Breaking News
Home / ਜੀ.ਟੀ.ਏ. ਨਿਊਜ਼ / ਅਫਗਾਨੀ ਸਿੱਖਾਂ ਨੂੰ ਕੈਨੇਡਾ ਲਿਆਉਣ ਲਈ ਓਨਟਾਰੀਓ ਦੇ ਸਿੱਖ ਸੰਗਠਨਾਂ ਨੇ ਸੰਭਾਲਿਆ ਮੋਰਚਾ

ਅਫਗਾਨੀ ਸਿੱਖਾਂ ਨੂੰ ਕੈਨੇਡਾ ਲਿਆਉਣ ਲਈ ਓਨਟਾਰੀਓ ਦੇ ਸਿੱਖ ਸੰਗਠਨਾਂ ਨੇ ਸੰਭਾਲਿਆ ਮੋਰਚਾ

ਓਨਟਾਰੀਓ ਗੁਰਦੁਆਰਾ ਕਮੇਟੀ ਤੇ ਓਨਟਾਰੀਓ ਸਿੱਖ ਐਂਡ ਗੁਰਦੁਆਰਾਜ਼ ਕੌਂਸਲ ਵੱਲੋਂ ਸਰਕਾਰ ਨਾਲ ਮਿਲ ਕੇ ਅਫਗਾਨੀ ਸਿੱਖਾਂ ਦੀ ਮਦਦ ਲਈ ਕੰਮ ਕਰਨ ਦਾ ਸਾਂਝਾ ਫੈਸਲਾ
ਮਿਸੀਸਾਗਾ/ਬਿਊਰੋ ਨਿਊਜ਼ : ਅਫਗਾਨਿਸਤਾਨ ਵਿਚ ਮੁਸ਼ਕਿਲ ਦੌਰ ਵਿਚੋਂ ਲੰਘ ਰਹੇ ਸਿੱਖ ਭਾਈਚਾਰੇ ਨੂੰ ਕੈਨੇਡਾ ਲਿਆ ਕੇ ਵਸਾਉਣ ਲਈ ਓਨਟਾਰੀਓ ਦੇ ਸਿੱਖ ਸੰਗਠਨਾਂ ਨੇ ਮੋਰਚਾ ਸੰਭਾਲ ਲਿਆ ਹੈ। ਇਸ ਮਾਮਲੇ ਵਿਚ ਓਨਟਾਰੀਓ ਗੁਰਦੁਆਰਾ ਕਮੇਟੀ ਤੇ ਓਨਟਾਰੀਓ ਸਿੱਖ ਐਂਡ ਗੁਰਦੁਆਰਾਜ਼ ਕੌਂਸਲ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਕਿ ਉਹ ਅਫਗਾਨੀ ਸਿੱਖਾਂ ਦੀ ਮਦਦ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨਗੇ। ਓਜੀਸੀ ਤੇ ਓਐਸਜੀਸੀ ਵੱਲੋਂ ਅਫਗਾਨਿਸਤਾਨ ਵਿੱਚ ਸਿੱਖਾਂ ਨੂੰ ਦਰਪੇਸ਼ ਹਾਲਾਤ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਤੇ ਅਗਲੇਰੀ ਕਾਰਵਾਈ ਉਲੀਕਣ ਲਈ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕਾਊਂਸਲ ਦੇ ਨੁਮਾਇੰਦਿਆਂ ਬਲਜਿੰਦਰ ਸਿੰਘ ਭੁੱਲਰ, ਜੋ ਕਿ ਮਰਹੂਮ ਐਮਐਲਏ ਮਨਮੀਤ ਸਿੰਘ ਭੁੱਲਰ ਦੇ ਪਿਤਾ ਹਨ, ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਤੋਂ ਸ਼ਰਨਜੀਤ ਕੌਰ ਤੇ ਖਾਲਸਾ ਏਡ ਕੈਨੇਡਾ ਤੋਂ ਜਤਿੰਦਰ ਸਿੰਘ ਨੇ ਵੀ ਇਸ ਪ੍ਰੈੱਸ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ। ਅਫਗਾਨਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਉੱਤੇ ਪਿੱਛੇ ਜਿਹੇ ਹੋਏ ਘਾਤਕ ਹਮਲੇ ਕਾਰਨ ਕੈਨੇਡੀਅਨ ਸਿੱਖ ਕਮਿਊਨਿਟੀ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਦੌਰਾਨ 65 ਅਫਗਾਨੀ ਸਿੱਖ ਤੇ ਹਿੰਦੂ ਪਰਿਵਾਰਾਂ ਜਿਨ੍ਹਾਂ ਨੂੰ ਪ੍ਰਾਈਵੇਟ ਸਪਾਂਸਰਸ਼ਿਪ ਵੀ ਹਾਸਲ ਹੈ, ਦੇ ਸਬੰਧ ਵਿੱਚ ਕੋਈ ਕਾਰਵਾਈ ਨਾ ਹੋਣ ਦਾ ਵੀ ਇਸ ਮੌਕੇ ਸਖਤ ਨੋਟਿਸ ਲਿਆ ਗਿਆ।
ਇਸ ਮੌਕੇ ਕੀਤੇ ਗਏ ਵਿਚਾਰ ਵਟਾਂਦਰੇ ਅਨੁਸਾਰ ਇਸ ਸਮੇਂ ਅਫਗਾਨੀ ਸਿੱਖ ਤੇ ਹਿੰਦੂ ਕਮਿਊਨਿਟੀਜ਼ ਸੰਕਟ ਵਾਲੇ ਹਾਲਾਤ ਨਾਲ ਜੂਝ ਰਹੇ ਹਨ। ਉਨ੍ਹਾਂ ਦੀ ਨਾ ਤਾਂ ਸੇਫਟੀ ਤੇ ਨਾ ਹੀ ਸਕਿਊਰਿਟੀ ਦਾ ਕੋਈ ਖਾਸ ਪ੍ਰਬੰਧ ਹੈ। ਕੈਨੇਡੀਅਨ ਸਿੱਖ ਕਮਿਊਨਿਟੀ ਨੂੰ ਕੈਨੇਡਾ ਸਰਕਾਰ ਤੋਂ ਪੂਰੀ ਆਸ ਹੈ ਤੇ ਉਨ੍ਹਾਂ ਵੱਲੋਂ ਸਰਕਾਰ ਕੋਲ ਅਪੀਲ ਕੀਤੀ ਗਈ ਕਿ:
ਅਫਗਾਨਿਸਤਾਨ ਵਿਚਲੇ ਸਿੱਖਾਂ ਤੇ ਹਿੰਦੂਆਂ ਨੂੰ ਕਮਜ਼ੋਰ ਘੱਟ ਗਿਣਤੀਆਂ ਦਾ ਦਰਜਾ ਦਿੱਤਾ ਜਾਵੇ ਤੇ ਸਾਡੇ ਕੌਮਾਂਤਰੀ ਭਾਈਵਾਲਾਂ ਨਾਲ ਰਲ ਕੇ ਉਨ੍ਹਾਂ ਨੂੰ ਮੌਜੂਦਾ ਹਾਲਾਤ ਵਿੱਚੋਂ ਕੱਢਣ ਲਈ ਢੁਕਵੀਂ ਯੋਜਨਾ ਉਲੀਕੀ ਜਾਵੇ। ਉਨ੍ਹਾਂ ਨਾਲ ਪਹਿਲਾਂ ਥਰਡ ਕੰਟਰੀ ਜਾਣ ਵਾਲੀ ਸ਼ਰਤ ਵੀ ਨਾ ਰੱਖੀ ਜਾਵੇ।
65 ਅਫਗਾਨੀ ਸਿੱਖ ਤੇ ਹਿੰਦੂ ਰਫਿਊਜੀ ਪਰਿਵਾਰਾਂ, ਜਿਨ੍ਹਾਂ ਨੂੰ ਪ੍ਰਾਈਵੇਟ ਸਪਾਂਸਰਸ਼ਿਪ ਹਾਸਲ ਹੈ ਤੇ ਜਿਨ੍ਹਾਂ ਦੀਆਂ ਫਾਈਲਾਂ ਉੱਤੇ ਵੀ ਕਾਰਵਾਈ ਚੱਲ ਰਹੀ ਹੈ, ਦਾ ਕੰਮ ਤੇਜੀ ਨਾਲ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਫਾਈਲਾਂ ਪਹਿਲ ਦੇ ਆਧਾਰ ਉੱਤੇ ਨਿਪਟਾਈਆਂ ਜਾਣ।
ਆਉਣ ਵਾਲੇ ਦਿਨਾਂ ਵਿੱਚ ਸਿੱਖ ਕਮਿਊਨਿਟੀ ਦੇ ਮੈਂਬਰ ਸਰਕਾਰ ਨਾਲ ਤੇ ਚੁਣੇ ਹੋਏ ਅਧਿਕਾਰੀਆਂ ਨਾਲ ਰਲ ਕੇ ਅਫਗਾਨਿਸਤਾਨ ਵਿੱਚ ਹਿੰਸਾ ਦੀ ਮਾਰ ਸਹਿ ਰਹੇ ਇਨ੍ਹਾਂ ਪਰਿਵਾਰਾਂ ਲਈ ਜਲਦ ਤੋਂ ਜਲਦ ਕੋਈ ਕਾਰਵਾਈ ਕਰਨ ਲਈ ਰਾਹ ਕੱਢਣਗੇ।

Check Also

ਫੋਰਡ ਸਰਕਾਰ ਨੇ ਸਾਫਟਵੇਅਰ ਤਿਆਰ ਕਰਨ ਲਈ ਇਕੋ ਫਰਮ ਨੂੰ ਕੰਟਰੈਕਟ

ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਨੇ ਡਿਜੀਟਲ ਟ੍ਰਿਬਿਊਨਲ ਸਿਸਟਮ ਕਾਇਮ ਕਰਨ ਲਈ ਸਿਰਫ ਇੱਕ ਇੰਟਰਨੈਸ਼ਨਲ …