ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕਰੋਨਾ ਸਬੰਧੀ ਫੈਡਰਲ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦਾ ਅਧਿਐਨ ਕਰਨ ਲਈ ਹਾਊਸ ਆਫ ਕਾਮਨਜ਼ ਦੀ ਹੈਲਥ ਕਮੇਟੀ ਨੂੰ ਸਰਕਾਰ ਜਿੰਨਾ ਸੰਭਵ ਹੋ ਸਕੇਗਾ ਜਾਣਕਾਰੀ ਮੁਹੱਈਆ ਕਰਾਵੇਗੀ ਪਰ ਇਸ ਗੱਲ ਦੀ ਵੀ ਇੱਕ ਹੱਦ ਹੋਵੇਗੀ ਕਿ ਉਸ ਵਿੱਚੋਂ ਕਿੰਨੀ ਜਾਣਕਾਰੀ ਉਜਾਗਰ ਕੀਤੀ ਜਾਂਦੀ ਹੈ।ਟਰੂਡੋ ਨੇ ਆਖਿਆ ਕਿ ਕੰਜ਼ਰਵੇਟਿਵਾਂ ਵੱਲੋਂ ਲਿਆਂਦੇ ਗਏ ਮਤੇ ਦੇ ਸਬੰਧ ਵਿੱਚ ਕਈ ਅਹਿਮ ਪ੍ਰਾਈਵੇਟ ਸੈਕਟਰਾਂ ਵੱਲੋਂ ਇਹ ਚਿੰਤਾ ਜ਼ਾਹਿਰ ਕੀਤੀ ਗਈ ਸੀ ਕਿ ਉਨ੍ਹਾਂ ਦੀ ਗੁਪਤ ਤੇ ਸੰਵੇਦਨਸ਼ੀਲ ਜਾਣਕਾਰੀ ਜੱਗ ਜਾਹਿਰ ਹੋਣ ਦਾ ਡਰ ਹੈ। ਟਰੂਡੋ ਨੇ ਆਖਿਆ ਕਿ ਅਸੀਂ ਕੈਨੇਡੀਅਨਾਂ ਨੂੰ ਖਤਰੇ ਵਿੱਚ ਪਾਏ ਬਿਨਾ ਜਿਨਾਂ ਪਾਰਦਰਸ਼ੀ ਹੋ ਸਕਿਆ ਰਹਿਣ ਦੀ ਕੋਸ਼ਿਸ਼ ਕਰਾਂਗੇ।ਜ਼ਿਕਰਯੋਗ ਹੈ ਕਿ ਲਿਬਰਲਾਂ ਤੇ ਸਟੇਕਹੋਲਡਰਜ਼ ਦੀਆਂ ਚਿੰਤਾਵਾਂ ਦੇ ਬਾਵਜੂਦ ਸਾਰੀਆਂ ਪਾਰਟੀਆਂ ਵੱਲੋਂ ਕੰਜ਼ਰਵੇਟਿਵਾਂ ਦੇ ਲਿਆਂਦੇ ਇਸ ਮਤੇ ਨੂੰ ਪਾਸ ਕੀਤਾ ਗਿਆ ਕਿ ਕੋਵਿਡ-19 ਬਾਰੇ ਫੈਡਰਲ ਸਰਕਾਰ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਹੋਣਾ ਚਾਹੀਦਾ ਹੈ ਤੇ ਸਬੰਧਤ ਧਿਰ ਦੀ ਜਵਾਬਦੇਹੀ ਵੀ ਜ਼ਰੂਰੀ ਹੈ। ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਇੰਜ ਲੱਗਦਾ ਹੈ ਕਿ ਲਿਬਰਲ ਆਗੂ ਆਪਣੀ ਜਵਾਬਦੇਹੀ ਤੈਅ ਕੀਤੇ ਜਾਣ ਤੋਂ ਡਰਦੇ ਹਨ। ਇਹ ਬਿਲਕੁਲ ਸਧਾਰਨ ਗੱਲ ਹੈ ਕਿ ਵਿਰੋਧੀ ਧਿਰ ਇਹ ਜਾਨਣ ਦਾ ਹੱਕ ਰੱਖਦੀ ਹੈ ਕਿ ਕੀ ਕੈਨੇਡੀਅਨਾਂ ਦੇ ਪੈਸੇ ਦਾ ਉਨ੍ਹਾਂ ਨੂੰ ਪੂਰਾ ਮੁੱਲ ਮੁੜ ਰਿਹਾ ਹੈ? ਅਜਿਹੇ ਸਵਾਲ ਬਿਲਕੁਲ ਪੁੱਛੇ ਜਾਣੇ ਚਾਹੀਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …