇਡਾ

ਟੋਰਾਂਟੋ : ਹਰ ਵਰ੍ਹੇ ਪੰਜਾਬ ਤੋਂ ਔਸਤਨ 48,000 ਵਿਦਿਆਰਥੀ ਵੱਖੋ-ਵੱਖ ਮੁਲਕਾਂ ਵਿਚ ਐਜੂਕੇਸ਼ਨ ਵੀਜ਼ੇ ‘ਤੇ ਜਾਣ ਲਈ ਉਡਾਰੀ ਭਰਦੇ ਹਨ ਤੇ ਇਨ੍ਹਾਂ 48,000 ਵਿਦਿਆਰਥੀਆਂ ਵਿਚੋਂ ਸਭ ਤੋਂ ਵੱਧ ਵਿਦਿਆਰਥੀ ਕੈਨੇਡਾ ਦੇ ਵੱਖੋ-ਵੱਖ ਏਅਰਪੋਰਟਾਂ ‘ਤੇ ਹੀ ਉਤਰਦੇ ਹਨ। ਉਚ ਸਿੱਖਿਆ ਲਈ ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਪੰਜਾਬ ਸਰਕਾਰ ਸਾਹਮਣੇ ਹੁਣ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ਵੇਲੇ ਪੰਜਾਬ ਦੇ ਲੱਖਾਂ ਵਿਦਿਆਰਥੀ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟਰੇਲੀਆ ਤੇ ਹੋਰ ਮੁਲਕਾਂ ਦੇ ਵੱਖ-ਵੱਖ ਸਿੱਖਿਅਕ ਅਦਾਰਿਆਂ ਵਿੱਚ ਦਾਖਲ ਹਨ। ਇਸ ਦੇ ਨਾਲ ਹੀ ਖ਼ੁਲਾਸਾ ਹੋਇਆ ਹੈ ਕਿ ਔਸਤਨ ਇੱਕ ਵਿਦਿਆਰਥੀ ਤਿੰਨ ਸਾਲਾਂ ਤੇ ਦੋ ਸਾਲਾਂ ਦੇ ਕੋਰਸ ‘ਤੇ ਲਗਭਗ 15 ਤੋਂ 22 ਲੱਖ ਰੁਪਏ ਖਰਚਦਾ ਹੈ। ਹਾਸਲ ਜਾਣਕਾਰੀ ਮੁਤਾਬਕ ਹਰ ਸਾਲ ਸੂਬੇ ਤੋਂ 48 ਹਜ਼ਾਰ ਵਿਦਿਆਰਥੀ ਵਿਦੇਸ਼ ਜਾ ਰਹੇ ਹਨ। ਪੰਜਾਬ ਦੇ ਮਾਪੇ ਫੀਸਾਂ ਵਜੋਂ ਹਰ ਸਾਲ ਵਿਦੇਸ਼ੀ ਖਾਤਿਆਂ ਵਿੱਚ 28,500 ਕਰੋੜ ਰੁਪਏ ਜਮਾ ਕਰਦੇ ਹਨ। ਯਾਨੀ, ਪੰਜਾਬ ਸਰਕਾਰ ਦੇ ਕੁੱਲ ਬਜਟ (ਸਾਲ 2019-20 ਲਈ 1,58,493 ਕਰੋੜ ਰੁਪਏ) ਦਾ 19 ਫੀਸਦੀ ਹਿੱਸਾ ਵਿਦੇਸ਼ ਭੇਜ ਰਹੇ ਹਨ। ਇੱਕ ਮੀਡੀਆ ਅਦਾਰੇ ਨੇ ਜਦੋਂ (ਇੰਟਰਨੈਸ਼ਨਲ ਜਨਰਲ ਆਫ ਰਿਸਰਚ ਐਂਡ ਐਨਾਲਿਟਿਕਲ ਰਿਵਿਊ) ਵਿੱਚ ਛਪੇ ‘ਓਵਰਸੀਜ਼ ਮਾਈਗ੍ਰੇਸ਼ਨ ਆਫ ਸਟੂਡੈਂਟਸ ਫਰਾਮ ਪੰਜਾਬ’ ਨਾਂ ਦੀ ਰਿਸਰਟ ਰਿਪੋਰਟ ਵਿੱਚ ਛਪੀ ਰਿਪੋਰਟ ਦੀ ਦੁਆਬਾ ਤੇ ਮਾਲਵਾ ਦੇ 100 ਕਾਨੂੰਨੀ ਟਰੈਵਲ ਏਜੰਟ, 150 IELTS ਕੋਚਿੰਗ ਸੈਂਟਰ, ਏਕੋਸ (ਐਸੋਸੀਏਸ਼ਨ ਆਫ ਕੰਸਲਟੈਂਟਸ ਫੀਰ ਓਵਰਸੀਜ਼ ਸਟੱਡੀਜ਼) ਤੇ ਬੈਂਕਿੰਗ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੇ ਮਾਧਿਅਮ ਨਾਲ ਪੜਤਾਲ ਕਰਾਈ ਤਾਂ ਪਤਾ ਲੱਗਾ ਕਿ ਨਸ਼ਾ ਤੇ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਦੇ ਚੱਲਦੇ ਇੱਥੋਂ ਦੇ 75 ਫੀਸਦੀ ਮਾਪੇ ਆਪਣੇ ਬੱਚਿਆਂ ਨੂੰ 12ਵੀਂ ਮਗਰੋਂ ਵਿਦੇਸ਼ ਸੈਟਲ ਕਰਾਉਣ ਲਈ ਹੱਥ-ਪੈਰ ਮਾਰਦੇ ਹਨ। ਇੰਨਾ ਹੀ ਨਹੀਂ, ਸੂਬੇ ਦੇ 80 ਫੀਸਦੀ ਨੌਜਵਾਨ ਵੀ ਵਿਦੇਸ਼ਾਂ ਵਿੱਚ ਵੱਸਣਾ ਚਾਹੁੰਦੇ ਹਨ। ਦੂਜੇ ਪਾਸੇ, ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ, ਡੈਲਟਾ, ਵੈਨਕੂਵਰ ਸਮੇਤ 20 ਤੋਂ ਵੱਧ ਅਜਿਹੇ ਸ਼ਹਿਰ ਹਨ, ਜਿੱਥੇ ਹਰ ਚੌਥਾ ਵਿਅਕਤੀ ਪੰਜਾਬੀ ਹੀ ਦਿਸਦਾ ਹੈ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …