Breaking News
Home / ਜੀ.ਟੀ.ਏ. ਨਿਊਜ਼ / ਪੀਸੀ ਪਾਰਟੀ ਨੇ ਇਲੈਕਸ਼ਨ ਓਨਟਾਰੀਓ ਨੂੰ ਲਿਖਿਆ ਪੱਤਰ

ਪੀਸੀ ਪਾਰਟੀ ਨੇ ਇਲੈਕਸ਼ਨ ਓਨਟਾਰੀਓ ਨੂੰ ਲਿਖਿਆ ਪੱਤਰ

ਐਨਡੀਪੀ ‘ਤੇ ਗੈਰਕਾਨੂੰਨੀ ਫੰਡ ਹਾਸਲ ਕਰਨ ਦੇ ਲਗਾਏ ਦੋਸ਼
ਓਨਟਾਰੀਓ/ਬਿਊਰੋ ਨਿਊਜ਼ : ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਆਫ ਓਨਟਾਰੀਓ ਵੱਲੋਂ ਐਨਡੀਪੀ ਉੱਤੇ ਗੈਰਕਾਨੂੰਨੀ ਢੰਗ ਨਾਲ ਫੰਡ ਇੱਕਠੇ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਸਬੰਧੀ ਸ਼ਿਕਾਇਤ ਕਰਨ ਲਈ ਪੀਸੀ ਪਾਰਟੀ ਵੱਲੋਂ ਪ੍ਰੋਵਿੰਸ ਦੇ ਚੀਫ ਇਲੈਕਟੋਰਲ ਅਧਿਕਾਰੀ ਨੂੰ ਪੱਤਰ ਵੀ ਲਿਖਿਆ ਗਿਆ ਹੈ। ਇਸ ਸ਼ਿਕਾਇਤ ਵਿੱਚ ਸ਼ਾਮਲ ਇੱਕ ਵਿਅਕਤੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਇਨਕਾਰ ਕੀਤਾ ਗਿਆ ਹੈ।
ਓਨਟਾਰੀਓ ਦੀ ਪੀਸੀ ਪਾਰਟੀ ਦੇ ਪ੍ਰੈਜ਼ੀਡੈਂਟ ਬ੍ਰਾਇਨ ਪੈਟਰਸਨ ਵੱਲੋਂ ਦੋ ਜੂਮ ਵੀਡੀਓਜ਼ ਦੇ ਹਵਾਲੇ ਨਾਲ ਇਹ ਪੱਤਰ ਲਿਖਿਆ ਗਿਆ ਹੈ। ਪਹਿਲੇ ਵੀਡੀਓ, ਜੋ ਕਿ 9 ਫਰਵਰੀ, 2021 ਨੂੰ ਸਾਹਮਣੇ ਆਇਆ, ਵਿੱਚ ਅਮੈਲਗਾਮੇਟਿਡ ਟਰਾਂਜ਼ਿਟ ਯੂਨੀਅਨ ਕੈਨੇਡਾ ਦੇ ਪ੍ਰੈਜ਼ੀਡੈਂਟ ਜੌਹਨ ਡੀਨੀਨੋ ਸ਼ਾਮਲ ਹਨ, ਯੂਨੀਵਰਸਿਟੀ-ਰੋਜ਼ਡੇਲ ਤੋਂ ਐਨਡੀਪੀ ਉਮੀਦਵਾਰ ਜੈਸਿਕਾ ਬੈੱਲ ਨੂੰ ਉਨ੍ਹਾਂ ਦੀ ਨਾਮਜ਼ਦਗੀ ਉੱਤੇ ਵਧਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਡੀਨੀਨੋ ਇਹ ਆਖਦੇ ਸੁਣੇ ਜਾ ਸਕਦੇ ਹਨ ਕਿ ਅਸੀਂ ਆਸ ਕਰਦੇ ਹਾਂ ਕਿ ਏਟੀਯੂ ਕੈਨੇਡਾ ਕੁੱਝ ਹੋਰ ਕਰ ਸਕਦੀ, ਪਰ ਉਨ੍ਹਾਂ ਨੂੰ ਉਮੀਦ ਹੈ ਕਿ ਹਰੇਕ ਪ੍ਰੋਵਿੰਸ ਵਿੱਚ ਚੋਣਾਂ ਤੇ ਉਮੀਦਵਾਰਾਂ ਲਈ ਅਸੀਂ ਜੋ ਕੁੱਝ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਨੂੰ ਤੁਸੀਂ ਮਾਨਤਾ ਦੇਵੋਂਗੇ। ਉਨ੍ਹਾਂ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਅਸੀਂ ਤੁਹਾਡੀ ਕੈਂਪੇਨ ਤੇ ਮੁੜ ਚੁਣੇ ਜਾਣ ਲਈ 1000 ਡਾਲਰ ਦੇਣ ਦਾ ਵਾਅਦਾ ਕਰਦੇ ਹਾਂ।
ਪੀਸੀ ਵੱਲੋਂ ਲਿਖੇ ਪੱਤਰ ਵਿੱਚ ਆਖਿਆ ਗਿਆ ਹੈ ਕਿ ਇਲੈਕਸ਼ਨਜ਼ ਫਾਇਨਾਂਸਿਜ਼ ਦੀ ਧਾਰਾ 26 ਤਹਿਤ ਕਿਸੇ ਵੀ ਉਮੀਦਵਾਰ ਜਾਂ ਪਾਰਟੀ ਨੂੰ ਕਿਸੇ ਯੂਨੀਅਨ ਤੋਂ ਡੋਨੇਸ਼ਨ ਲੈਣ ਦੀ ਮਨਾਹੀ ਹੈ। ਪਰ ਡੀਨੀਨੋ ਵੱਲੋਂ ਇੱਕ ਬਿਆਨ ਵਿੱਚ ਇਹ ਆਖਿਆ ਗਿਆ ਹੈ ਕਿ ਇਹ ਡੋਨੇਸ਼ਨ ਏਟੀਯੂ ਕੈਨੇਡਾ ਵੱਲੋਂ ਨਹੀਂ ਸਗੋਂ ਉਨ੍ਹਾਂ ਵੱਲੋਂ ਨਿਜੀ ਤੌਰ ਉੱਤੇ ਦਿੱਤੀ ਗਈ।
ਦੂਜੇ ਵੀਡੀਓ ਵਿੱਚ ਓਨਟਾਰੀਓ ਦੀ ਐਨਡੀਪੀ ਦੇ ਕਿੰਗਸਟਨ ਤੇ ਆਈਲੈਂਡ ਰਾਈਡਿੰਗ ਐਸੋਸੀਏਸ਼ਨ ਦੇ ਚੀਫ ਫਾਇਨਾਂਸ਼ੀਅਲ ਆਫੀਸਰ ਡੇਵਿਡ ਕੇਰ ਸ਼ਾਮਲ ਹਨ।
26 ਮਾਰਚ ਨੂੰ ਉਨ੍ਹਾਂ ਨੂੰ ਹੇਸਟਿੰਗਜ਼-ਲੈਨੌਕਸ ਤੇ ਐਡਿੰਗਟਨ ਲਈ ਨਾਮਜ਼ਦਗੀ ਮੀਟਿੰਗ ਵਿੱਚ ਇਹ ਆਖਦਿਆਂ ਸੁਣਿਆ ਜਾ ਸਕਦਾ ਹੈ ਕਿ ਇੱਕ ਤਰ੍ਹਾਂ ਚੇਤੇ ਹੀ ਕਰਵਾਉਣਾ ਸੀ, ਹਾਲਾਂਕਿ ਤੁਹਾਡਾ ਓਨਟਾਰੀਓ ਵਿੱਚ ਰਹਿੰਦੇ ਹੋਣਾ ਜ਼ਰੂਰੀ ਹੈ, ਇਸ ਹਲਕੇ ਵਿੱਚ ਨਹੀਂ ਸਗੋਂ ਡੋਨੇਸ਼ਨ ਕਰਨ ਲਈ ਓਨਟਾਰੀਓ ਵਿੱਚ ਰਹਿੰਦੇ ਹੋਣਾ ਜ਼ਰੂਰੀ ਹੈ। ਉਹ ਅੱਗੇ ਆਖ ਰਹੇ ਹਨ, ”ਮੈਂ ਇਸ ਨੂੰ ਸਰਕਾਰੀ ਤੌਰ ਉੱਤੇ ਨਜ਼ਰਅੰਦਾਜ਼ ਨਹੀਂ ਕਰ ਸਕਦਾ ਪਰ ਅਤੀਤ ਵਿੱਚ ਪ੍ਰੋਵਿੰਸ ਤੋਂ ਬਾਹਰ ਰਹਿਣ ਵਾਲੇ ਸਮਰਥਕਾਂ ਵੱਲੋਂ ਮਦਦ ਕਰਨ ਦੇ ਕਈ ਸਿਰਜਣਾਤਮਕ ਢੰਗ ਲੱਭੇ ਗਏ ਸਨ ਤੇ ਇਸ ਤੋਂ ਅੱਗੇ ਮੈਂ ਕੁੱਝ ਨਹੀਂ ਆਖਾਂਗਾ।”
ਪੀਸੀ ਪਾਰਟੀ ਨੇ ਆਪਣੇ ਪੱਤਰ ਵਿੱਚ ਇਹ ਸਵਾਲ ਉਠਾਇਆ ਹੈ ਕਿ ਕੇਰ ਕਿਨ੍ਹਾਂ ਸਿਰਜਣਾਤਮਕ ਢੰਗ ਤਰੀਕਿਆਂ ਦੀ ਗੱਲ ਕਰ ਰਹੇ ਹਨ। ਇਹ ਵੀ ਪੁੱਛਿਆ ਗਿਆ ਹੈ ਕਿ ਕੀ ਓਨਟਾਰੀਓ ਦੀ ਐਨਡੀਪੀ ਵਿੱਚ ਇਸ ਤਰ੍ਹਾਂ ਫੰਡ ਮੰਗਣ ਜਾਂ ਹਾਸਲ ਕਰਨ ਦਾ ਇਹ ਰੁਝਾਨ ਆਮ ਹੈ ਜਾਂ ਪਾਰਟੀ ਇਸ ਨੂੰ ਹੱਲਾਸ਼ੇਰੀ ਦਿੰਦੀ ਹੈ।

 

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …