ਓਟਵਾ/ਬਿਊਰੋ ਨਿਊਜ਼ : ਲਿਬਰਲਾਂ ਦੇ ਕਾਰਬਨ ਪ੍ਰਾਈਸਿੰਗ ਪਲੈਨ ਦਾ ਮੁੱਦਾ ਪਾਰਲੀਮੈਂਟ ਵਿੱਚ ਛਾਇਆ ਰਿਹਾ। ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਕੁੱਝ ਲੋਕਾਂ ਲਈ ਕਾਰਬਨ ਟੈਕਸ, ਕੁੱਝ ਫਿਊਲਜ਼ ਉੱਤੇ ਕੁੱਝ ਅਰਸੇ ਲਈ ਛੋਟ ਦੇਣ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਉਹ ਹਜ਼ਮ ਨਹੀਂ ਹੋ ਰਿਹਾ। ਇੱਥੇ ਹੀ ਬੱਸ ਨਹੀਂ ਪ੍ਰਧਾਨ ਮੰਤਰੀ ਨੇ ਇਹ ਮੰਨਿਆ ਵੀ ਹੈ ਕਿ ਇਹ ਵਧੀਆ ਪਲੈਨ ਨਹੀਂ ਹੈ। ਇਸ ਤੋਂ ਵੀ ਇੱਕ ਕਦਮ ਅਗਾਂਹ ਲਿਬਰਲਾਂ ਦੇ ਰੂਰਲ ਅਫੇਅਰਜ਼ ਮੰਤਰੀ ਦਾ ਕਹਿਣਾ ਹੈ ਕਿ ਸਾਰੇ ਕੈਨੇਡੀਅਨਜ਼ ਨੂੰ ਇਹ ਫਾਇਦਾ ਮਿਲ ਸਕਦਾ ਸੀ ਪਰ ਇਹ ਇਸ ਲਈ ਨਹੀਂ ਮਿਲ ਰਿਹਾ ਕਿਉਂਕਿ ਉਨ੍ਹਾਂ ਨੇ ਲਿਬਰਲਾਂ ਨੂੰ ਨਹੀਂ ਚੁਣਿਆ।
ਪੌਲੀਏਵਰ ਨੇ ਲਿਬਰਲਾਂ ਨੂੰ ਲੰਮੇਂ ਹੱਥੀਂ ਲੈਂਦਿਆਂ ਆਖਿਆ ਕਿ ਹੁਣ ਸਾਨੂੰ ਵੱਖ ਵੱਖ ਹਲਕਿਆਂ ਵਿੱਚ ਵੱਖ-ਵੱਖ ਟੈਕਸ ਰੇਟ ਇਸ ਹਿਸਾਬ ਨਾਲ ਮਿਲਣਗੇ, ਜਿਸ ਹਿਸਾਬ ਨਾਲ ਲੋਕ ਵੋਟ ਕਰਦੇ ਹਨ।
ਉਨ੍ਹਾਂ ਆਖਿਆ ਕਿ ਇਹ ਸਮਝ ਤੋਂ ਪਾਰ ਹੈ ਕਿ ਜਿਨ੍ਹਾਂ ਕਮਿਊਨਿਟੀਜ਼ ਨੂੰ ਹੱਢ ਜਮਾਂ ਦੇਣ ਵਾਲੇ ਸਿਆਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਨੂੰ ਟੈਕਸਾਂ ਵਿੱਚ ਅਜਿਹੀ ਛੋਟ ਕਿਉਂ ਨਹੀਂ ਮਿਲੇਗੀ? ਅਜਿਹਾ ਇਸ ਲਈ ਹੈ ਕਿਉਂਕਿ ਉੱਥੋਂ ਦੇ ਲਿਬਰਲ ਐਮਪੀ ਬੇਕਾਰ ਹਨ?
ਇਸ ਉੱਤੇ ਐਨਰਜੀ ਐਂਡ ਨੈਚੂਰਲ ਰਿਸੋਰਸਿਜ਼ ਮੰਤਰੀ ਜੌਨਾਥਨ ਵਿਲਕਿੰਸਨ ਨੇ ਆਖਿਆ ਕਿ ਇਸ ਸਮੇਂ ਸਾਨੂੰ ਅਫੋਰਡੇਬਿਲਿਟੀ ਵਰਗੇ ਮੁੱਦੇ ਦੇ ਨਾਲ ਨਾਲ ਦੇਸ਼ ਭਰ ਵਿੱਚ ਕਲਾਈਮੇਟ ਚੇਂਜ ਵਰਗੇ ਮੁੱਦੇ ਨਾਲ ਵੀ ਲੜਨਾ ਪੈ ਰਿਹਾ ਹੈ। ਹੀਟ ਪੰਪ ਪ੍ਰੋਗਰਾਮ ਦੇਸ਼ ਭਰ ਵਿੱਚ ਲਾਗੂ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪੌਲੀਏਵਰ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਖੁੱਲ੍ਹੇ ਪੱਤਰ ਵਿੱਚ ਇਹ ਆਖਿਆ ਸੀ ਕਿ ਸਿਆਲਾਂ ਦੇ ਹੀਟ ਬਿੱਲ ਕੈਨੇਡੀਅਨਜ਼ ਕੋਲ ਪਹੁੰਚਣ ਤੋਂ ਪਹਿਲਾਂ ਸਾਰੇ ਤਰ੍ਹਾਂ ਦੇ ਕਾਰਬਨ ਟੈਕਸ ਨੂੰ ਹਟਾਉਣ ਲਈ ਜੇ ਉਹ ਐਮਰਜੈਂਸੀ ਬਿੱਲ ਲੈ ਕੇ ਆਉਂਦੇ ਹਨ ਤਾਂ ਉਨ੍ਹਾਂ ਦੇ ਕਾਕਸ ਦਾ ਪੂਰਾ ਸਮਰਥਨ ਉਨ੍ਹਾਂ ਨੂੰ ਮਿਲੇਗਾ।