Breaking News
Home / ਜੀ.ਟੀ.ਏ. ਨਿਊਜ਼ / ਮਾਪਿਆਂ ਨੂੰ ਅਪਲਾਈ ਕਰਨ ਦਾ ਮੌਕਾ 13 ਤੋਂ

ਮਾਪਿਆਂ ਨੂੰ ਅਪਲਾਈ ਕਰਨ ਦਾ ਮੌਕਾ 13 ਤੋਂ

ਟੋਰਾਂਟੋ : ਕੈਨੇਡਾ ਵਿਚ ਪਿਛਲੇ ਮਹੀਨਿਆਂ ਤੋਂ ਅੱਗੇ ਪਾਏ ਜਾਂਦੇ ਰਹੇ ਮਾਪਿਆਂ/ ਦਾਦਕਿਆਂ/ਨਾਨਕਿਆਂ ਨੂੰ ਪੱਕੀ ਇਮੀਗ੍ਰੇਸ਼ਨ ਲਈ ਅਪਲਾਈ ਕਰਨ ਵਾਲੇ ਪ੍ਰੋਗਰਾਮ ਨੂੰ 13 ਅਕਤੂਬਰ ਤੋਂ 3 ਨਵੰਬਰ ਤੱਕ ਖੋਲ੍ਹਿਆ ਜਾਵੇਗਾ। ਉਸ ਸਮੇਂ ਦੌਰਾਨ ਕੈਨੇਡਾ ਦੇ ਨਾਗਰਿਕ ਤੇ ਪੱਕੇ ਵਸਨੀਕ ਆਪਣੇ ਵਿਦੇਸ਼ਾਂ ਵਿਚ ਰਹਿੰਦੇ ਮਾਪਿਆਂ ਤੇ ਦਾਦਕਿਆਂ/ਨਾਨਕਿਆਂ ਨੂੰ ਕੈਨੇਡਾ ਲਿਜਾਣ ਲਈ ਆਪਣੇ ਇਰਾਦੇ ਦਾ ਪ੍ਰਗਟਾਵਾ ਕਰ ਸਕਦੇ ਹਨ। ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਕਿ ਲੰਘੇ ਸਾਲ ਲਾਟਰੀ ਸਿਸਟਮ ਖਤਮ ਕਰਕੇ ਪਹਿਲਾਂ ਅਪਲਾਈ ਕਰਨ ਵਾਲੇ ਵਿਅਕਤੀ ਦੀ ਅਰਜੀ ਨੂੰ ਪਹਿਲ ਦੇ ਅਧਾਰ ‘ਤੇ ਨਿਪਟਾਉਣ ਦਾ ਸਿਸਟਮ ਲਿਆਂਦਾ ਗਿਆ ਸੀ ਪਰ ਉਹ ਸਿਸਟਮ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਕੁਝ ਮਿੰਟਾਂ ਵਿਚ ਹੀ ਕੋਟਾ ਪੂਰਾ ਹੋ ਗਿਆ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਨਿਰਾਸ਼ਾ ਹੋਈ ਸੀ। ਇਸ ਕਰਕੇ ਲਾਟਰੀ ਸਿਸਟਮ ਦੁਬਾਰਾ ਲਾਗੂ ਕਰ ਦਿੱਤਾ ਗਿਆ ਹੈ। 13 ਅਕਤੂਬਰ ਤੋਂ ਬਾਅਦ ਅਗਲੇ 3 ਕੁ ਹਫਤਿਆਂ ਦੌਰਾਨ ਆਨਲਾਈਨ ਮਿਲਣ ਵਾਲੇ ਫਾਰਮਾਂ ਵਿਚੋਂ ਕੰਪਿਊਟਰ ਰਾਹੀਂ ਡਰਾਅ ਕੱਢ ਕੇ 10000 ਵਿਅਕਤੀਆਂ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ। ਪਿਛਲੇ ਸਾਲਾਂ ਦੌਰਾਨ ਇਮੀਗ੍ਰੇਸ਼ਨ ਦੀ ਲਾਟਰੀ ਸਿਸਟਮ ਬਹੁਤ ਸਾਰੇ ਵਿਵਾਦਾਂ ਵਿਚ ਘਿਰਿਆ ਰਿਹਾ ਹੈ, ਕਿਉਂਕਿ ਇਸ ਨਾਲ ਸਾਰੀਆਂ ਯੋਗਤਾਵਾਂ ਪੂਰੇ ਕਰਦੇ ਹੋਣ ਦੇ ਬਾਵਜੂਦ ਬਹੁਤ ਸਾਰੇ ਵਿਅਕਤੀਆਂ ਨੂੰ ਆਪਣੇ ਮਾਪੇ ਸਪਾਂਸਰ ਕਰਨ ਦਾ ਮੌਕਾ ਨਹੀਂ ਮਿਲਦਾ। ਮੰਤਰੀ ਮੈਂਡੀਚੀਨੋ ਨੇ ਕਿਹਾ ਕਿ ਪਰਿਵਾਰਾਂ ਨੂੰ ਇਕੱਠੇ ਕਰਨ ਲਈ ਸੁਪਰ ਵੀਜ਼ਾ ਦੀ ਨੀਤੀ ਬਹੁਤ ਸਫਲ ਹੈ, ਜਿਸ ਨਾਲ 10 ਸਾਲਾਂ ਤੱਕ ਕੈਨੇਡਾ ਜਾਇਆ ਤੇ ਸਵ-ਦੇਸ਼ ਮੁੜਿਆ ਜਾ ਸਕਦਾ ਹੈ ਤੇ ਹਰੇਕ ਫੇਰੀ ਦੌਰਾਨ ਦੋ ਸਾਲਾਂ ਤੱਕ ਕੈਨੇਡਾ ਵਿਚ ਰਿਹਾ ਜਾ ਸਕਦਾ ਹੈ। ਸੁਪਰ ਵੀਜ਼ਾ ਨਾਲ ਪਰਿਵਾਰਾਂ ਦੇ ਖੇਰੂੰ-ਖੇਰੂੰ ਹੋਣ ਦਾ ਡਰ ਬਣਿਆ ਰਹਿੰਦਾ ਹੈ ਤੇ ਪਰਿਵਾਰਾਂ ਲਈ ਬਜ਼ੁਰਗ ਮਾਪਿਆਂ ਦੀ ਸਿਹਤ ਦਾ ਬੀਮਾ ਬਹੁਤ ਮਹਿੰਗਾ ਵੀ ਪੈਂਦਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …