34 ਹਜ਼ਾਰ ਨਿਵਾਸੀ ਉਡੀਕ ਸੂਚੀ ਵਿੱਚ
ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਨੇ ਸਮੁੱਚੇ ਬਰੈਂਪਟਨ ਵਿੱਚ ਤਿੰਨ ‘ਲੌਂਗ ਟਰਮ ਕੇਅਰ ਹੋਮ’ ਵਿੱਚ ਬੈਡਾਂ ਦੀ ਸੰਖਿਆ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ ਤਾਂ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਇਹ ਐਲਾਨ ‘ਲੌਂਗ ਟਰਮ ਕੇਅਰ’ ਮੰਤਰੀ ਡਾ. ਮੇਰੀਲੀ ਫੁਲਰਟੋਨ, ਛੋਟੇ ਕਾਰੋਬਾਰ ਅਤੇ ਲਾਲ ਫੀਤਾਸ਼ਾਹੀ ਖਾਤਮਾ ਸਹਾਇਕ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਲੌਂਗ ਟਰਮ ਕੇਅਰ ਮੰਤਰੀ ਦੇ ਸੰਸਦੀ ਸਹਾਇਕ ਐਫੀ ਜੇ. ਟਰੇਨਟਾਫਿਲੋਪੋਲਸ ਅਤੇ ਐਮਪੀਪੀ ਅਮਰਜੋਤ ਸੰਧੂ ਨੇ ਕੀਤਾ। ਜ਼ਿਕਰਯੋਗ ਹੈ ਕਿ ਸਮੁੱਚੇ ਸੂਬੇ ਵਿੱਚ ਇਸ ਸਮੇਂ 34 ਹਜ਼ਾਰ ਉਨਟਾਰੀਓ ਨਿਵਾਸੀ ਲੌਂਗ ਟਰਮ ਕੇਅਰ ਹੋਮ ਦੀ ਉਡੀਕ ਸੂਚੀ ਵਿੱਚ ਹਨ। ਇਸਦੇ ਮੱਦੇਨਜ਼ਰ ਸਰਕਾਰ ਨੇ ਇਹ ਫੈਸਲਾ ਲਿਆ ਹੈ।
ਲੌਂਗ ਟਰਮ ਕੇਅਰ ਮੰਤਰੀ ਨੇ ਦੱਸਿਆ ਕਿ ਇਸ ਤਹਿਤ ਟੁਲਾਮੋਰ ਕੇਅਰ ਕਮਿਊਨਿਟੀ ਪ੍ਰਾਜੈਕਟ ਵਿੱਚ 160 ਬੈਡ ਅਪਗ੍ਰੇਡ ਕੀਤੇ ਜਾ ਰਹੇ ਹਨ, ਫੇਥ ਮੈਨੋਰ ਰੀਡਿਵੈਲਪਮੈਂਟ ਪ੍ਰਾਜੈਕਟ ਵਿੱਚ 120 ਬੈਡ ਅਪਗ੍ਰੇਡ ਕਰਨ ਤੋਂ ਇਲਾਵਾ 40 ਨਵੇਂ ਬੈੱਡ ਸ਼ਾਮਲ ਕੀਤੇ ਜਾ ਰਹੇ ਹਨ ਅਤੇ ਰੀਵੇਰਾ ਲਿਵਿੰਗ ਪ੍ਰਾਜੈਕਟ ਵਿੱਚ 128 ਨਵੇਂ ਬੈਡ ਅਲਾਟ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੌਂਗ ਟਰਮ ਕੇਅਰ ਪ੍ਰਣਾਲੀ ਦੀ ਸਿਰਜਣਾ ਕਰ ਰਹੀ ਹੈ ਜੋ ਨਾਗਰਿਕ ਕੇਂਦਰਿਤ ਅਤੇ ਨਿਵਾਸੀਆਂ ਦੀ ਦੇਖਭਾਲ ਕਰਨ ਵਾਲਿਆਂ ਲਈ ਸਮਰੱਥਾ ਅਤੇ ਪਹੁੰਚ ਦਾ ਨਿਰਮਾਣ ਕਰਦੀ ਹੈ। ਸਰਕਾਰੀਆ ਨੇ ਕਿਹਾ ਕਿ ਇਨ੍ਹਾਂ ਨਵੇਂ ਬੈਡਾਂ ਨਾਲ ਹਸਪਤਾਲਾਂ ‘ਤੇ ਪ੍ਰੈਸ਼ਰ ਘਟੇਗਾ ਜਿਸ ਨਾਲ ਡਾਕਟਰ ਅਤੇ ਨਰਸਾਂ ਆਪਣੇ ਕੰਮ ਨੂੰ ਜ਼ਿਆਦਾ ਕੁਸ਼ਲਤਾ ਨਾਲ ਨੇਪਰੇ ਚਾੜ੍ਹਦੇ ਹੋਏ ਮਰੀਜ਼ਾਂ ਦੀ ਚੰਗੀ ਸਿਹਤ ਦੇਖਭਾਲ ਕਰਨਗੇ। ਐਮਪੀਪੀ ਸੰਧੂ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੰਜ ਸਾਲ ਵਿੱਚ 15 ਹਜ਼ਾਰ ਨਵੇਂ ਲੌਂਗ ਟਰਮ ਕੇਅਰ ਸਥਾਨ ਉਪਲੱਬਧ ਕਰਾਉਣ ਦੇ ਆਪਣੇ ਵਾਅਦੇ ਨੂੰ ਇੱਕ ਸਾਲ ਵਿੱਚ ਹੀ ਅੱਧਾ ਪੂਰਾ ਕਰ ਦਿੱਤਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …