Breaking News
Home / ਮੁੱਖ ਲੇਖ / ਕਿਸਾਨ ਮੇਲੇ ਤੇ ਰੰਗਲਾ ਪੰਜਾਬ

ਕਿਸਾਨ ਮੇਲੇ ਤੇ ਰੰਗਲਾ ਪੰਜਾਬ

ਕਮਲਪ੍ਰੀਤ ਕੌਰ
ਪੰਜਾਬੀ ਮੁੱਢ ਤੋਂ ਹੀ ਮੇਲਿਆਂ ਦੇ ਸ਼ੌਕੀਨ ਰਹੇ ਹਨ। ਕਿਸਾਨ ਦੀ ਫਸਲ ਜਦ ਸੁੱਖੀਂ-ਸਾਂਦੀਂ ਸਿਰੇ ਚੜ੍ਹ ਜਾਂਦੀ ਹੈ ਤਾਂ ਕਿਸਾਨ ਦੇ ਚਿਹਰੇ ‘ਤੇ ਵੱਖਰੀ ਹੀ ਖ਼ੁਸ਼ੀ ਹੁੰਦੀ ਹੈ, ਇੱਕ ਵੱਖਰਾ ਚਾਅ-ਮਲਾਰ ਹੁੰਦਾ ਹੈ। ਅਜੋਕੇ ਯੁੱਗ ਵਿੱਚ ਰਿਵਾਇਤੀ ਮੇਲਿਆਂ ਦੀ ਕਤਾਰ ਵਿੱਚ ਵਿਗਿਆਨਕ ਮੇਲਿਆਂ ਨੇ ਵੀ ਆਪਣੀ ਥਾਂ ਬਣਾ ਲਈ ਹੈ। ਕੁਝ ਅਜਿਹਾ ਹੀ ਰੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਵਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ ਵਿੱਚ ਦੇਖਣ ਨੂੰ ਮਿਲਦਾ ਹੈ। ਕਿਸਾਨ ਮੇਲਿਆਂ ਦੀ ਸ਼ੁਰੂਆਤ ਪੀਏਯੂ ਵਲੋਂ 1967 ਵਿੱਚ ਕੀਤੀ ਗਈ ਸੀ। ਇਨ੍ਹਾਂ ਕਿਸਾਨ ਮੇਲਿਆਂ ਨੇ ਹਰੇ ਇਨਕਲਾਬ ਨੂੰ ਸਫਲ ਬਣਾਉਣ ਵਿੱਚ ਦੀਵੇ ਦੀ ਬੱਤੀ ਵਾਲੀ ਭੂਮਿਕਾ ਨਿਭਾਈ। ਵਿਗਿਆਨਕ ਮੇਲੇ ‘ਪੰਜਾਬ ਖੇਤੀਬਾੜੀ ਯੂਨੀਵਰਸਿਟੀ’ ਵੱਲੋਂ ਸਾਲ ਵਿੱਚ ਦੋ ਵਾਰ ‘ਸਾਉਣੀ ਦੀਆਂ ਫ਼ਸਲਾਂ’ ਸਬੰਧੀ ਮਾਰਚ ਮਹੀਨੇ ਅਤੇ ‘ਹਾੜ੍ਹੀ ਦੀਆਂ ਫ਼ਸਲਾਂ’ ਸਬੰਧੀ ਸਤੰਬਰ ਮਹੀਨੇ ਯੂਨੀਵਰਸਿਟੀ ਅਤੇ ਇਸ ਦੇ ਵੱਖ-ਵੱਖ ਕੇਂਦਰਾਂ ਵਿੱਚ ਲਗਾਏ ਜਾਂਦੇ ਹਨ।
ਹਾੜ੍ਹੀ ਦੀਆਂ ਫ਼ਸਲਾਂ ਲਈ ਇਸ ਵਾਰ ਇਹ ਮੇਲੇ ਬੱਲੋਵਾਲ ਸੌਂਖੜੀ ਵਿਚ 6 ਸਤੰਬਰ, ਫਰੀਦਕੋਟ ਵਿਚ 13 ਸਤੰਬਰ, ਗੁਰਦਾਸਪੁਰ 9 ਸਤੰਬਰ, ਰੌਣੀ 16 ਸਤੰਬਰ (ਪਟਿਆਲਾ), ਬਠਿੰਡਾ 29 ਸਤੰਬਰ ਨੂੰ ਲੱਗਣਗੇ ਅਤੇ ਲੁਧਿਆਣਾ ਵਿਚ 23-24 ਸਤੰਬਰ ਨੂੰ ਦੋ ਦਿਨਾ ਕਿਸਾਨ ਮੇਲਾ ਲਾਇਆ ਜਾਵੇਗਾ। ਇਨ੍ਹਾਂ ਮੇਲਿਆਂ ਵਿਚ ਕਿਸਾਨਾਂ ਨੂੰ ਵਿਗਿਆਨਕ ਢੰਗ ਨਾਲ ਖੇਤੀਬਾੜੀ ਕਰਨ ਦੇ ਨਾਲ ਨਾਲ ਕੁਦਰਤੀ ਸਰੋਤਾਂ ਦੀ ਬੱਚਤ, ਖੇਤੀ ਲਾਗਤਾਂ ਘਟਾਉਣ, ਹੱਥੀਂ ਮਿਹਨਤ ਕਰਨ ਬਾਰੇ ਸੰਦੇਸ਼ ਦਿੱਤੇ ਜਾਂਦੇ ਹਨ। ਇਸ ਤੋਂ ਇਲਵਾ ਨਿੱਤ ਜੀਵਨ ਦੇ ਖਰਚੇ ਕੱਢਣ ਲਈ ਸਹਾਇਕ ਧੰਦੇ ਅਪਣਾਉਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਆਪਣੀ ਫਸਲ ਦੇ ਖ਼ੁਦ ਮੰਡੀਕਰਨ ਕਰਕੇ ਵਿਚੋਲਿਆਂ ਦੀ ਲੁੱਟ ਤੋਂ ਬਚਾਉਣ ਸਬੰਧੀ ਜਾਗਰੂਕ ਕਰਨਾ ਵੀ ਇਹੋ ਜਿਹੇ ਮੇਲਿਆਂ ਦਾ ਉਦੇਸ਼ ਹੁੰਦਾ ਹੈ।
ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਆਂ-ਨਵੀਆਂ ਖੋਜਾਂ ਅਤੇ ਤਕਨੀਕਾਂ ਬਾਰੇ ਜਾਗਰੂਕ ਕਰਨਾ ਅਤੇ ਆਉਣ ਵਾਲੀ ਰੁੱਤ ਲਈ ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਦੇ ਬੀਜ ਮੁਹੱਈਆ ਕਰਨਾ ਵੀ ਇਨ੍ਹਾਂ ਮੇਲਿਆਂ ਦਾ ਅਹਿਮ ਪੱਖ ਹੁੰਦਾ ਹੈ। ਫ਼ਸਲਾਂ ਦੇ ਸੁਧਰੇ ਬੀਜਾਂ ਤੋਂ ਇਲਾਵਾ, ਕਿਸਾਨਾਂ ਨੂੰ ਫਲਦਾਰ ਬੂਟੇ, ਸਬਜ਼ੀਆਂ ਅਤੇ ਫੁੱਲਾਂ ਦੇ ਬੀਜ ਅਤੇ ਪਨੀਰੀ ਵੀ ਮੁਹੱਈਆ ਕਰਵਾਏ ਜਾਂਦੇ ਹਨ। ਕਦਰਤੀ ਸਰੋਤਾਂ ਦੀ ਬੱਚਤ ਲਈ ਸਿੰਜਾਈ ਸਾਧਨਾਂ ਦੀ ਸੁੱਚਜੀ ਵਰਤੋਂ, ਮਿੱਟੀ ਅਤੇ ਪਾਣੀ ਪਰਖ, ਜੀਵਾਣੂ ਖਾਦਾਂ, ਮੌਸਮ ਦੀ ਅਗਾਊਂ ਜਾਣਕਾਰੀ ਦੀ ਮਹੱਤਤਾ ਬਾਰੇ ਵਿਚਾਰ ਚਰਚਾ ਕੀਤੀ ਜਾਂਦੀ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਫ਼ਸਲਾਂ, ਸਬਜੀਆਂ, ਫਲਾਂ, ਫੁੱਲਾਂ ਦੀਆਂ ਕਿਸਮਾਂ, ਪੈਦਾਵਾਰ ਤਕਨੀਕਾਂ, ਪੌਦ-ਸੁਰੱਖਿਆ ਤਕਨੀਕਾਂ ਤੇ ਖੇਤੀ ਜਿਣਸਾਂ ਤੋਂ ਬਣਨ ਵਾਲੇ ਵੱਖ-ਵੱਖ ਪਦਾਰਥਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ।
ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਕਿਸਾਨ ਮੇਲਿਆਂ ਵਿੱਚ ਲਗਾਈਆਂ ਜਾਂਦੀਆਂ ਪ੍ਰਦਰਸ਼ਨੀਆਂ ਖੇਤੀਬਾੜੀ ਦੇ ਹਰੇਕ ਪਹਿਲੂ ਵਿੱਚ ਸਮੇਂ ਅਨੁਸਾਰ ਹੋਈ ਤਰੱਕੀ ਦੀ ਗਵਾਹੀ ਭਰਦੀਆਂ ਹਨ। ਖੇਤੀਬਾੜੀ ਦੇ ਸੰਦ-ਸੰਦੇੜੇ ਅਤੇ ਮਸ਼ੀਨਰੀ ਦੀਆਂ ਸਟਾਲਾਂ ਕਿਸਾਨ ਵੀਰਾਂ ਨੂੰ ਨਵੇਂ ਆਏ ਆਧੁਨਿਕ ਸੰਦਾਂ ਦੀ ਜਾਣਕਾਰੀ ਮੁਹੱਈਆਂ ਕਰਦੀਆਂ ਹਨ। ਮਸ਼ੀਨਰੀ ਦੀ ਵਰਤੋਂ ਦੀ ਵਿਧੀ ਅਤੇ ਖ਼ਰੀਦ ਮੁੱਲ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਸਭ ਦੇ ਨਾਲ-ਨਾਲ, ਗ੍ਰਹਿ ਵਿਗਿਆਨ ਵਿਭਾਗ ਵੱਲੋਂ ਵੀ ਆਪਣੇ ਸਟਾਲਾਂ ‘ਤੇ ਘਰੇਲੂ ਵਰਤੋਂ ਦੀਆਂ ਹੱਥ ਦੀਆਂ ਬਣੀਆਂ ਵੱਖੋ-ਵੱਖਰੀਆਂ ਵਸਤੂਆਂ ਦੀ ਨੁਮਾਇਸ਼ ਲਗਾਈ ਜਾਂਦੀ ਹੈ, ਜੋ ਕਿ ਕਿਸਾਨ ਬੀਬੀਆਂ ਲਈ ਜਾਣਕਾਰੀ ਨਾਲ ਭਰਪੂਰ ਹੁੰਦੀ ਹੈ। ਇਨ੍ਹਾਂ ਸਟਾਲਾਂ ‘ਤੇ ਕਿਸਾਨ ਬੀਬੀਆਂ ਲਈ ਯੂਨੀਵਰਸਿਟੀ ਵਲੋਂ ਲਾਏ ਜਾਂਦੇ ਸਿਖਲਾਈ ਕੋਰਸਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਕਿਸਾਨ ਬੀਬੀਆਂ ਨੂੰ ਘਰੇਲੂ ਵਸਤੂਆਂ ਜਿਵੇਂ ਸਿਲਾਈ, ਕਢਾਈ, ਅਚਾਰ, ਚਟਨੀਆਂ, ਮੁਰੱਬੇ ਆਦਿ ਬਣਾਉਣ ਦੀਆਂ ਵਿਧੀਆਂ ਅਤੇ ਇਨ੍ਹਾਂ ਦੇ ਮੰਡੀਕਰਨ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ।
ਯੂਨੀਵਰਸਿਟੀ ਵੱਲੋਂ ਛਪਦਾ ਮਹੀਨਾਵਾਰੀ ਰਸਾਲਾ ‘ਚੰਗੀ ਖੇਤੀ’ ਪੰਜਾਬੀ ਵਿੱਚ ਅਤੇ ‘ਪ੍ਰੋਗਰੈਸਿਵ ਫਾਰਮਿੰਗ’ ਅੰਗਰੇਜ਼ੀ ਵਿੱਚ ਹਰ ਮਹੀਨੇ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਲੈ ਕੇ ਆਉਂਦਾ ਹੈ। ਕਿਸਾਨ ਮੇਲੇ ਵਿੱਚ ਇਸ ਰਸਾਲੇ ਦੇ ਮੈਂਬਰ ਬਣਨ ਲਈ ਖ਼ਾਸ ਸਟਾਲ ਲੱਗਿਆ ਹੁੰਦਾ ਹੈ, ਜਿੱਥੇ ਕਿਸਾਨ ਇਸ ਰਸਾਲੇ ਦੀ ਮੈਂਬਰਸ਼ਿਪ ਲੈ ਸਕਦੇ ਹਨ। ਇਸ ਤੋਂ ਇਲਾਵਾ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦੀਆਂ ਕਾਸ਼ਤ ਤਕਨੀਕਾਂ ਲਈ ਯੂਨੀਵਰਸਿਟੀ ਵੱਲੋਂ ਛਪੀਆਂ ਕਿਤਾਬਾਂ ‘ਪੰਜਾਬ ਦੀਆਂ ਫ਼ਸਲਾਂ ਲਈ ਸਿਫਾਰਿਸ਼ਾਂ- ਸਾਉਣੀ/ਹਾੜ੍ਹੀ’ ਵੀ ਖਰੀਦੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਫ਼ਸਲ ਦੀ ਬਿਜਾਈ, ਸਿਫਾਰਿਸ਼ ਕੀਤੀਆਂ ਕਿਸਮਾਂ ਤੋਂ ਲੈ ਕੇ ਫ਼ਸਲ ਦੀ ਵਾਢੀ ਤੱਕ ਹਰ ਅਹਿਮ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ ਵਿਚ ਲੱਗਦੇ ਕਿਸਾਨ ਮੇਲੇ ਦੇ ਨਾਲ-ਨਾਲ ਦੋ ਦਿਨਾ ਪਸ਼ੂ ਪਾਲਣ ਮੇਲਾ ‘ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਇੰਸਿਜ਼ ਯੂਨੀਵਰਸਿਟੀ’ ਵਿਚ ਲਗਾਇਆ ਜਾਂਦਾ ਹੈ ਅਤੇ ਇਸ ਮੇਲੇ ਵਿਚ ਦੁਧਾਰੂ ਪਸ਼ੂਆਂ ਦੀਆਂ ਪ੍ਰਦਰਸ਼ਨੀਆਂ ਆਦਿ ਖ਼ਾਸ ਤੌਰ ‘ਤੇ ਕਿਸਾਨ ਵੀਰਾਂ ਲਈ ਲਗਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਪਸ਼ੂ-ਧਨ ਪ੍ਰਦਰਨਸ਼ਨੀਆਂ ਦੀਆਂ ਸਟਾਲਾਂ ਵੀ ਕਿਸਾਨਾਂ ਦੇ ਠਾਠਾਂ ਮਾਰਦੇ ਇਕੱਠ ਲਈ ਖਿੱਚ ਦਾ ਕੇਂਦਰ ਬਣਦੀਆਂ ਹਨ।
ਪੀਏਯੂ ਵੱਲੋਂ ‘ਖੇਤੀ ਸੰਦੇਸ਼’ ਨਾਮ ਦਾ ਡਿਜੀਟਲ ਅਖ਼ਬਾਰ ਜਾਰੀ ਕੀਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਇੱਕ ਮੋਬਾਈਲ ਐਪ ‘ਪੀਏਯੂ ਕਿਸਾਨ ਐਪ’ ਵੀ ਲਾਂਚ ਕੀਤੀ ਹੈ, ਜੋ ਕਿਸੇ ਵੀ ਸਮਾਰਟ ਫੋਨ ‘ਤੇ ਡਾਊਨਲੋਅਡ ਕੀਤੀ ਜਾ ਸਕਦੀ ਹੈ, ਜਿਸ ਰਾਹੀਂ ਖੇਤੀਬਾੜੀ ਨਾਲ ਸਬੰਧਤ ਜ਼ਿਲ੍ਹਾ ਪੱਧਰੀ ਜਾਣਕਾਰੀ ਪੰਜਾਬੀ ਵਿੱਚ ਸਿੱਧੀ ਤੁਹਾਡੇ ਫੋਨ ‘ਤੇ ਮੁਹੱਈਆ ਕਰਵਾਈ ਗਈ ਹੈ।
ਇਸ ਤੋਂ ਇਲਾਵਾ, ਪੀਏਯੂ ਵੱਲੋਂ ਕਿਸਾਨਾਂ ਨੂੰ ਸਮਾਜਿਕ ਪੱਖਾਂ ਅਤੇ ਜ਼ਿੰਮੇਵਾਰੀ ਸਬੰਧੀ ਵੀ ਸੁਚੇਤ ਕੀਤਾ ਜਾਂਦਾ ਹੈ। ‘ਸਾਦੇ ਵਿਆਹ – ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋਗ’ ਵੱਲ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਵਿਸ਼ੇ ਸਬੰਧੀ ਕਿਸਾਨਾਂ ਨੂੰ ਖੁਸ਼ੀ ਅਤੇ ਗਮੀ ਮੌਕੇ ਸਾਦੇ ਸਮਾਗਮ ਕਰਨ ਲਈ ਪ੍ਰੇਰਿਆ ਜਾਂਦਾ ਹੈ ਅਤੇ ਹਜ਼ਾਰਾਂ ਕਿਸਾਨਾਂ ਨੇ ਪਿਛਲੇ ਮੇਲਿਆਂ ਵਿੱਚ ਲਗਾਏ ਵਿਸ਼ੇਸ਼ ਬੈਨਰ ‘ਤੇ ਦਸਤਖ਼ਤ ਕਰਕੇ ਭਵਿੱਖ ਵਿੱਚ ਘੱਟ ਖਰਚ ਵਾਲੇ ਪ੍ਰੋਗਰਾਮ ਕਰਨ ਦਾ ਪ੍ਰਣ ਵੀ ਲਿਆ। ਕਿਸਾਨ ਮੇਲੇ ਵਿੱਚ ਖੇਤੀ ਜਿਣਸਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਅਗਾਂਹਵਧੂ ਕਿਸਾਨਾਂ ਨੂੰ ਉਨ੍ਹਾਂ ਦੀਆਂ ਵਿਗਿਆਨਕ ਢੰਗਾਂ ਨਾਲ ਖੇਤੀ ਕਰਕੇ ਖੇਤੀ ਖੇਤਰ ਵਿੱਚ ਮਾਰੀਆਂ ਮੱਲਾਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਂਦਾ ਹੈ।
ਪੀਏਯੂ ਵੱਲੋਂ ਕਿਸਾਨਾਂ ਨੂੰ ਵਧ ਚੜ੍ਹ ਕੇ ਇਨ੍ਹਾਂ ਕਿਸਾਨ ਮੇਲਿਆਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਚੰਗਾ ਹੋਵੇਗਾ ਜੇ ਕਿਸਾਨਾਂ ਦੇ ਬੱਚੇ ਅਤੇ ਬੱਚੀਆਂ ਵੀ ਮੇਲਿਆਂ ਵਿੱਚ ਸ਼ਿਰਕਤ ਕਰਨ, ਕਿਉਂਕਿ ਵਿਗਿਆਨੀਆਂ ਨਾਲ ਰੂ-ਬ-ਰੂ ਹੋ ਕੇ ਬੱਚਿਆਂ ਅੰਦਰ ਕਈ ਤਰ੍ਹਾਂ ਦੇ ਨਵੇਂ ਵਿਚਾਰ ਉਤਪੰਨ ਹੁੰਦੇ ਹਨ ਅਤੇ ਉਹ ਵਿਗਿਆਨੀ ਬਣਨ ਦਾ ਸੁਪਨਾ ਵੀ ਦੇਖ ਸਕਦੇ ਹਨ। ਯੂਨੀਵਰਸਿਟੀ ਵਿੱਚ ਪੜ੍ਹਾਏ ਜਾ ਰਹੇ ਡਿਗਰੀ ਅਤੇ ਡਿਪਲੋਮਾ ਕੋਰਸਾਂ ਦੀ ਜਾਣਕਾਰੀ ਵੀ ਕਿਸਾਨ ਮੇਲਿਆਂ ਵਿੱਚ ਮੁਹੱਈਆ ਹੁੰਦੀ ਹੈ ਜਿਸ ਨਾਲ ਅੱਜ ਦੇ ਕਿਸਾਨ ਬੱਚੇ ਕੱਲ ਦੇ ਖੇਤੀਬਾੜੀ ਮਾਹਿਰ ਬਣਨ ਲਈ ਪ੍ਰੇਰਿਤ ਹੋ ਸਕਦੇ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਪੰਜਾਬੀ ਸੱਭਿਆਚਾਰ ਦਾ ਅਜਾਇਬ ਘਰ ਵੀ ਮੇਲੇ ਵਿੱਚ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ।

Check Also

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ

ਕੀ ਸੁਪਰੀਮ ਕੋਰਟ ਦਾ ਫ਼ੈਸਲਾ ਗੁਰਦੁਆਰਾ ਐਕਟ-1925 ਦੀ ਉਲੰਘਣਾ ਹੈ? ਤਲਵਿੰਦਰ ਸਿੰਘ ਬੁੱਟਰ ਪਿਛਲੇ ਦਿਨੀਂ …