ਓਟਵਾ/ਬਿਊਰੋ ਨਿਊਜ਼ : ਪੀਟਰ ਮੈਕੇਅ ਕੰਸਰਵੇਟਿਵ ਲੀਡਰਸ਼ਿਪ ਦੌੜ ਵਿਚ ਹਿੱਸਾ ਲੈ ਰਹੇ ਹਨ। ਇਹ ਜਾਣਕਾਰੀ ਮਿਲੀ ਹੈ ਕਿ ਹੁਣ ਪੀਟਰ ਮੈਕੇਅ ਨੇ ਲੀਡਰਸ਼ਿਪ ਦੀ ਦੌੜ ਵਿੱਚ ਹਿੱਸਾ ਲੈਣ ਦਾ ਪੱਕਾ ਫੈਸਲਾ ਕੀਤਾ ਹੈ। ਮੈਕੇਅ ਨੇ ਟਵਿੱਟਰ ਉੱਤੇ ਇਸ ਸਬੰਧੀ ਐਲਾਨ ਵੀ ਕਰ ਦਿੱਤਾ ਹੈ। ਉਨ੍ਹਾਂ ਦੋਵਾਂ ਸਰਕਾਰੀ ਭਾਸ਼ਾਵਾਂ ਵਿੱਚ ਇਸ ਸਬੰਧੀ ਐਲਾਨ ਕੀਤਾ। ਅਗਲੇ ਹਫਤੇ ਨੋਵਾ ਸਕੋਸ਼ੀਆ ਵਿੱਚ ਉਨ੍ਹਾਂ ਵੱਲੋਂ ਰਸਮੀ ਤੌਰ ਉੱਤੇ ਲੀਡਰਸ਼ਿਪ ਦੌੜ ਵਿੱਚ ਹਿੱਸਾ ਲੈਣ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਕੰਪੇਨ ਲਈ ਮੈਕੇਅ ਦੇ ਕਮਿਊਨਿਕੇਸ਼ਨਜ਼ ਨੂੰ ਸਾਂਭਣ ਵਾਲੇ ਮਾਈਕਲ ਡਾਇਮੰਡ ਨੇ ਆਖਿਆ ਕਿ ਬਹੁਤ ਸਾਰੇ ਲੋਕ ਮੈਕੇਅ ਦੇ ਇਸ ਗੱਲ ਦੀ ਪੁਸ਼ਟੀ ਕਰਨ ਨਾਲ ਹੀ ਖੁਸ਼ ਹੋ ਗਏ ਹਨ। ਡਾਇਮੰਡ ਨੇ ਆਖਿਆ ਕਿ ਬਹੁਤ ਸਾਰੇ ਲੋਕ ਹੁਣ ਸਹੀ ਦਿਸ਼ਾ ਵੱਲ ਵਧਣ ਲਈ ਤਿਆਰ ਹਨ। ਇਸ ਤੋਂ ਪਹਿਲਾਂ ਡਾਇਮੰਡ ਨੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਪ੍ਰੋਗਰੈਸਿਵ ਕੰਸਰਵੇਟਿਵ ਲੀਡਰਸ਼ਿਪ ਦੌੜ ਉੱਤੇ ਕੰਮ ਕੀਤਾ ਸੀ ਤੇ ਫੋਰਡ ਨੂੰ ਪ੍ਰੋਵਿੰਸ਼ੀਅਲ ਚੋਣਾਂ ਜਿੱਤਣ ਵਿੱਚ ਮਦਦ ਕੀਤੀ ਸੀ। ਸਾਬਕਾ ਕੰਸਰਵੇਟਿਵ ਐਮਪੀ ਐਲੈਕਸ ਨਟਲ ਮੈਕੇਅ ਦੇ ਕੰਪੇਨ ਮੈਨੇਜਰ ਹੋਣਗੇ। ਨਟਲ ਵੀ ਪਹਿਲੀ ਵਾਰੀ ਕਿਸੇ ਦੀ ਲੀਡਰਸ਼ਿਪ ਦੌੜ ਵਿੱਚ ਮਦਦ ਨਹੀਂ ਕਰਨ ਜਾ ਰਹੇ, ਇਸ ਤੋਂ ਪਹਿਲਾਂ ਉਹ ਸਾਬਕਾ ਐਮਪੀ ਮੈਕਸਿਮ ਬਰਨੀਅਰ ਨਾਲ ਉਦੋਂ ਕੰਮ ਕਰ ਚੁੱਕੇ ਹਨ ਜਦੋਂ 2017 ਵਿੱਚ ਬਰਨੀਅਰ ਕੰਸਰਵੇਟਿਵ ਆਗੂ ਬਣਨ ਲਈ ਲੀਡਰਸ਼ਿਪ ਦੀ ਦੌੜ ਵਿੱਚ ਹਿੱਸਾ ਲੈਣ ਲਈ ਨਿੱਤਰੇ ਸਨ।
ਇਨ੍ਹਾਂ ਤੋਂ ਇਲਾਵਾ ਬਰਨੀਅਰ ਦੀ ਲੀਡਰਸ਼ਿਪ ਦੌੜ ਲਈ ਪ੍ਰਬੰਧ ਕਰਨ ਵਾਲੀ ਐਮਰੀਜ਼ ਗ੍ਰੈਫੇ ਵੀ ਮੈਕੇਅ ਦੀ ਕੰਪੇਨ ਵਿੱਚ ਮਦਦ ਕਰੇਗੀ। ਜਿਸ ਫਰਮ, ਰੂਬੀਕੌਨ ਸਟਰੈਟੇਜੀ, ਲਈ ਗ੍ਰੈਫੇ ਕੰਮ ਕਰਦੀ ਹੈ, ਨੂੰ ਮੈਕੇਅ ਲਈ ਕੰਮ ਕਰਨ ਵਾਸਤੇ ਚੁਣਿਆ ਗਿਆ ਹੈ-ਹਾਲਾਂਕਿ ਇਸ ਦੇ ਬਾਨੀ ਕੋਰੀ ਟੈਨੇਕੇ ਇਸ ਕੰਪੇਨ ਵਿੱਚ ਹਿੱਸਾ ਨਹੀਂ ਲੈਣਗੇ।
ਜ਼ਿਕਰਯੋਗ ਹੈ ਕਿ 1997 ਤੋਂ 2015 ਤੱਕ ਮੈਕੇਅ ਕੋਲ ਹਾਊਸ ਆਫ ਕਾਮਨਜ਼ ਵਿੱਚ ਨੋਵਾ ਸਕੋਸ਼ੀਆ ਸੀਟ ਹੁੰਦੀ ਸੀ। ਸਿਆਸਤ ਨੂੰ ਅਲਵਿਦਾ ਆਖਣ ਤੋਂ ਪਹਿਲਾਂ ਮੈਕੇਅ ਨਿਆਂ ਮੰਤਰੀ, ਕੌਮੀ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਵਰਗੇ ਅਹਿਮ ਅਹੁਦੇ ਸਾਂਭ ਚੁੱਕੇ ਹਨ। ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਨਿਰਮਾਣ ਵਿੱਚ ਵੀ ਮੈਕੇਅ ਦੀ ਅਹਿਮ ਭੂਮਿਕਾ ਰਹੀ ਹੈ। ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਆਗੂ ਵਜੋਂ ਸੇਵਾ ਨਿਭਾਉਣ ਸਮੇਂ ਮੈਕੇਅ ਨੇ 2003 ਵਿੱਚ ਸਟੀਫਨ ਹਾਰਪਰ ਦੇ ਕੈਨੇਡੀਅਨ ਅਲਾਇੰਸ ਨਾਲ ਰਲੇਵੇ ਸਬੰਧੀ ਗੱਲਬਾਤ ਦੀ ਪੇਸ਼ਕਦਮੀ ਕਰਕੇ ਅੱਜ ਦੀ ਕੰਸਰਵੇਟਿਵ ਪਾਰਟੀ ਦੀ ਨੀਂਹ ਰੱਖੀ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …