ਟੋਰਾਂਟੋ/ਬਿਊਰੋ ਨਿਊਜ਼ : ਪ੍ਰੀਮੀਅਰ ਡੱਗ ਫੋਰਡ ਨੇ ਕੋਵਿਡ-19 ਵੈਕਸੀਨ ਸਰਟੀਫਿਕੇਟਸ ਲਾਂਚ ਕੀਤੇ ਜਾਣ ਨੂੰ ਸਹੀ ਕਦਮ ਦੱਸਦਿਆਂ ਆਖਿਆ ਕਿ ਇਹ ਸਿਸਟਮ ਪ੍ਰੋਵਿੰਸ ਨੂੰ ਇੱਕ ਹੋਰ ਲੌਕਡਾਊਨ ਵਿੱਚ ਦਾਖਲ ਹੋਣ ਤੋਂ ਰੋਕੇਗਾ।
ਵੈਕਸੀਨ ਸਰਟੀਫਿਕੇਟ ਸਿਸਟਮ ਲਾਗੂ ਹੋਣ ਤੋਂ ਕੁੱਝ ਘੰਟੇ ਬਾਅਦ ਪ੍ਰੀਮੀਅਰ ਫੋਰਡ ਨੇ ਆਖਿਆ ਕਿ ਇਹ ਸਰਟੀਫਿਕੇਟ ਆਰਜੀ ਪਰ ਬਿਮਾਰੀ ਨਾਲ ਨਜਿੱਠਣ ਲਈ ਅਹਿਮ ਮਾਪਦੰਡ ਹਨ। ਓਨਟਾਰੀਓ ਦੇ ਨਵੇਂ ਵੈਕਸੀਨ ਸਰਟੀਫਿਕੇਟ ਸਿਸਟਮ ਤਹਿਤ ਲੋਕਾਂ ਨੂੰ ਰੈਸਟੋਰੈਂਟਸ, ਨਾਈਟਕਲੱਬਜ, ਸਿਨੇਮਾ, ਜਿੰਮਜ, ਸਪੋਰਟਸ ਫੈਸਿਲਿਟੀਜ ਤੇ ਹੋਰਨਾਂ ਥਾਂਵਾਂ ਉੱਤੇ ਆਪਣੀ ਪੂਰੀ ਵੈਕਸੀਨੇਸ਼ਨ ਦਾ ਸਬੂਤ ਦੇਣਾ ਹੋਵੇਗਾ ਤੇ ਇਸ ਦੇ ਨਾਲ ਹੀ ਸਰਕਾਰੀ ਆਈਡੈਂਟੀਫਿਕੇਸ਼ਨ ਵੀ ਮੁਹੱਈਆ ਕਰਵਾਉਣੀ ਹੋਵੇਗੀ।
ਫੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਸਰਟੀਫਿਕੇਟ ਸਾਡੇ ਲਈ ਇਸ ਮਹਾਂਮਾਰੀ ਤੋਂ ਹਮੇਸਾਂ ਲਈ ਖਹਿੜਾ ਛੁਡਵਾਉਣ ਦਾ ਬਿਹਤਰ ਮੌਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਇਹ ਆਰਜੀ ਤੇ ਵਿਲੱਖਣ ਮਾਪਦੰਡ ਹਨ। ਸਾਨੂੰ ਇਨ੍ਹਾਂ ਸਰਟੀਫਿਕੇਟ ਦੀ ਵਰਤੋਂ ਦੀ ਸਾਰਾ ਦਿਨ ਨਹੀਂ ਸਗੋਂ ਕਦੇ ਹੀ ਲੋੜ ਪਵੇਗੀ। ਓਨਟਾਰੀਓ ਵਿੱਚ 12 ਸਾਲ ਤੇ ਇਸ ਤੋਂ ਵੱਧ ਉਮਰ ਦੇ 85 ਫੀ ਸਦੀ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਘੱਟੋ ਘੱਟ ਇੱਕ ਡੋਜ ਲੱਗੀ ਹੋਈ ਹੈ ਤੇ 79 ਫੀਸਦੀ ਆਬਾਦੀ ਨੂੰ ਦੋਵੇਂ ਡੋਜਾਂ ਲੱਗੀਆਂ ਹੋਈਆਂ ਹਨ।
ਫੋਰਡ ਨੇ ਮੰਨਿਆ ਕਿ ਪਹਿਲਾਂ ਉਹ ਇਸ ਸਰਟੀਫਿਕੇਟ ਸਬੰਧੀ ਮਾਪਦੰਡਾਂ ਨੂੰ ਲਾਗੂ ਕਰਨ ਤੋਂ ਹਿਚਕਿਚਾ ਰਹੇ ਸਨ ਪਰ ਉਨ੍ਹਾਂ ਆਖਿਆ ਕਿ ਸਿਹਤ ਮਾਹਿਰਾਂ ਤੇ ਪ੍ਰੋਵਿੰਸ ਦੇ ਮੈਡੀਕਲ ਆਫੀਸਰ ਆਫ ਹੈਲਥ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਰਾਜੀ ਕੀਤਾ। ਉਨ੍ਹਾਂ ਆਖਿਆ ਕਿ ਅਸੀਂ ਇੱਕ ਹੋਰ ਲਾਕਡਾਊਨ ਬਰਦਾਸ਼ਤ ਨਹੀਂ ਕਰ ਸਕਦੇ। ਫੋਰਡ ਨੇ ਆਖਿਆ ਕਿ ਜਿਹੜੇ ਕਾਰੋਬਾਰੀ ਅਦਾਰੇ ਤੇ ਲੋਕ ਇਸ ਸਰਟੀਫਿਕੇਟ ਪ੍ਰੋਗਰਾਮ ਨੂੰ ਨਹੀਂ ਮੰਨਣਗੇ ਤੇ ਜਿਹੜੇ ਝੂਠੀ ਜਾਣਕਾਰੀ ਦੇਣਗੇ ਉਨ੍ਹਾਂ ਨੂੰ ਜੁਰਮਾਨਾ ਹੋਵੇਗਾ।