Breaking News
Home / ਜੀ.ਟੀ.ਏ. ਨਿਊਜ਼ / ਸਿਆਸੀ ਨਫਾ-ਨੁਕਸਾਨ ਨੂੰ ਦਰ ਕਿਨਾਰ ਕਰ

ਸਿਆਸੀ ਨਫਾ-ਨੁਕਸਾਨ ਨੂੰ ਦਰ ਕਿਨਾਰ ਕਰ

ਟੈਕਸ ਚੋਰਾਂ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹੈ ਫੈਡਰਲ ਸਰਕਾਰ
ਓਟਵਾ/ਬਿਊਰੋ ਨਿਊਜ਼ : ਟੈਕਸ ਚੋਰੀਆਂ ਨੂੰ ਠੱਲ੍ਹ ਪਾਉਣ ਲਈ ਫੈਡਰਲ ਸਰਕਾਰ ਸਖਤ ਨਜ਼ਰ ਆ ਰਹੀ ਹੈ। ਸਿਆਸੀ ਨਫ਼ੇ ਨੁਕਸਾਨ ਨੂੰ ਦਰ ਕਿਨਾਰ ਕਰਕੇ ਸਰਕਾਰ ਸਖਤੀ ਨਾਲ ਟੈਕਸ ਚੋਰਾਂ ਨਾਲ ਨਜਿੱਠਣ ਲਈ ਤਿਆਰ ਲੱਗ ਰਹੀ ਹੈ। ਫੈਡਰਲ ਸਰਕਾਰ ਵੱਲੋਂ ਨਜਾਇਜ਼ ਟੈਕਸ ਚੋਰ ਮੋਰੀਆਂ ਨੂੰ ਖ਼ਤਮ ਕਰਨ ਲਈ ਪ੍ਰਸਤਾਵਿਤ ਤਬਦੀਲੀਆਂ ਕਾਰਨ ਸਿਆਸੀ ਤੌਰ ਉੱਤੇ ਨੁਕਸਾਨ ਹੋ ਸਕਦਾ ਹੈ। ਇਹ ਚਿਤਾਵਨੀ ਕੈਨੇਡਾ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸਿਜ਼ (ਸੀਐਫਆਈਬੀ) ਵੱਲੋਂ ਦਿੱਤੀ ਗਈ।
ਸੀਐਫਆਈਬੀ ਦੇ ਪ੍ਰੈਜ਼ੀਡੈਂਟ ਡੈਨ ਕੈਲੀ ਨੇ ਆਖਿਆ ਕਿ ਜੇ ਲਿਬਰਲ ਸਰਕਾਰ ਨਿੱਕੇ ਕਾਰੋਬਾਰੀਆਂ ਉੱਤੇ ਲਾਏ ਜਾਣ ਵਾਲੇ ਟੈਕਸ ਦੇ ਢੰਗ ਨੂੰ ਬਦਲਦੀ ਹੈ ਤਾਂ ਕਈ ਸਾਲਾਂ ਤੱਕ ਅਸਥਿਰਤਾ ਬਣੀ ਰਹੇਗੀ ਤੇ ਇਸ ਨਾਲ ਕਾਰੋਬਾਰੀ ਵਿਕਾਸ ਵਿੱਚ ਵੀ ਖੜੋਤ ਆਵੇਗੀ। ਕੈਲੀ ਨੇ ਆਖਿਆ ਕਿ ਅਸੀਂ ਸੀਐਫਆਈਬੀ ਦੇ ਮੈਂਬਰਾਂ ਦੇ 15000 ਦਸਤਖ਼ਤਾਂ ਵਾਲੀਆਂ ਪਟੀਸ਼ਨਜ਼ ਐਮਪੀਜ਼ ਨੂੰ ਸੌਂਪੀਆਂ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਵਿੱਚੋਂ ਬਹੁਤੇ ਲੋਕ ਲਿਬਰਲ ਸਨ ਜਾਂ ਅਜੇ ਵੀ ਲਿਬਰਲ ਸਮਰਥਕ ਹਨ। ਪਾਰਟੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹੁਣ ਜਿਹੜੇ ਲੋਕ ਉਨ੍ਹਾਂ ਦੇ ਨਾਲ ਹਨ ਉਹ ਉਨ੍ਹਾਂ ਤੋਂ ਵੱਖ ਵੀ ਹੋ ਸਕਦੇ ਹਨ। ਇਸ ਤਰ੍ਹਾਂ ਦੇ ਮਾਮਲੇ ਨੂੰ ਕਿਸੇ ਵੀ ਸਿਆਸੀ ਪਾਰਟੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਵਿੱਤ ਮੰਤਰੀ ਬਿੱਲ ਮੌਰਨਿਊ ਨੇ ਲੰਘੇ ਮੰਗਲਵਾਰ ਨੂੰ ਆਖਿਆ ਕਿ ਪ੍ਰਸਤਾਵਿਤ ਟੈਕਸ ਤਬਦੀਲੀਆਂ ਦੇ ਸਬੰਧ ਵਿੱਚ ਜਿਹੋ ਜਿਹੀਆਂ ਪ੍ਰਤੀਕਿਰਿਆਵਾਂ ਉਨ੍ਹਾਂ ਨੂੰ ਵੇਖਣ ਲਈ ਮਿਲ ਰਹੀਆਂ ਹਨ ਉਨ੍ਹਾਂ ਤੋਂ ਉਹ ਹੈਰਾਨ ਨਹੀਂ ਹਨ। ਮੌਰਨਿਊ ਨੇ ਆਖਿਆ ਕਿ ਸਾਨੂੰ ਹਮੇਸ਼ਾ ਇਹੋ ਲੱਗਦਾ ਹੈ ਕਿ ਇਹੋ ਜਿਹੇ ਕੁੱਝ ਖਾਸ ਮੁੱਦੇ ਹਨ ਜਿਨ੍ਹਾਂ ਉੱਤੇ ਅਸੀਂ ਪੂਰੀ ਤਰ੍ਹਾਂ ਵਿਚਾਰ ਨਹੀਂ ਕੀਤਾ। ਮੌਜੂਦਾ ਸਿਸਟਮ ਤਹਿਤ ਵੱਧ ਆਮਦਨ ਵਾਲੇ ਲੋਕਾਂ ਨੂੰ ਪਰਸਨਲ ਇਨਕਮ ਟੈਕਸਾਂ ਦੀ ਥਾਂ ਘੱਟ ਕਾਰਪੋਰੇਟ ਟੈਕਸ ਰੇਟ ਅਦਾ ਕਰਨ ਦਾ ਫਾਇਦਾ ਹੈ। ਮੌਰਨਿਊ ਨੇ ਆਖਿਆ ਕਿ ਸਰਕਾਰ ਅਜੇ ਹਾਸਲ ਹੋਈ ਸਾਰੀ ਫੀਡਬੈਕ ਦਾ ਮੁਲਾਂਕਣ ਨਹੀਂ ਕਰ ਸਕੀ ਹੈ। ਪਰ ਉਨ੍ਹਾਂ ਆਖਿਆ ਕਿ ਉਹ ਇਨ੍ਹਾਂ ਤਬਦੀਲੀਆਂ ਨਾਲ ਨਿਕਲਣ ਵਾਲੇ ਕਿਸੇ ਵੀ ਤਰ੍ਹਾਂ ਦੇ ਅਣਚਾਹੇ ਨਤੀਜਿਆਂ ਤੋਂ ਬਚਣ ਲਈ ਸਾਰੇ ਪੱਖ ਖੁੱਲ੍ਹੇ ਰੱਖ ਕੇ ਚੱਲ ਰਹੀ ਹੈ। ਇਨ੍ਹਾਂ ਤਬਦੀਲੀਆਂ ਬਾਰੇ ਸਮਾਲ ਬਿਜ਼ਨਸ ਐਂਡ ਟੂਰਿਜ਼ਮ ਮੰਤਰੀ ਬਰਦੀਸ਼ ਚੱਗਰ ਵੀ ਦੇਸ਼ ਭਰ ਵਿੱਚ ਨਿੱਕੇ ਕਾਰੋਬਾਰੀਆਂ ਦੀ ਕਮਿਊਨਿਟੀ ਦੀ ਰਾਇ ਜਾਨਣ ਲਈ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਜਦੋਂ ਤੋਂ ਜੁਲਾਈ ਵਿੱਚ ਫੈਡਰਲ ਸਰਕਾਰ ਨੇ ਆਪਣੀ ਇਸ ਤਰ੍ਹਾਂ ਦੀ ਯੋਜਨਾ ਦਾ ਖੁਲਾਸਾ ਕੀਤਾ ਹੈ ਉਦੋਂ ਤੋਂ ਹੀ ਨਿੱਕੇ ਕਾਰੋਬਾਰੀ ਵਿੱਚ ਪਰੇਸ਼ਾਨੀ ਤੇ ਬੇਚੈਨੀ ਪਾਈ ਜਾ ਰਹੀ ਹੈ। ਫੈਡਰਲ ਸਰਕਾਰ ਇਸ ਮਸਲੇ ਲਈ ਸਲਾਹ ਮਸ਼ਵਰਾ ਕਰਨ ਵਾਸਤੇ 75 ਦਿਨਾਂ ਦਾ ਸਮਾਂ ਲੈ ਕੇ ਚੱਲ ਰਹੀ ਹੈ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …