ਬਰੈਂਪਟਨ/ਡਾ.ਝੰਡ : ਉਨਟਾਰੀਓ ਸੂਬਾ ਸਰਕਾਰ ਵੱਲੋਂ ਲੰਘੇ ਮੰਗਲਵਾਰ ਪੇਸ਼ ਕੀਤਾ ਗਿਆ ਬਜਟ ਬਰੈਂਪਟਨ-ਵਾਸੀਆਂ ਦੀ ਪੀੜਾ ਵਿਚ ਵਾਧਾ ਕਰੇਗਾ ਅਤੇ ਉਹ ਫ਼ੋਰਡ ਸਰਕਾਰ ਵੱਲੋਂ ਲਗਾਈਆਂ ਗਈਆਂ ਕੱਟਾਂ ਦਾ ਦਰਦ ਮਹਿਸੂਸ ਕਰਨਗੇ। ਇਹ ਪ੍ਰਗਟਾਵਾ ਉਨਟਾਰੀਓ ਸੂਬੇ ਦੇ ਵਿਰੋਧੀ ਧਿਰ ਦੇ ਨੇਤਾਵਾਂ ਸਾਰਾ ਸਿੰਘ, ਕੈਵਿਨ ਯਾਰਡੇ ਤੇ ਗੁਰਰਤਨ ਸਿੰਘ ਨੇ ਕੀਤਾ ਹੈ। ਦੱਸਿਆ ਗਿਆ ਕਿ ਇਸ ਬੱਜਟ ਵਿਚ ਮਨਿਸਟਰੀ ਆਫ਼ ਚਿਲਡਰਨ, ਕਮਿਊਨਿਟੀ ਐਂਡ ਸੋਸ਼ਲ ਵੈੱਲਫ਼ੇਅਰ ਵੱਲੋਂ ਇਕ ਬਿਲੀਅਨ ਡਾਲਰ ਦੀ ਕੱਟ ਲਗਾਈ ਗਈ ਹੈ ਅਤੇ ਇਹ ਹੈੱਲਥ ਕੇਅਰ ਨੂੰ ਮਹਿੰਗਾਈ ਦੀ ਦਰ ਨਾਲ ਨਹੀਂ ਜੋੜਦਾ ਸਗੋਂ ਇਸ ਨੂੰ ਇਸ ਤੋਂ ਬਹੁਤ ਹੇਠਾਂ ਰੱਖਦਾ ਹੈ। ਇਸ ਤੋਂ ਇਲਾਵਾ ਡੱਗ ਫ਼ੋਰਡ ਨੇ ਬਰੈਂਪਟਨ-ਵਾਸੀਆਂ ਲਈ ਨਵੇਂ ਹਸਪਤਾਲ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਜਿਸ ਦੀ ਉਨ੍ਹਾਂ ਨੂੰ ਅਤੀ ਜ਼ਰੂਰਤ ਹੈ। ਬਰੈਂਪਟਨ ਲਈ ਯੂਨੀਵਰਸਿਟੀ ਕੈਂਪਸ ਜਿਸ ਦੇ ਬਾਰੇ ਉਹ ਸੋਚ ਰਹੇ ਸਨ, ਦੇ ਬਨਾਉਣ ਲਈ ਕੋਈ ਵੀ ਯੋਜਨਾ ਨਹੀਂ ਹੈ ਅਤੇ ਨਾ ਹੀ ਆਟੋ ਇਨਸ਼ੋਅਰੈਂਸ ਲਈ ਪੋਸਟਲ ਕੋਡ ਦੇ ਭੇਦ-ਭਾਵ ਨੂੰ ਦੂਰ ਕਰਨ ਲਈ ਹੀ ਕੁਝ ਕੀਤਾ ਗਿਆ ਹੈ। ਐੱਨ.ਡੀ.ਪੀ. ਦੀ ਆਗੂ ਸਾਰਾ ਸਿੰਘ ਨੇ ਕਿਹਾ, ”ਬਰੈਂਪਟਨ ਇਕ ਤੇਜ਼ੀ ਨਾਲ ਵਧ ਫੁੱਲ ਰਿਹਾ ਸ਼ਹਿਰ ਹੈ ਅਤੇ ਇਸ ਵਿਚ ਰਹਿੰਦੇ ਪਰਿਵਾਰਾਂ ਨੂੰ ਹੋਰ ਜਨਤਕ ਸੇਵਾਵਾਂ ਦੀ ਸਖ਼ਤ ਲੋੜ ਹੈ। ਸਿਹਤ ਤੇ ਸਿੱਖਿਆ ਸੇਵਾਵਾਂ ਵਿਚ ਹੋਰ ਪੂੰਜੀ ਨਿਵੇਸ਼ ਕਰਨ ਦੀ ਬਜਾਏ ਫ਼ੋਰਡ ਸਰਕਾਰ ਬਰੈਂਪਟਨ ਦੇ ਪਰਿਵਾਰਾਂ ਕੋਲੋਂ ਬਹੁਤ ਸਾਰੀਆਂ ਲੋੜੀਂਦੀਆਂ ਸੇਵਾਵਾਂ ਖੋਹ ਰਹੀ ਹੈ। ਸਾਨੂੰ ਇੱਥੇ ਨਵੇਂ ਹਸਪਤਾਲ ਦੀ ਜ਼ਰੂਰਤ ਹੈ ਅਤੇ ਇਸ ਦੇ ਨਾਲ ਹੀ ਪੀਲ ਮੈਮੋਰੀਅਲ ਦੇ ਵਿਸਥਾਰ ਦੀ ਲੋੜ ਹੈ। ਸਾਨੂੰ ਇੱਥੇ ਯੂਨੀਵਰਸਿਟੀ ਕੈਂਪਸ ਚਾਹੀਦਾ ਹੈ ਤਾਂ ਜੋ ਸਾਡੇ ਬੱਚੇ ਬਰੈਂਪਟਨ ਵਿਚ ਲੋੜੀਂਦੀ ਸਿੱਖਿਆ ਪ੍ਰਾਪਤ ਕਰ ਸਕਣ। ਫ਼ੋਰਡ ਸਰਕਾਰ ਨੇ ਨਾ ਕੇਵਲ ਇਹ ਸਾਰੀਆਂ ਗੱਲਾਂ ਨਜ਼ਰ ਅੰਦਾਜ਼ ਹੀ ਕੀਤੀਆਂ ਹਨ, ਸਗੋਂ ਬੱਜਟ ਵਿਚ ਕਈ ਤਰ੍ਹਾਂ ਦੇ ਕੱਟ ਲਗਾ ਦਿੱਤੇ ਹਨ ਜਿਨ੍ਹਾਂ ਦੀ ਗਹਿਰੀ ਸੱਟ ਬਰੈਂਪਟਨ-ਵਾਸੀ ਜਲਦੀ ਦੀ ਮਹਿਸੂਸ ਕਰਨਗੇ।” ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਸਪਰਿੰਗ ਬੱਜਟ ਸੈਸ਼ਨ ਵਿਚ ਐੱਨ.ਡੀ.ਪੀ. ਵੱਲੋਂ ਬਰੈਂਪਟਨ ਵਿਚ ਨਵਾਂ ਹਸਪਤਾਲ ਬਨਾਉਣ ਅਤੇ ਪੀਲ ਮੈਮੋਰੀਅਲ ਹਸਪਤਾਲ ਦਾ ਵਿਸਥਾਰ ਕਰਨ ਲਈ ਇਕ ਕਾਲਿੰਗ ਮੋਸ਼ਨ ਲਿਆਂਦਾ ਗਿਆ ਜਿਸ ਨੂੰ ਫ਼ੋਰਡ ਦੀ ਕੰਸਰਵੇਟਿਵ ਸਰਕਾਰ ਵੱਲੋਂ ਵੋਟਾਂ ਪਾ ਕੇ ਨਾ-ਮਨਜ਼ੂਰ ਕਰ ਦਿੱਤਾ ਗਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …