Breaking News
Home / ਜੀ.ਟੀ.ਏ. ਨਿਊਜ਼ / ਉਨਟਾਰੀਓ ‘ਚ 21 ਦਿਨਾਂ ਦੌਰਾਨ ਡੁੱਬਣ ਕਾਰਨ 18 ਮੌਤਾਂ

ਉਨਟਾਰੀਓ ‘ਚ 21 ਦਿਨਾਂ ਦੌਰਾਨ ਡੁੱਬਣ ਕਾਰਨ 18 ਮੌਤਾਂ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਗਰਮ ਰੁੱਤ ਸਿਖਰ ਉਤੇ ਹੈ ਅਤੇ ਪਿਛਲੇ ਦਿਨੀਂ ਟੋਰਾਂਟੋ ਇਲਾਕੇ ਵਿਚ ਤਾਂ ਹੁਮਸ ਕਾਰਨ ਤਾਪਮਾਨ 46 ਡਿਗਰੀ ਸੈਂਟੀਗਰੇਡ ਤੱਕ ਪੁਹੰਚ ਗਿਆ। ਅਜਿਹੇ ਵਿਚ ਰਾਹਤ ਲਈ ਝੀਲਾਂ, ਬੀਚ, ਦਰਿਆਵਾਂ, ਤਲਾਬਾਂ ਆਦਿਕ ਵਿਚ ਜਾਂਦੇ ਬੱਚਿਆਂ ਤੋਂ ਬਜ਼ੁਰਗਾਂ ਤੱਕ (ਪੰਜਾਬੀ/ਪੰਜਾਬਣਾਂ ਵੀ) ਦੇ ਡੁੱਬ ਕੇ ਮਾਰੇ ਜਾਣ ਦੀਆਂ ਖਬਰਾਂ ਨਹੀਂ ਰੁਕ ਰਹੀਆਂ। ਜੁਲਾਈ ਦੇ ਪਿਛਲੇ 21 ਦਿਨਾਂ ਦੌਰਾਨ ਉਨਟਾਰੀਓ ਪ੍ਰਾਂਤ ਵਿਚ ਹੀ ਵੱਖ-ਵੱਖ ਥਾਵਾਂ ਤੋਂ 18 ਮੌਤਾਂ ਹੋਣ ਦੀਆਂ ਖਬਰਾਂ ਆ ਚੁੱਕੀਆਂ ਹਨ। ਹਰੇਕ ਸਾਲ ਦੀ ਗਰਮ ਰੁੱਤ ਵਾਂਗ ਇਸ ਵਾਰ ਵੀ ਦੇਸ਼ ਭਰ ਵਿਚ ਲੋਕ ਪਾਣੀ ਵਿਚ ਡੋਬੇ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਤੈਰਾਕੀ ਦੇ ਮਾਹਿਰਾਂ ਦਾ ਆਖਣਾ ਹੈ ਕਿ ਜਿਸ ਵਿਅਕਤੀ ਨੂੰ ਤੈਰਨ ਦਾ ਨਹੀਂ ਪਤਾ ਉਸ ਵਾਸਤੇ ਡੂੰਘੇ ਪਾਣੀ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ। ਡੁੱਬਣ ਦੇ ਹੋ ਰਹੇ ਲਗਪਗ ਸਾਰੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ ਪਰ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ ਵਾਲ਼ੀ ਗੱਲ ਹੈ। ਜਾਨਾਂ ਜਾ ਰਹੀਆਂ ਹਨ। ਅਕਸਰ ਵਾਪਰਦਾ ਹੈ ਕਿ ਨਿੱਕੇ ਬੱਚੇ ਡੂੰਘੇ ਪਾਣੀ ਵੱਲ ਨਿਕਲ ਜਾਂਦੇ ਹਨ, ਜਿਨ੍ਹਾਂ ਨੂੰ ਬਚਾਉਣ ਲਈ ਮਾਂ ਜਾਂ ਬਾਪ ਪਾਣੀ ਵਿਚ ਕੁੱਦਦੇ ਹਨ ਪਰ ਉਨ੍ਹਾਂ ਨੂੰ ਤੈਰਨ ਦਾ ਨਾ ਪਤਾ ਹੋਣ ਕਾਰਨ ਖੁਦ ਡੁੱਬ ਜਾਂਦੇ ਹਨ। ਸਭ ਤੋਂ ਵੱਧ ਮੌਤਾਂ ਉਨਟਾਰੀਓ ਵਿਚ ਸ਼ਹਿਰਾਂ ਅਤੇ ਕਸਬਿਆਂ ਦੇ ਨਾਲ ਲੱਗਦੀਆਂ ਝੀਲਾਂ ਵਿਚ ਹੋਣ ਬਾਰੇ ਪਤਾ ਲੱਗ ਰਿਹਾ ਹੈ। ਅਗਸਤ ਮਹੀਨੇ ਦੌਰਾਨ ਗਰਮੀ ਅਜੇ ਸਖਤ ਹੋ ਸਕਦੀ ਹੈ ਜਿਸ ਕਰਕੇ ਪੁਲਿਸ ਨੇ ਕੁਝ ਇਲਾਕਿਆਂ ਵਿਚ ਲੋਕਾਂ ਨੂੰ ਪਾਣੀਆਂ ਤੋਂ ਸਾਵਧਾਨ ਕਰਨ ਲਈ ਬੀਤੇ ਕੱਲ੍ਹ ਡਰਾਊਨਿੰਗ ਪ੍ਰਵੈਂਸ਼ਨ ਵੀਕ (ਡੁੱਬਣ ਤੋਂ ਬਚਾਅ ਪ੍ਰਤੀ ਜਾਗਰੂਕਤਾ ਦਾ ਹਫਤਾ) ਸ਼ੁਰੂ ਕੀਤਾ ਹੈ। ਇਕ ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਤੈਰਨ ਵਾਸਤੇ ਕਦੇ ਵੀ ਇਕੱਲੇ ਦੂਰ ਤੱਕ ਨਾ ਨਿਕਲਿਆ ਜਾਵੇ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …