11.9 C
Toronto
Saturday, October 18, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ 'ਚ ਪੰਜਾਬੀ ਮੁੰਡੇ ਤੇ ਕੁੜੀਆਂ ਉਤੇ ਕੇਸਾਂ ਦੀ ਭਰਮਾਰ

ਕੈਨੇਡਾ ‘ਚ ਪੰਜਾਬੀ ਮੁੰਡੇ ਤੇ ਕੁੜੀਆਂ ਉਤੇ ਕੇਸਾਂ ਦੀ ਭਰਮਾਰ

ਟੋਰਾਂਟੋ/ਸਤਪਾਲ ਸਿੰਘ ਜੌਹਲ
ਲੰਘੇ ਸਾਲਾਂ ਤੋਂ ਕੈਨੇਡਾ ਦੇ ਸਾਰੇ ਇਲਾਕਿਆਂ ‘ਚ ਪੰਜਾਬੀਆਂ ਦੀ ਵਸੋਂ ਦਾ ਵਧਣਾ ਜਾਰੀ ਹੈ, ਜਿਨ੍ਹਾਂ ‘ਚ ਨੌਜਵਾਨ ਮੁੰਡੇ ਤੇ ਕੁੜੀਆਂ ਦੀ ਗਿਣਤੀ ਜ਼ਿਆਦਾ ਹੈ। ਉਨ੍ਹਾਂ ‘ਚ 17 ਤੋਂ 19 ਕੁ ਸਾਲ ਦੇ ਮੁੰਡੇ/ਕੁੜੀਆਂ (ਟੀਨਏਜਰ) ਵੀ ਵਿਦਿਆਰਥੀਆਂ ਵਜੋਂ ਪੁੱਜ ਰਹੇ/ਰਹੀਆਂ ਹਨ। ਕੈਨੇਡਾ ਭਰ ‘ਚ ਹੀ ਪੰਜਾਬੀ ਮੂਲ ਦੇ ਲੋਕਾਂ ਦਾ ਪਸਾਰਾ ਵੱਧ ਰਿਹਾ ਹੈ ਪਰ ਉਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੇ ਦੱਖਣ ‘ਚ ਵਸੋਂ ਬਹੁਤ ਸੰਘਣੀ ਹੋ ਚੁੱਕੀ ਹੈ।
ਨਵੇਂ ਲੋਕ ਉੱਥੇ ਪੁੱਜ ਕੇ ਆਪਣੀ ਸਥਾਪਤੀ ਲਈ ਯਤਨਸ਼ੀਲ ਰਹਿੰਦੇ ਹਨ ਪਰ ਇਸ ਦੇ ਨਾਲ ਅਕਸਰ ਹੀ ਕਈ ਪ੍ਰਕਾਰ ਦੇ ਅਪਰਾਧਾਂ ਕਾਰਨ ਉਹ ਪੁਲਿਸ ਦੇ ਕੇਸਾਂ ‘ਚ ਵੀ ਘਿਰ ਜਾਂਦੇ ਹਨ। ਟੋਰਾਂਟੋ ਇਲਾਕੇ ਦੀਆਂ ਅਦਾਲਤਾਂ ਅੰਦਰ ਲੋਕਾਂ ਦੀ ਚਹਿਲ-ਪਹਿਲ ‘ਚ ਪੰਜਾਬੀਆਂ ਅਤੇ ਪੰਜਾਬਣਾਂ ਦੀ ਗਿਣਤੀ ਕਿਸੇ ਹੋਰ ਭਾਈਚਾਰੇ ਦੇ ਲੋਕਾਂ (ਪਰਿਵਾਰਾਂ) ਤੋਂ ਘੱਟ ਨਹੀਂ। ਜੇਲ੍ਹਾਂ ‘ਚ ਵੀ ਪੰਜਾਬੀਆਂ ਅਤੇ ਪੰਜਾਬਣਾਂ ਦੀ ਚੋਖੀ ਹਾਜ਼ਰੀ ਬਣੀ ਰਹਿੰਦੀ ਹੈ।
ਦੀਵਾਨੀ ਅਤੇ ਫ਼ੌਜਦਾਰੀ ਅਦਾਲਤਾਂ ‘ਚ ਚੋਰੀਆਂ, ਠੱਗੀਆਂ, ਲੁੱਟਾਂ, ਲੜਾਈਆਂ, ਧੋਖਿਆਂ, ਕੁਟਾਪਿਆਂ, ਹੇਰਾ-ਫੇਰੀਆਂ ਵਗ਼ੈਰਾ ਦੇ ਕੇਸ ਆਮ ਹਨ। ਘਰੇਲੂ ਕਲੇਸ਼ਾਂ ਦੇ ਨਾਲ-ਨਾਲ ਬੀਤੇ ਕੁਝ ਮਹੀਨਿਆਂ ਤੋਂ ਉਨਟਾਰੀਓ ਵਿਖੇ ਟੋਰਾਂਟੋ, ਬਰੈਂਪਟਨ, ਮਿਲਟਨ, ਸੇਂਟ ਕੈਦਰੀਨ, ਬੈਰੀ, ਵਿੰਡਸਰ ਆਦਿਕ ਸ਼ਹਿਰਾਂ ‘ਚ ਸਥਿਤ ਅਦਾਲਤਾਂ ਦੇ ਕੰਪਲੈਕਸਾਂ ਅੰਦਰ ਪੰਜਾਬੀ ਮੁੰਡੇ ਅਤੇ ਕੁੜੀਆਂ ਦੀ ਵਧ ਰਹੀ ਆਵਾਜਾਈ ਦੇਖਣ ਨੂੰ ਮਿਲਣ ਲੱਗੀ ਹੈ।
ਉਨ੍ਹਾਂ ‘ਚ ਬਹੁਤ ਸਾਰੇ ਅਜਿਹੇ ਹਨ ਜੋ ਜਿਣਸੀ ਹਮਲੇ/ਸਰੀਰਕ ਸ਼ੋਸ਼ਣ ਦੇ ਕੇਸਾਂ ‘ਚ ਫਸੇ ਰਹੇ ਹਨ ਅਤੇ ਤਰੀਕਾਂ ਭੁਗਤਣੀਆਂ ਪੈ ਰਹੀਆਂ ਹਨ। ਕੁੜੀਆਂ ਵਲੋਂ ਪੁਲਿਸ ਨੂੰ ਦਿੱਤੀਆਂ ਜਾਂਦੀਆਂ ਸ਼ਿਕਾਇਤਾਂ ਤੋਂ ਬਾਅਦ ਮੁੰਡੇ ਅਜਿਹੇ ਮਾਮਲਿਆਂ ‘ਚ ਆਮ ਘਿਰਦੇ ਹਨ। ਇਕ ਤੋਂ ਦੂਸਰੇ/ਦੂਸਰੀ ਤੱਕ ਬਦਲਦੇ ਰਿਸ਼ਤਿਆਂ ਵਿਚ ਕੁੜੱਤਣ ਲੜਾਈ ਅਤੇ ਅਤੇ ਫਿਰ ਮੁਕੱਦਮਿਆਂ ਤੱਕ ਗੱਲ ਪੁੱਜਦੀ ਹੈ। ਕੈਨੇਡਾ ਵਿਚ ਜਿਣਸੀ ਹਮਲੇ ਦਾ ਦੋਸ਼ ਅਪਰਾਧਕ ਅਤੇ ਬੜਾ ਭੈੜਾ ਹੈ ਜਿਸ ਦੇ ਸਿੱਟੇ (ਉਮਰ ਭਰ ਲਈ) ਬੜੇ ਭਿਆਨਕ ਨਿਕਲਦੇ ਸਕਦੇ ਹਨ। ਇਸ ਤਰ੍ਹਾਂ ਦੇ ਅਪਰਾਧਕ ਕੇਸ ‘ਚ ਸਜ਼ਾ ਛੇ ਮਹੀਨਿਆਂ ਤੋਂ 10 ਸਾਲਾਂ ਤੱਕ ਅਤੇ ਜੁਰਮਾਨਾ ਹੋ ਸਕਦਾ ਹੈ। ਜੇਕਰ ਦੋਸ਼ੀ ਸਟੱਡੀ ਪਰਮਿਟ/ਵਰਕ ਪਰਮਿਟ ਜਾਂ ਭਾਵੇਂ ਪੀ.ਆਰ. ਹੋਵੇ ਤਾਂ ਆਮ ਹਾਲਤਾਂ ਵਿਚ ਸਜ਼ਾ ਭੁਗਤਣ ਤੋਂ ਬਾਅਦ ਉਸ ਦਾ ਸਵ-ਦੇਸ਼ ਡਿਪੋਰਟ ਹੋਣਾ ਤੈਅ ਹੋ ਜਾਂਦਾ ਹੈ।

RELATED ARTICLES
POPULAR POSTS