Breaking News
Home / ਜੀ.ਟੀ.ਏ. ਨਿਊਜ਼ / ਬ੍ਰਾਊਨ ਨੇ ਖੁਦ ਨੂੰ ਡਿਸਕੁਆਲੀਫਾਈ ਕਰਨ ਪਿੱਛੇ ਸਿਆਸੀ ਭ੍ਰਿਸ਼ਟਾਚਾਰ ਨੂੰ ਦੱਸਿਆ ਜ਼ਿੰਮੇਵਾਰ

ਬ੍ਰਾਊਨ ਨੇ ਖੁਦ ਨੂੰ ਡਿਸਕੁਆਲੀਫਾਈ ਕਰਨ ਪਿੱਛੇ ਸਿਆਸੀ ਭ੍ਰਿਸ਼ਟਾਚਾਰ ਨੂੰ ਦੱਸਿਆ ਜ਼ਿੰਮੇਵਾਰ

ਓਟਵਾ/ਬਿਊਰੋ ਨਿਊਜ਼ : ਹਾਲ ਹੀ ਵਿੱਚ ਡਿਸਕੁਆਲੀਫਾਈ ਕੀਤੇ ਗਏ ਕੰਸਰਵੇਟਿਵ ਪਾਰਟੀ ਲੀਡਰਸ਼ਿਪ ਉਮੀਦਵਾਰ ਪੈਟ੍ਰਿਕ ਬ੍ਰਾਊਨ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਦੌੜ ਤੋਂ ਪਾਸੇ ਕਰਨ ਲਈ ਸਿਆਸੀ ਭ੍ਰਿਸ਼ਟਾਚਾਰ ਦਾ ਸਹਾਰਾ ਲਿਆ ਗਿਆ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਕੈਂਪੇਨ ਉੱਤੇ ਚੋਣ ਫਾਇਨਾਂਸਿੰਗ ਨਿਯਮਾਂ ਨੂੰ ਤੋੜਨ ਦਾ ਇਲਜ਼ਾਮ ਵੀ ਲਾਇਆ ਗਿਆ।
ਇੱਕ ਇੰਟਰਵਿਊ ਵਿੱਚ ਬ੍ਰਾਊਨ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਪੱਕਾ ਯਕੀਨ ਹੈ ਕਿ ਇਸ ਕਦਮ ਪਿੱਛੇ ਲੀਡਰਸ਼ਿਪ ਇਲੈਕਸ਼ਨ ਕਮੇਟੀ ਵਿੱਚ ਮੌਜੂਦ ਪਿਏਰ ਪੌਲੀਏਵਰ ਦੇ ਸਮਰਥਕਾਂ ਦਾ ਹੀ ਹੱਥ ਹੈ। ਜ਼ਿਕਰਯੋਗ ਹੈ ਕਿ ਇਸ ਕਮੇਟੀ ਦੇ ਚੇਅਰ ਇਆਨ ਬ੍ਰੌਡੀ ਵੱਲੋਂ ਮੰਗਲਵਾਰ ਸ਼ਾਮ ਨੂੰ ਬ੍ਰਾਊਨ ਦੀ ਡਿਸਕੁਆਲੀਫਿਕੇਸ਼ਨ ਦਾ ਐਲਾਨ ਕੀਤਾ ਗਿਆ ਸੀ ਤੇ ਬ੍ਰਾਊਨ ਦੇ ਕੈਂਪੇਨ ਅਧਿਕਾਰੀਆਂ ਵੱਲੋਂ ਗੜਬੜੀ ਕੀਤੇ ਜਾਣ ਦੇ ਦੋਸ਼ ਵੀ ਲਾਏ ਗਏ ਸਨ।
ਇੱਕ ਬਿਆਨ ਵਿੱਚ ਆਖਿਆ ਗਿਆ ਸੀ ਕਿ ਪੈਟ੍ਰਿਕ ਬ੍ਰਾਊਨ ਦੀ ਕੈਂਪੇਨ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਤਸੱਲੀਬਖਸ਼ ਨਹੀਂ ਹੈ ਤੇ ਕੈਨੇਡਾ ਇਲੈਕਸਨਜ਼ ਐਕਟ ਦੇ ਨਿਯਮਾਂ ਤੇ ਪ੍ਰਬੰਧਾਂ ਨਾਲ ਮੇਲ ਨਹੀਂ ਖਾਂਦੀ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬ੍ਰਾਊਨ ਦੀ ਕੈਂਪੇਨ ਉੱਤੇ ਕਿਹੋ ਜਿਹੇ ਇਲਜਾਮਾਤ ਲਾਏ ਗਏ ਹਨ ਇਸ ਬਾਰੇ ਕੋਈ ਵੇਰਵੇ ਹਾਲ ਦੀ ਘੜੀ ਜਾਰੀ ਨਹੀਂ ਕੀਤੇ ਗਏ। ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਸਾਨੂੰ ਇਹ ਕਦਮ ਚੁੱਕਣਾ ਪਿਆ ਪਰ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਪਾਰਟੀ ਦੇ ਨਿਯਮਾਂ ਤੇ ਫੈਡਰਲ ਕਾਨੂੰਨ ਦਾ ਸਾਰੇ ਉਮੀਦਵਾਰਾਂ ਤੇ ਕੈਂਪੇਨ ਟੀਮਜ਼ ਵੱਲੋਂ ਸਤਿਕਾਰ ਕੀਤਾ ਜਾਵੇ।
ਇਸ ਦੌਰਾਨ ਪਿਏਰ ਪੌਲੀਏਵਰ ਦੀ ਕੈਂਪੇਨ ਵੱਲੋਂ ਵੀ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਹੋਇਆਂ ਬੁੱਧਵਾਰ ਸਵੇਰੇ ਆਖਿਆ ਗਿਆ ਕਿ ਅਜਿਹਾ ਪਹਿਲੀ ਵਾਰੀ ਨਹੀਂ ਹੋਇਆਂ ਕਿ ਪੈਟ੍ਰਿਕ ਨੂੰ ਪਬਲਿਕ ਆਫਿਸ ਵਾਸਤੇ ਚੋਣ ਵਿੱਚ ਹਿੱਸਾ ਲੈਣ ਲਈ ਡਿਸਕੁਆਲੀਫਾਈ ਕੀਤਾ ਗਿਆ ਹੋਵੇ। ਪੌਲੀਏਵਰ ਦੇ ਕੈਂਪੇਨ ਬੁਲਾਰੇ ਐਂਥਨੀ ਕੋਚ ਨੇ ਆਖਿਆ ਕਿ ਓਨਟਾਰੀਓ ਦੀ ਪੀਸੀ ਪਾਰਟੀ ਉਸ ਨੂੰ ਲੋਕਲ ਉਮੀਦਵਾਰ ਵਜੋਂ ਵੀ ਡਿਸਕੁਆਲੀਫਾਈ ਕਰ ਚੁੱਕੀ ਹੈ। ਪੈਟ੍ਰਿਕ ਅਜਿਹਾ ਸਖਸ਼ ਹੈ ਕਿ ਉਹ ਜਿੱਤਣ ਲਈ ਕੁੱਝ ਵੀ ਕਰ ਸਕਦਾ ਹੈ।

ਕੰਸਰਵੇਟਿਵ ਲੀਡਰਸ਼ਿਪ ਦੌੜ ਤੋਂ ਬਾਹਰ ਹੋਏ ਬ੍ਰਾਊਨ
ਓਟਵਾ : ਪੈਟ੍ਰਿਕ ਬ੍ਰਾਊਨ ਨੂੰ ਫੈਡਰਲ ਕੰਸਰਵੇਟਿਵ ਲੀਡਰਸ਼ਿਪ ਦੌੜ ਤੋਂ ਪਾਸੇ ਕਰ ਦਿੱਤਾ ਗਿਆ ਹੈ। ਭਾਵੇਂ ਵੋਟਾਂ ਮੇਲ ਕੀਤੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਪਰ ਬ੍ਰਾਊਨ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਹੈ। ਇਸ ਦੌਰਾਨ ਬ੍ਰਾਊਨ ਵੱਲੋਂ ਇਸ ਫੈਸਲੇ ਖਿਲਾਫ ਆਵਾਜ਼ ਉਠਾਉਣ ਦਾ ਮਨ ਬਣਾਇਆ ਗਿਆ ਹੈ। ਬਿਆਨ ਵਿੱਚ ਬ੍ਰਾਊਨ ਦੇ ਕੈਂਪੇਨ ਅਧਿਕਾਰੀਆਂ ਵੱਲੋਂ ਆਖਿਆ ਗਿਆ ਕਿ ਇਹ ਬਹੁਤ ਹੀ ਨਿੰਦਣਯੋਗ ਤੇ ਗੈਰ ਜਮਹੂਰੀ ਵਿਵਹਾਰ ਹੈ ਜਿਸਨੇ ਪੈਟ੍ਰਿਕ ਬ੍ਰਾਊਨ ਦੇ ਆਧੁਨਿਕ ਨਜ਼ਰੀਏ ਨੂੰ ਪਸੰਦ ਕਰਨ ਵਾਲੇ ਸੈਂਕੜੇ ਕੈਨੇਡੀਅਨਾਂ ਦਾ ਯਕੀਨ ਤੋੜ ਕੇ ਰੱਖ ਦਿੱਤਾ ਹੈ। ਇਹ ਵੀ ਆਖਿਆ ਗਿਆ ਕਿ ਇਹ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਨਾਂ ਉੱਤੇ ਧੱਬਾ ਹੈ ਤੇ ਇਹ ਪਾਰਟੀ ਜਨਰਲ ਚੋਣਾਂ ਜਿੱਤਣ ਲਈ ਬਿਲਕੁਲ ਵੀ ਸੰਜੀਦਾ ਨਹੀਂ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …