ਮੈਨੀਟੋਬਾ ਆਰਸੀਐਮਪੀ ਦਾ ਕਹਿਣਾ ਹੈ ਕਿ ਮੁਜ਼ਾਹਰੇ ਕਾਰਨ ਐਮਰਸਨ ਦੇ ਪੋਰਟ ਆਫ ਐਂਟਰੀ ਨੂੰ ਬੰਦ ਕਰਨਾ ਪਿਆ। ਸੋਸ਼ਲ ਮੀਡੀਆ ਪੋਸਟ ਅਨੁਸਾਰ ਵੀਰਵਾਰ ਸਵੇਰ ਨੂੰ ਵੱਡੀ ਗਿਣਤੀ ਵਿੱਚ ਗੱਡੀਆਂ ਤੇ ਫਾਰਮ ਵਿੱਚ ਵਰਤੋਂ ਵਿੱਚ ਆਉਣ ਵਾਲੇ ਸਾਜ਼ੋ ਸਮਾਨ ਨਾਲ ਲੈਸ ਹੋ ਕੇ ਲੋਕਾਂ ਨੇ ਇੱਥੇ ਮੁਜ਼ਾਹਰਾ ਕੀਤਾ ਤੇ ਇਸ ਕਰਕੇ ਆਵਾਜਾਈ ਵਿੱਚ ਕਾਫੀ ਵਿਘਣ ਪਿਆ। ਟਵੀਟ ਵਿੱਚ ਇਹ ਸੁਨੇਹਾ ਵੀ ਦਿੱਤਾ ਗਿਆ ਕਿ ਪੋਰਟ ਆਫ ਐਂਟਰੀ ਬੰਦ ਹੈ ਤੇ ਉਸ ਇਲਾਕੇ ਵਿੱਚ ਨਾ ਜਾਇਆ ਜਾਵੇ। ਆਰਸੀਐਮਪੀ ਵੀ ਮੌਕੇ ਉੱਤੇ ਮੌਜੂਦ ਸੀ ਤੇ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਉਹ ਮੁਜ਼ਾਹਰੇ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਦੀ ਕੋਸਿ਼ਸ਼ ਕਰ ਰਹੇ ਹਨ। ਇਸ ਤਰ੍ਹਾਂ ਦੇ ਮੁਜ਼ਾਹਰੇ ਕੂਟਸ, ਅਲਬਰਟਾ ਵਿੱਚ ਤੇ ਅੰਬੈਸਡਰ ਬ੍ਰਿਜ ਓਨਟਾਰੀਓ ਵਿੱਚ ਬਾਰਡਰ ਕਰੌਸਿੰਗਜ਼ ਉੱਤੇ ਵੀ ਵੇਖਣ ਨੂੰ ਮਿਲੇ। ਇਸ ਦੌਰਾਨ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਡਰਾਈਵਰਾਂ ਤੇ ਟਰੱਕਿੰਗ ਇੰਡਸਟਰੀ ਨਾਲ ਸਬੰਧਤ ਵੱਡੀ ਗਿਣਤੀ ਲੋਕਾਂ ਦਾ ਸਬਰ ਅਜਿਹੇ ਬਲਾਕੇਡਜ਼ ਕਾਰਨ ਹੁਣ ਜਵਾਬ ਦੇ ਚੁੱਕਿਆ ਹੈ। ਲਾਸਕੋਵਸਕੀ ਨੇ ਇੱਕ ਬਿਆਨ ਵਿੱਚ ਲਿਖਿਆ ਕਿ ਟਰੱਕਿੰਗ ਇੰਡਸਟਰੀ ਤੇ ਇਸ ਦੇ ਡਰਾਈਵਰਾਂ ਨੂੰ ਇਸ ਮਸਲੇ ਨੂੰ ਸਿਆਸੀ ਰੰਗਤ ਦੇਣ ਵਾਲਿਆਂ ਤੇ ਸਾਡੀਆਂ ਸਰਹੱਦਾਂ, ਹਾਈਵੇਅਜ਼ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਕਰਕੇ ਵੱਡਾ ਨੁਕਸਾਨ ਸਹਿਣਾ ਪੈ ਰਿਹਾ ਹੈ। ਇਸ ਤਰ੍ਹਾਂ ਦੀਆਂ ਹਰਕਤਾਂ ਕਾਰਨ ਕੈਨੇਡਾ ਤੇ ਅਮਰੀਕਾ ਦਰਮਿਆਨ ਵਪਾਰ ਵੀ ਠੱਪ ਹੋ ਕੇ ਰਹਿ ਗਿਆ ਹੈ।ਉਨ੍ਹਾਂ ਦੀਆਂ ਗਤੀਵਿਧੀਆਂ ਕਾਰਨ ਕੈਨੇਡੀਅਨਜ਼ ਵੀ ਪਰੇਸ਼ਾਨ ਹਨ ਤੇ ਜਿਨ੍ਹਾਂ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਪ੍ਰਤੀ ਮੁਜ਼ਾਹਰਾਕਾਰੀਆਂ ਨੂੰ ਕੋਈ ਹਮਦਰਦੀ ਵੀ ਨਹੀਂ ਹੈ।
ਲਾਸਕੋਵਸਕੀ ਨੇ ਆਖਿਆ ਕਿ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰਨ ਦਾ ਸਾਰੇ ਕੈਨੇਡੀਅਨਜ਼ ਨੂੰ ਅਧਿਕਾਰ ਹੈ ਪਰ ਜਿਹੜੇ ਲੋਕ ਦੋਵਾਂ ਪਾਸਿਆਂ ਤੋਂ ਗੱਡੀਆਂ ਨੂੰ ਬਾਰਡਰ ਪਾਰ ਕਰਨ ਤੋਂ ਰੋਕ ਰਹੇ ਹਨ ਉਹ ਸ਼ਾਂਤ ਮੁਜ਼ਾਹਰਾਕਾਰੀ ਨਹੀਂ ਹਨ। ਉਨ੍ਹਾਂ ਆਖਿਆ ਕਿ ਬਾਰਡਰ ਕਰੌਸਿੰਗ ਉੱਤੇ ਡਰਾਈਵਰ ਚਾਰ ਤੋਂ ਅੱਠ ਘੰਟਿਆਂ ਲਈ ਫਸੇ ਰਹੇ, ਜਿਨ੍ਹਾਂ ਵਿੱਚੋਂ ਬਹੁਤਿਆਂ ਕੋਲ ਖਾਣ ਪੀਣ ਲਈ ਕੋਈ ਫੂਡ ਨਹੀਂ ਸੀ ਤੇ ਨਾ ਹੀ ਵਾਸ਼ਰੂਮ ਦੀ ਕੋਈ ਸਹੂਲਤ ਸੀ।