42 ਸਾਲ ਤੱਕ ਸੁਪਰਹਿੱਟ ਸ਼ੋਅ ‘ਗੀਤਮਾਲਾ’ ਨੂੰ ਕੀਤਾ ਹੋਸਟ
ਮੁੰਬਈ/ਬਿਊਰੋ ਨਿਊਜ਼
ਮਸ਼ਹੂਰ ਰੇਡੀਓ ਅਨਾਊਂਸਰ ਅਮੀਨ ਸਿਆਨੀ ਦਾ ਮੁੰਬਈ ਦੇ ਹਸਪਤਾਲ ਵਿਚ ਇਲਾਜ ਦੌਰਾਨ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 91 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ। ਅਮੀਨ ਸਿਆਨੀ ਦੇ ਦਿਹਾਂਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਅਮੀਨ ਸਿਆਨੀ ਦੇ ਬੇਟੇ ਰਾਜਿਲ ਨੇ ਦੱਸਿਆ ਕਿ ਅਮੀਨ ਸਿਆਨੀ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦੱਸਣਯੋਗ ਹੈ ਕਿ 21 ਦਸੰਬਰ 1932 ਨੂੰ ਮੁੰਬਈ ਵਿਚ ਜਨਮੇ ਅਮੀਨ ਸਿਆਨੀ ਰੇਡੀਓ ਜਗਤ ਦੇ ਸੁਪਰਸਟਾਰ ਰਹੇ ਹਨ। ਉਨ੍ਹਾਂ ਰੇਡੀਓ ਨੂੰ ਮਾਨਤਾ ਦਿਵਾਉਣ ’ਚ ਵੱਡਾ ਯੋਗਦਾਨ ਪਾਇਆ। ‘ਗੀਤਮਾਲਾ’ ਉਨ੍ਹਾਂ ਦੇ ਪ੍ਰਸਿੱਧ ਪ੍ਰੋਗਰਾਮਾਂ ’ਚੋਂ ਇਕ ਹੈ ਅਤੇ ਇਸ ਸ਼ੋਅ ਨੇ ਅਮੀਨ ਸਿਆਨੀ ਨੂੰ ਬਹੁਤ ਪ੍ਰਸਿੱਧੀ ਦਿੱਤੀ। ਅਮੀਨ ਸਿਆਨੀ ਨੇ 1952 ਤੋਂ ਲੈ ਕੇ 1994 ਤੱਕ ਰੇਡੀਓ ਸ਼ੋਅ ‘ਗੀਤਮਾਲਾ’ ਨੂੰ ਹੋਸਟ ਕੀਤਾ ਅਤੇ ਭਾਰਤ ਭਰ ਵਿਚ ਇਸ ਰੇਡੀਓ ਸ਼ੋਅ ਨੂੰ ਬਹੁਤ ਪ੍ਰਸਿੱਧੀ ਮਿਲੀ ਹੈ।