Breaking News
Home / ਮੁੱਖ ਲੇਖ / ਅੰਤਰਰਾਸ਼ਟਰੀ ਵਿਦਿਆਰਥੀ-ਮੁਸ਼ਕਲਾਂ ਦਰ ਮੁਸ਼ਕਲਾਂ

ਅੰਤਰਰਾਸ਼ਟਰੀ ਵਿਦਿਆਰਥੀ-ਮੁਸ਼ਕਲਾਂ ਦਰ ਮੁਸ਼ਕਲਾਂ

ਪਰਮਿੰਦਰ ਕੌਰ ਸਵੈਚ
(ਪਿਛਲੇ ਹਫ਼ਤੇ ਦਾ ਬਾਕੀ)
ਇਹਨਾਂ ਨੂੰ ਲੋੜ ਹੈ ਕਿ ਇੱਥੇ ਉਹ ਲੋਕ ਆਉਣ ਜੋ ਸਖ਼ਤ ਮਿਹਨਤ ਵੀ ਕਰਨ ਤੇ ਡਾਲਰਾਂ ਦੇ ਗੱਫੇ ਲਿਆ ਕੇ ਇੱਥੋਂ ਦੀ ਆਰਥਿਕਤਾ ਵਿੱਚ ਵਾਧਾ ਕਰ ਸਕਣ। ਪਹਿਲਾਂ ਪਰਿਵਾਰਾਂ ਨੂੰ ਆਉਣ ਦੀ ਖੁੱਲ੍ਹ ਹੁੰਦੀ ਸੀ ਉਸ ‘ਤੇ ਰੋਕ ਲਗਾਉਣ ਦਾ ਵੀ ਕਾਰਣ ਇਹੀ ਸੀ ਕਿ ਬਹੁਤੇ ਬਜ਼ੁਰਗ ਇੱਥੇ ਆ ਕੇ ਕੰਮ ਨਹੀਂ ਸੀ ਕਰ ਸਕਦੇ ਤੇ ਉਹਨਾਂ ਨੂੰ ਇਹ ਆਪਣੇ ‘ਤੇ ਭਾਰ ਸਮਝਦੇ ਸਨ। ਫਿਰ ਸੁਪਰ ਵੀਜ਼ਾ ਸ਼ੁਰੂ ਕੀਤਾ ਜਿਸ ਵਿੱਚ ਇਹਨਾਂ ‘ਤੇ ਮੈਡੀਕਲ ਦਾ ਕੋਈ ਖਰਚਾ ਨਹੀਂ, ਆਉਣ ਵਾਲਾ ਆਪ ਇਨਸ਼ੋਰੈਂਸ ਕਰਵਾਉਂਦਾ ਹੈ। ਇਸ ਵਿੱਚ ਇਹ ਹੋਰ ਫਾਇਦਾ ਹੋਇਆ ਕਿ ਅਣਗਿਣਤ ਲੋਕਾਂ ਨੇ ਇਨਸ਼ੋਰੈਂਸ ਦੀਆਂ ਦੁਕਾਨਾਂ ਖੋਲ਼੍ਹ ਰੱਖੀਆਂ ਹਨ। ਪਰਿਵਾਰਾਂ ਨੂੰ ਸੱਦਣ ਵਿੱਚ ਦੇਰੀ ਦਾ ਮਤਲਬ ਵੀ ਬੱਚੇ ਕਈ ਕਈ ਸਾਲ ਵਾਧੂ ਇਨਕਮ ਦਿਖਾਉਣ ਲਈ ਵਾਧੂ ਕੰਮ ਕਰ ਕਰਕੇ ਟੈਕਸ ਨਾਲ ਇਹਨਾਂ ਦੀਆਂ ਤਿਜ਼ੌਰੀਆਂ ਮਜ਼ਬੂਰੀ ਵਿੱਚ ਭਰਦੇ ਰਹਿੰਦੇ ਹਨ।
ਹੁਣ ਆਈ ਇਹਨਾਂ ਵਿਦਿਆਰਥੀਆਂ ਦੀ ਗੱਲ ਜੋ ਰਿਸ਼ਟ ਪੁਸ਼ਟ ਫੁੱਲ ਐਨਰਜੀ ਦੇ ਨਾਲ ਤਿੱਗਣੀਆਂ ਚੌਗੁਣੀਆਂ ਫੀਸਾਂ ਦੇ ਕੇ ਇੱਥੇ ਆਉਂਦੇ ਹਨ। ਉਹ ਪਿੱਛੇ ਆਪਣੇ ਮਾਪਿਆਂ ਦੇ ਹਾਲ ਨੂੰ ਜਾਣਦੇ ਹਨ ਕਿ ਉਹਨਾਂ ਨੇ ਕਿੰਨੇ ਔਖੇ ਹੋ ਕੇ, ਕਰਜ਼ੇ ਲੈ ਕੇ, ਜਾਂ ਜ਼ਮੀਨਾਂ ਵੇਚ ਕੇ ਇਹ ਫੀਸਾਂ ਭਰੀਆਂ ਹਨ ਹੁਣ ਉਹਨਾਂ ਨੇ ਸਖ਼ਤ ਮਿਹਨਤ ਕਰਕੇ ਆਪਣੀ ਤੇ ਮਾਪਿਆਂ ਦੀ ਜ਼ਿੰਦਗੀ ਸੰਵਾਰਨੀ ਹੈ ਅਤੇ ਇਸ ਸਮਾਜ ਵਿੱਚ ਹੀ ਰਲ਼ਗੱਡ ਹੋਣਾ ਹੈ। ਜਿਨ੍ਹਾਂ ਨੇ ਇਹਨਾਂ ਖ਼ਰਚਾ ਕੀਤਾ ਹੈ ਉਹ ਕਦੇ ਵਾਪਸ ਜਾਣ ਜੋਗੇ ਤਾਂ ਨਹੀਂ ਰਹਿਣਗੇ, ਇਹ ਕੈਨੇਡਾ ਸਰਕਾਰ ਵੀ ਨਹੀਂ ਚਾਹੁੰਦੀ ਕਿਉਂਕਿ ਇਹ ਆਪਣੀ ਲੋੜ ਨੂੰ ਸੱਦ ਰਹੀ ਹੈ। ਪਹਿਲਾਂ ਇਹਨਾਂ ਨੇ ਆਰਥਿਕਤਾ ਵਿੱਚ ਹਿੱਸਾ ਪਾਇਆ, ਫਿਰ ਇਹਨਾਂ ਦੇ ਤੌਰ ਤਰੀਕੇ ਵੀ ਸਿੱਖ ਲਏ, ਪੱਕੇ ਹੋਣ ਲਈ ਟੈਕਸ ਵੀ ਭਰੇ, ਐਲ. ਐਮ. ਆਈਆਂ ਆਦਿ ਲਈ ਬਿਜ਼ਨਸਾਂ ਤੇ ਸਲਾਹਕਾਰਾਂ ਦੀਆਂ ਆਮਦਨਾਂ ਵਿੱਚ ਵਾਧਾ ਵੀ ਕੀਤਾ ਤੇ ਚੰਗੇ ਸ਼ਹਿਰੀ ਬਣ ਕੇ ਸਾਰੀ ਜ਼ਿੰਦਗੀ ਕਰਨਗੇ ਵੀ। ਕੈਨੇਡਾ ਦੇ ਨਜ਼ਰੀਏ ਤੋਂ ਤਾਂ ਪੌਂ ਬਾਰਾਂ ਹੋ ਗਈਆਂ ਪਰ ਇਹਨਾਂ ਨਾਲ ਕੀ ਬੀਤੀ ਕਿਸੇ ਨੂੰ ਇਲਮ ਨਹੀਂ ਹੈ। ਪਹਿਲਾਂ ਪਹਿਲ ਇਹ ਗੱਲ ਉੱਠੀ ਕਿ ਇਹਨਾਂ ਦੀ ਵਜ੍ਹਾ ਕਰਕੇ ਇੱਥੋਂ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿੱਚ ਜਗ੍ਹਾ ਨਹੀਂ ਮਿਲ ਰਹੀ। ਜਦਕਿ ਇਹਨਾਂ ਦੀਆਂ ਸੀਟਾਂ ਕਾਲਜਾਂ ਵਿੱਚ ਰਾਖਵੀਂਆਂ ਰੱਖੀਆਂ ਜਾਂਦੀਆਂ ਹਨ। ਦੂਸਰਾ ਇਹ ਸੋਚ ਲੈਣਾ ਚਾਹੀਦਾ ਹੈ ਕਿ ਇੱਥੇ ਉੱਥੇ ਵਾਲ਼ਿਆਂ ਦੀ ਸਰਕਾਰਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ, ਜਨਤਾ ਸਿਰਫ਼ ਜਨਤਾ ਹੁੰਦੀ ਹੈ, ਕਿਤੋਂ ਦੀ ਵੀ ਹੋਵੇ। ਦੂਸਰਾ ਇਸ ਸਮੇਂ ਕੈਨੇਡਾ ਸਰਕਾਰਾਂ ਨੇ ਬਹੁਤ ਸਾਰੇ ਬਿਜ਼ਨਿਸ ਕਾਲਜਾਂ ਦੇ ਨਾਂ ਹੇਠ ਖੋਲ੍ਹੇ ਹਨ ਜੋ ਇੱਥੋਂ ਦੀ ਲੇਬਰ ਕਰਨ ਲਈ ਅੰਗਰੇਜ਼ੀ ਨਾ ਬੋਲਣ ਆਉਣ ਦੀ ਸਮੱਸਿਆ ਤੋਂ ਮੁਕਤ ਹੋਣ ਤੇ ਇੱਥੋਂ ਦੀ ਆਰਥਿਕਤਾ ਵਿੱਚ ਖੁਸ਼ਹਾਲੀ ਲਿਆ ਸਕਣ।
ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੋਹੜੇ ਦੀਆਂ ਫੀਸਾਂ ਹੀ ਨਹੀਂ ਸਗੋਂ ਰਹਿਣ ਸਹਿਣ, ਖਾਣ ਪੀਣ ਲਈ ਵੀ ਖਰਚਿਆਂ ਦੀ ਲੋੜ ਪੈਂਦੀ ਹੈ। ਉਹ ਬੱਚੇ ਬੇਸਮੈਂਟਾਂ ਜਾਂ ਘਰਾਂ ਵਿੱਚ ਮੁਰਗੀਆਂ ਵਾਗੂੰ ਕਿੰਨੇ ਕਿੰਨੇ ਤੜੇ ਰਹਿੰਦੇ ਹਨ, ਉਹਨਾਂ ਦੇ ਜੀਵਨ ਪੱਧਰ ਦਾ ਕਿਸੇ ਨੂੰ ਖਿਆਲ ਨਹੀਂ। ਉਹਨਾਂ ‘ਤੇ ਹੀ ਦੋਸ਼ ਮੜ੍ਹ ਦਿੱਤਾ ਜਾਂਦਾ ਹੈ ਕਿ ਇਹਨਾਂ ਦੇ ਆਉਣ ਨਾਲ ਘਰਾਂ ਦੇ ਕਿਰਾਏ ਤੇ ਕੀਮਤਾਂ ਵਧ ਗਈਆਂ ਹਨ। ਉਹ ਕੁਦਰਤੀ ਗੱਲ ਕਿ ਉਹਨਾਂ ਨੇ ਰਹਿਣਾ ਤਾਂ ਹੈ ਹੀ ਜਿੱਥੇ ਵੀ ਥਾਂ ਮਿਲਦੀ ਹੈ ਉਹ ਮਜ਼ਬੂਰੀ ਨੂੰ ਮਹਿੰਗਾ ਰੈਣ ਬਸੇਰਾ ਵੀ ਕਰਦੇ ਹਨ। ਇਸ ਵਿੱਚ ਕਿਸਦਾ ਕਸੁਰ ਹੈ ਕਿ ਕੀਮਤਾਂ ਅਸਮਾਨੀਂ ਚੜ੍ਹ ਰਹੀਆਂ ਹਨ, ਉਸ ‘ਤੇ ਰੋਕ ਲਾਉਣਾ ਵੀ ਤਾਂ ਸਰਕਾਰ ਦਾ ਕੰਮ ਹੈ ਤੇ ਆ ਰਹੇ ਪਰਵਾਸੀਆਂ ਲਈ ਰਹਿਣ ਦਾ ਜੁਗਾੜ ਕਰਨਾ ਵੀ। ਇਸਦੇ ਉਲਟ ਕਮਿਊਨਿਟੀ ਦੋਫਾੜ ਹੋ ਕੇ ਆਪਣਾ ਨਜ਼ਲਾ ਸਟੂਡੈਂਟਾਂ ‘ਤੇ ਝਾੜ ਦਿੰਦੀ ਹੈ, ਉਹ ਚਾਹੇ ਇਹ ਕਹਿਣ ਕਿ ਵਿਦਿਆਰਥੀਆਂ ਨੂੰ ਇੱਥੇ ਰਹਿਣਾ ਨੀਂ ਆਉਂਦਾ, ਜਾਂ ਇਹ ਸਫ਼ਾਈ ਨਹੀਂ ਕਰਦੇ, ਗੰਦ ਪਾਉਂਦੇ ਹਨ ਜਾਂ ਉੱਚੀ ਮਿਊਜ਼ਿਕ ਲਾ ਕੇ ਰੱਖਦੇ ਨੇ, ਜਾਂ ਲੜਾਈਆਂ ਕਰਦੇ ਨੇ। ਇੱਥੇ ਵਸਦੇ ਲੋਕ ਵੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹਨ ਜਿਹੜੀ ਉਹਨਾਂ ਨੂੰ ਘਰਾਂ ਜਾਂ ਹੋਰ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਕਰਕੇ ਸਰਕਾਰ ਵੱਲ ਉਂਗਲ ਕਰਨੀ ਚਾਹੀਦੀ ਉਹ ਵੀ ਆਪਣਾ ਗੁੱਸਾ, ਇਸ ਅਖਾਣ ਵਾਂਗ ਕਿ ਗਰੀਬ ਦੀ ਜੋਰੂ ਸਭ ਦੀ ਭਾਬੀ ‘ਤੇ ਲਾਹ ਕੇ ਹੀ ਆਪਣੀ ਭੜਾਸ ਕੱਢ ਲੈਂਦੇ ਹਨ। ਇਹ ਨਿੱਕੀਆਂ-ਨਿੱਕੀਆਂ ਗੱਲਾਂ ਕਈ ਵਾਰ ਬਹੁਤ ਵੱਡੀਆਂ ਬਣ ਕੇ ਸਾਹਮਣੇ ਆਈਆਂ ਹਨ। ਹਰ ਇਨਸਾਨ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਅਜੇ ਨੌਜਵਾਨ ਬੱਚੇ ਹਨ ਜੋ ਮਾਂਵਾਂ ਦੀਆਂ ਬੁੱਕਲਾਂ ਵਿੱਚੋਂ ਸਿੱਧੇ ਅਜਿਹੀ ਧਰਤੀ ‘ਤੇ ਆ ਗਏ ਜਿੱਥੇ ਸਭ ਕੁੱਝ ਅਲੱਗ-ਥਲੱਗ ਹੈ, ਵੱਖਰਾ ਹੈ, ਬੋਲੀ, ਰਹਿਣ ਸਹਿਣ ਦਾ ਸਲੀਕਾ, ਵਾਤਾਵਰਣ, ਭੱਜ ਨੱਠ ਦੀ ਜ਼ਿੰਦਗੀ।
ਉਹਨਾਂ ਨੂੰ ਇੱਥੇ ਨੂੰ ਸਮਝਣ ਲਈ ਸਮਾਂ ਲੱਗਦਾ ਹੈ ਤੇ ਜਾਂ ਉਹਨਾਂ ਦੀ ਮਜ਼ਬੂਰੀ ਹੈ ਕਿ ਉਹ ਸਕੂਲ ਵੀ ਜਾਂਦੇ ਹਨ, ਰੋਟੀ ਰੋਜ਼ੀ ਲਈ ਕੰਮ ਵੀ ਕਰਦੇ ਹਨ, ਸਕੂਲ ਦਾ ਹੋਮ ਵਰਕ ਵੀ ਕਰਨਾ ਹੈ ਤੇ ਘਰ ਆ ਕੇ ਸਾਫ਼-ਸਫ਼ਾਈ ਜਾਂ ਖਾਣਾ ਵੀ ਬਣਾਉਣਾ ਹੈ, ਉਹ ਬੱਚੇ ਉਦਾਸ ਤਾਂ ਹੋਣਗੇ ਹੀ ਜਿਨ੍ਹਾਂ ਨੇ ਕਦੇ ਪਾਣੀ ਦਾ ਗਿਲਾਸ ਚੱਕ ਕੇ ਨਹੀਂ ਪੀਤਾ ਹੁੰਦਾ। ਮਾਪਿਆਂ ਨੂੰ ਛੱਡ ਕੇ ਅਜਿਹੀ ਧਰਤੀ ‘ਤੇ ਆ ਟਿਕੇ ਜਿੱਥੇ ਉਹਨਾਂ ਨੂੰ ਆਪਣਾ ਕੋਈ ਦੁੱਖ ਸੁੱਖ ਸੁਣਨ ਵਾਲਾ ਨਹੀਂ ਦਿਸ ਰਿਹਾ। ਕਮਿਊਨਿਟੀ ਨੂੰ ਵੀ ਸਮਝਣ ਦੀ ਲੋੜ ਹੈ ਤੇ ਧੀਰਜ ਭਾਅ ਨਾਲ ਗੱਲ ਕਰਨ ਦੀ ਵੀ ਤੇ ਉਹਨਾਂ ਨੂੰ ਸਭ ਕੁੱਝ ਆਪਣੇ ਸਮਝ ਕੇ ਸਮਝਾਉਣ ਦੀ ਵੀ। ਉੰਜ ਤਾਂ ਜੋ ਕਾਲਜ ਇਹਨਾਂ ਨੂੰ ਲੁੱਟਦੇ ਹਨ ਉਹਨਾਂ ਨੂੰ ਇਹਨਾਂ ਨੂੰ ਨੈਤਿਕਤਾ ਦਾ ਸਬਕ ਵੀ ਸਿਖਾਉਣ ਲਈ ਕਲਾਸਾਂ ਲਾਉਣੀਆਂ ਚਾਹੀਦੀਆਂ ਹਨ ਤਾਂ ਕਿ ਇਹਨਾਂ ਨੂੰ ਕਮਿਊਨਿਟੀ ਵਿੱਚ ਐਨੀ ਜ਼ਲੀਲਤਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਘੱਟੋ-ਘੱਟ ਇੱਕ ਸਾਲ ਰਹਿਣ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ। ਇਹਨਾਂ ਸੰਸਥਾਵਾਂ ਨੂੰ ਸਿਰਫ਼ 60% ਕੈਨੇਡਾ ਵਿੱਚੋਂ ਆਮਦਨ ਹੁੰਦੀ ਹੈ ਜਦਕਿ ਇਹ 40% ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਹਾਸਲ ਕਰਦੇ ਹਨ, ਜੋ ਕਿ ਬਹੁਤ ਵੱਡੀ ਰਕਮ ਹੈ।
ਜਿੱਥੇ ਕਮਿਊਨਿਟੀ ਵਿੱਚ ਬਹੁਤ ਸਾਰੇ ਚੰਗੇ ਲੋਕ ਹਨ ਜੋ ਇਹਨਾਂ ਵਿਦਿਆਰਥੀਆਂ ਨੂੰ ਹਮੇਸ਼ਾ ਜੀ ਆਇਆਂ ਕਹਿ ਰਹੇ ਹਨ। ਜੇ ਉਹ ਕਿਰਾਏ ‘ਤੇ ਰਹਿੰਦੇ ਹਨ, ਉਹਨਾਂ ਨਾਲ ਬਹੁਤ ਵਧੀਆ ਵਿਵਹਾਰ ਕਰਦੇ ਹਨ। ਕੰਮ ਦੇਣ ਵਿੱਚ ਤੇ ਕੰਮ ਦਿਵਾਉਣ ਵਿੱਚ ਵੀ ਮੱਦਦ ਕਰਦੇ ਹਨ। ਪਰ ਕੁੱਝ ਕੁ ਕਾਂਗਿਆਰੀਆਂ ਜਿਹਨਾਂ ਨੇ ਅੰਤਰਰਾਸ਼ਟਰੀ ਮਜ਼ਬੂਰ ਵਿਦਿਆਰਥਣਾਂ ਜੋ ਕਿਰਾਇਆ ਨਹੀਂ ਦੇ ਸਕਦੀਆਂ ਸੀ ਉਹਨਾਂ ਨਾਲ ਗਲਤ ਸਬੰਧ ਬਣਾ ਕੇ ਸ਼ੋਸ਼ਣ ਵੀ ਕੀਤਾ ਹੋ ਸਕਦਾ ਹੈ, ਆਪਣੇ ਘਰ ਵੀ ਖਰਾਬ ਕੀਤੇ ਤੇ ਸਮਾਜ ਵਿੱਚ ਗੰਦੇ ਕੀੜੇ ਜੋ ਇੱਕ ਕੱਖਾਂ ਦੀ ਭਰੀ ਪਿੱਛੇ ਗਰੀਬ ਮਜ਼ਬੂਰ ਔਰਤਾਂ ਦਾ ਸ਼ੋਸ਼ਣ ਭਾਰਤ ਵਿੱਚ ਕਰ ਦਿੰਦੇ ਸਨ, ਉਹ ਬਿਮਾਰ ਮਾਨਸਿਕਤਾ ਵਾਲੇ ਲੋਕ ਇੱਥੇ ਵੀ ਆਪਣੀ ਗੰਦੀ ਸੋਚ ਲੈ ਕੇ ਕੁੜੀਆਂ ਦੀ ਮਜ਼ਬੂਰੀ ਦਾ ਫਾਇਦਾ ਲੈ ਕੇ ਬਦਨਾਮ ਵੀ ਕਰਦੇ ਹੋਣਗੇ। ਕੁੱਝ ਕੁ ਕੰਮਾਂ ‘ਤੇ ਵੀ ਸਰਕਾਰ ਵਲੋਂ ਨਿਰਧਾਰਤ 20 ਘੰਟੇ ਤੋਂ ਉੱਪਰ ਕੰਮ ਕਰਾ ਕੇ, ਉਹਨਾਂ ਦੀ ਕਿਰਤ ਦਾ ਮੁੱਲ ਨਾ ਦੇ ਕੇ ਧੋਖਾਧੜੀ ਕਰ ਰਹੇ ਹਨ ਕਿਉਂਕਿ ਬੱਚੇ ਲੇਬਰ ਕੋਰਟ ਦਾ ਬੂਹਾ ਨਹੀਂ ਖੜਕਾ ਸਕਦੇ। ਇੰਮੀਗ੍ਰੇਸ਼ਨ ਸਲਾਹਕਾਰ ਪੀ. ਆਰ. ਦਿਵਾਉਣ ਦੇ ਬਹਾਨੇ ਹਜ਼ਾਰਾਂ ਡਾਲਰ ਉਹਨਾਂ ਤੋਂ ਹਥਿਆ ਲੈਂਦੇ ਹਨ। ਪਰ ਫਿਰ ਵੀ ਇਹਨਾਂ ਔਕੜਾਂ ਦੇ ਬਾਵਜੂਦ ਵਿਦਿਆਰਥੀ ਹੱਡ ਭੰਨਵੀਂ ਮਿਹਨਤ ਅਰਥਾਤ ਦੂਹਰੀਆਂ ਦੂਹਰੀਆਂ ਸ਼ਿਫਟਾਂ ਲਾ ਕੇ ਮੰਜ਼ਲਾਂ ਨੂੰ ਪਾ ਰਹੇ ਹਨ, ਪੰਜਾਬੀ ਕਮਿਊਨਿਟੀ ਦੀ ਮਾਣ ਵਾਲੀ ਗੱਲ ਹੈ। ਜਿਸ ਕਮਿਊਨਿਟੀ ਦੇ ਇੱਥੇ ਵਸੇਬੇ ਲਈ ਭਾਈ ਮੇਵਾ ਸਿੰਘ, ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਵਰਗੇ ਗ਼ਦਰੀਆਂ ਨੇ ਕੁਰਬਾਨੀਆਂ ਦਿੱਤੀਆਂ ਸਨ, ਨੂੰ ਨੇਪਰੇ ਚਾੜ੍ਹ ਰਹੇ ਹਨ। ਪਿਛਲੇ ਸਮੇਂ ਵਿੱਚ ਜਦੋਂ ਲਵਪ੍ਰੀਤ ਸਿੰਘ ਦੀ ਖੁਦਕਸ਼ੀ ਦਾ ਤੇ ਬੇਅੰਤ ਦਾ ਕੇਸ ਸਾਹਮਣੇ ਆਇਆ। ਉਦੋਂ ਵੀ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕੋ ਰੱਸੇ ਬੰਨ੍ਹ ਕੇ ਬਦਨਾਮ ਕਰਨ ਦੀਆਂ ਨਿਗੁਣੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਸ ਖ਼ਬਰ ਨੂੰ ਐਨਾ ਰਿੜਕਿਆ ਕਿ ਘਰ ਬੈਠਿਆਂ ਅਸੀਂ ਲੋਕਾਂ ਨੇ ਬੇਅੰਤ ਨੂੰ ਡੀਪੋਰਟ ਕਰਾ ਦਿੱਤਾ। ਜਦਕਿ ਸਰਕਾਰਾਂ ਕੀਹਨੂੰ ਇੱਥੇ ਸੱਦ ਰਹੀਆਂ ਹਨ ਤੇ ਕਿਸਨੂੰ ਸੱਦਣਾ ਸਾਨੂੰ ਕਿਸੇ ਗੱਲ ਪਤਾ ਹੀ ਨਹੀਂ ਹੁੰਦਾ। ਇਸੇ ਤਰਜ਼ ‘ਤੇ 7 ਜਨਵਰੀ ਨੂੰ ਕੈਨੇਡੀਅਨ ਬਜ਼ਾਰ ਟੋਰਾਂਟੋ ਇੱਕ ਔਨਲਾਈਨ ਅਖ਼ਬਾਰ ਦੀ ਬਿਨਾਂ ਲੇਖਕ, ਬਿਨਾਂ ਤੱਥਾਂ ਤੋਂ ਛਪੀ ਖ਼ਬਰ ਨੇ ਇੱਕ ਵਾਰ ਫਿਰ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀ ਕੁੜੀਆਂ ਨੂੰ ਮਸਾਲਾ ਲੱਗੀਆਂ ਸੁਰਖ਼ੀਆਂ ਵਿੱਚ ਪਰੋ ਕੇ ਦੇਹ ਵਿਉਪਾਰ ਦੇ ਧੰਦੇ ਵਿੱਚ 90% ਨੂੰ ਉਲੱਦ ਦਿੱਤਾ। ਪੇਸ਼ ਇਹ ਕੀਤਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ। ਪੰਜਾਬੀ ਮੀਡੀਏ ਨੇ ਇਸਨੂੰ ਹੋਰ ਵੀ ਛੱਜ ‘ਚ ਪਾ ਕੇ ਛੱਟਿਆ ਜਿਨ੍ਹਾਂ ਨੇ ਆਪਣੀ ਟੀ. ਆਰ.ਪੀ. ਵਧਾਉਣੀ ਸੀ, ਉਹਨਾਂ ਇਸਤੋਂ ਪੂਰੀ ਖੱਟੀ ਖੱਟੀ। ਇਹ ਸੁਣ ਕੇ ਪੰਜਾਬ ਵਿੱਚ ਬੈਠੇ ਮਾਪੇ ਤਰਾਹ ਤਰਾਹ ਕਰਨ ਲੱਗੇ ਤੇ ਫੋਨਾਂ ਦੀਆਂ ਘੰਟੀਆਂ ਖਟਕਣ ਲੱਗੀਆਂ। ਬਾਅਦ ਵਿੱਚ ਤੱਥਾਂ ਤੋਂ ਬਿਨਾਂ ਇਸ ਖ਼ਬਰ ਵਿੱਚੋਂ ਕੁੱਝ ਨਾ ਨਿਕਲਿਆ। ਮੈਂ ਇਸ ਖ਼ਬਰ ਬਾਰੇ ਵਿਚਾਰ ਕਰਦਿਆਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੰਨ ਲਓ ਇਹ ਸਮੱਸਿਆ ਹੈ ਇੱਥੇ ਵੀ ਹੈ ਜਿਵੇਂ ਲੱਗਭੱਗ ਦੁਨੀਆਂ ਦੇ ਸਾਰੇ ਹੀ ਦੇਸ਼ਾਂ ਵਿੱਚ ਹੈ। ਇੱਥੇ ਵੀ ਘੱਟ ਗਿਣਤੀਆਂ ਵਾਲੇ ਤੇ ਮੂਲ ਨਿਵਾਸੀ ਲੋਕ ਆਪਣੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਦੀ ਵਜਾਹ ਕਰਕੇ ਇਸ ਸਮੱਸਿਆ ਦਾ ਸ਼ਿਕਾਰ ਹਨ। ਦੇਖਣਾ ਇਹ ਬਣਦਾ ਹੈ ਕਿ ਉਹ ਇਸਦਾ ਸ਼ਿਕਾਰ ਕਿਉਂ ਬਣਦੇ ਹਨ ? ਜਿਵੇਂ ਸਾਰੀ ਦੁਨੀਆਂ ‘ਤੇ ਕੁੱਝ ਕੁ ਪੂੰਜੀਪਤੀਆਂ ਦਾ ਰਾਜ ਹੈ ਉਸਦੇ ਘੇਰੇ ਵਿੱਚ ਕੈਨੇਡਾ ਵੀ ਆਉਂਦਾ ਹੈ। ਇੱਥੇ ਵੀ ਅਮੀਰ-ਗਰੀਬ ਦੇ ਪਾੜੇ ਵਿੱਚ ਗਰੀਬ ਨੂੰ ਹੀ ਮਾਰ ਪੈਂਦੀ ਹੈ। ਇਹ ਪਾੜਾ ਇੱਥੇ ਵੀ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਹੁਣ ਉਹ ਬੱਚੇ ਜੋ ਤਿੰਨ ਕਾਲਜਾਂ ਦੇ ਦੀਵਾਲੀਆ ਹੋਣ ਦੇ ਕਾਰਣ ਗਲ਼ੀਆਂ ਵਿੱਚ ਭਟਕ ਰਹੇ ਹਨ, ਉਹਨਾਂ ਦੀਆਂ ਮਾਨਸਿਕ ਸਥਿਤੀਆਂ ਕਿੰਨੀਆਂ ਡਾਵਾਂਡੋਲ ਹੋਣਗੀਆਂ। ਉਸ ਸਥਿਤੀਆਂ ਵਿੱਚ ਉਹਨਾਂ ਦਾ ਕੋਈ ਵੀ ਫਾਇਦਾ ਲੈ ਸਕਦਾ ਹੈ। ਆਪਣੇ ਘਰ ਤੋਂ ਦੂਰ ਬੱਚੇ ਜਦੋਂ ਕਿਸੇ ਵੀ ਦੁਰ ਵਿਵਹਾਰ ਦਾ ਸਾਹਮਣਾ ਕਰਦੇ ਹਨ ਉਹ ਮਾਨਸਿਕ ਤੌਰ ‘ਤੇ ਬਹੁਤ ਜਦੋ ਜਹਿਦ ਵਿੱਚ ਹਨ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਇਸ ਕਰਕੇ ਹੀ ਕਾਫ਼ੀ ਗਿਣਤੀ ਵਿੱਚ ਬੱਚੇ ਖੁਦਕੁਸ਼ੀਆਂ ਕਰ ਰਹੇ ਹਨ, ਨਾ ਉਹ ਵਾਪਸ ਜਾਣਾ ਚਾਹੁੰਦੇ ਹਨ ਕਿਉਂਕਿ ਸਾਡਾ ਸਮਾਜ ਉੱਥੇ ਗਿਆਂ ਨੂੰ ਵੀ ਨੇਹਣ ਨੇਹਣ ਮਾਰ ਦਿੰਦਾ ਹੈ। ਅੰਤ ਵਿੱਚ ਇਹਨਾਂ ਸਾਰੀਆਂ ਸਮੱਸਿਆਵਾਂ ਤੇ ਕਮਿਊਨਿਟੀ ਵਿੱਚ ਗੱਲ ਕਰਦੇ ਹੋਏ, ਗੱਲ ਸਾਹਮਣੇ ਆਈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ 20 ਘੰਟੇ ਕੰਮ ਕਰਨ ਦੀ ਛੋਟ ਨਹੀਂ ਸਗੋਂ ਇੱਥੋਂ ਦੇ ਜੰਮਪਲ ਵਿਦਿਆਰਥੀਆਂ ਵਾਂਗ ਖੁੱਲ੍ਹਾ ਸਮਾਂ ਕੰਮ ਕਰਨ ਦੇਣਾ ਚਾਹੀਦਾ ਹੈ। ਪਰ ਮੇਰੀਆਂ ਨਜ਼ਰਾਂ ਵਿੱਚ ਵਿਦਿਆਰਥੀ ਜਿੰਨਾ ਚਿਰ ਪੜ੍ਹਦੇ ਹਨ ਉਹਨਾਂ ਨੂੰ ਬਿਲਕੁੱਲ ਕੰਮ ਨਹੀਂ ਹੋਣਾ ਚਾਹੀਦਾ ਚਾਹੇ ਐਥੋਂ ਦੇ ਹੋਣ ਚਾਹੇ ਅੰਤਰ ਰਾਸ਼ਟਰੀ। ਖਰਚਿਆਂ ਦਾ ਐਨਾ ਵਜ਼ਨ ਲੈ ਕੇ ਕੀ ਉਹ ਵਧੀਆ ਪੜ੍ਹ ਸਕਦੇ ਹਨ? ਸਰਕਾਰਾਂ ਦਾ ਫਰਜ਼ ਹੋਣਾ ਚਾਹੀਦਾ ਹੈ ਜਦੋਂ ਉਹ ਟੈਕਸ ਲੈਂਦੀਆਂ ਹਨ ਤਾਂ ਉਹ ਹਰ ਵਿਅਕਤੀ ਨੂੰ ਮੁੱਢਲੀਆਂ ਲੋੜਾਂ ਮੁਹੱਈਆ ਕਰਵਾਉਣ। ਇੱਕ ਚਿੜੀ ਦੇ ਪੰਜੇ ਜਿੰਨਾ ਦੇਸ਼ ਕਿਊਬਾ ਜਿੱਥੋਂ ਦੀ ਸਰਕਾਰ ਹਰ ਵਿਅਕਤੀ ਨੂੰ ਰਹਿਣ ਲਈ ਘਰ, ਜਿਊਣ ਲਈ ਖਾਣਾ, ਸਾਰੀਆਂ ਸਿਹਤ ਸਹੂਲਤਾਂ ਤੇ ਪਹਿਲ਼ੀ ਤੋਂ ਡਾਕਟਰੀ ਦੀ ਪੜ੍ਹਾਈ ਤੱਕ ਮੁਫ਼ਤ ਗਿਆਨ ਹਾਸਲ ਕਰਵਾਉਂਦੀ ਹੈ। ਕੀ ਇਹ ਦੇਸ਼ ਉਸਤੋਂ ਵੀ ਗਏ ਗੁਜ਼ਰੇ ਹਨ। ਪਰ ਸਾਡੀਆਂ ਸਰਕਾਰਾਂ ਕਾਰਪੋਰੇਸ਼ਨਾਂ ਨੂੰ ਵੱਡੇ ਗੱਫੇ ਦੇ ਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਡਿਪਰੈਸ਼ਨ ਵਿੱਚ ਧੱਕ ਰਹੇ ਹਨ। ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਤਿੱਗਣੀਆਂ ਫੀਸਾਂ ਲੈ ਕੇ ਯੂਨੀਵਰਸਿਟੀਆਂ, ਕਾਲਜ ਵੱਡੇ ਬਿਜ਼ਨਿਸ ਅਦਾਰੇ ਹੀ ਹਨ, ਜਿਨ੍ਹਾਂ ਦੀਆਂ ਝੋਲ਼ੀਆਂ ਭਰੀਆਂ ਜਾ ਰਹੀਆਂ ਹਨ। ਜਿਨ੍ਹਾਂ ਬੱਚਿਆਂ ਨੇ ਸਾਰੀ ਜ਼ਿੰਦਗੀ ਇਸ ਸਮਾਜ ਦਾ ਹਿੱਸਾ ਬਣ ਕੇ ਇਸਨੂੰ ਵਧੀਆ ਤੇ ਸੁੰਦਰ ਬਣਾਉਣਾ ਹੈ ਜੇ ਉਸਦੀ ਨੀਂਹ ਇਹੋ ਜਿਹੀ ਰੱਖੀ ਜਾ ਰਹੀ ਹੈ ਫਿਰ ਅਸੀਂ ਆਉਣ ਵਾਲੇ ਸਮੇਂ ਲਈ ਕਿਹੋ ਜਿਹੀ ਤਵੱਕੋ ਰੱਖਦੇ ਹਾਂ।
ਸਾਡੀ ਇੱਥੇ ਰਹਿੰਦੀ ਕਮਿਉਨਿਟੀ ਨੂੰ ਵਿਦਿਆਰਥੀਆਂ ਦੀ ਸਮੱਸਿਆ ਨੂੰ ਸਮਝਣਾ ਚਾਹੀਦਾ ਹੈ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਕਾਲਜ ਬੰਦ ਹੋਏ ਹਨ, ਬੱਚੇ ਅਵਾਜ਼ਾਰ ਹਨ। ਸਾਨੂੰ ਸਾਰਿਆਂ ਨੂੰ ਜਥੇਬੰਦ ਕੇ ਅਵਾਜ਼ ਉਠਾਉਣੀ ਚਾਹੀਦੀ ਹੈ ਕਿ ਸਰਕਾਰਾਂ ਇਹਨਾਂ ਬੱਚਿਆਂ ਦੀ ਬਾਂਹ ਫੜ੍ਹਨ ਤੇ ਉਹਨਾਂ ਦੀ ਪੜ੍ਹਾਈ ਹਰ ਹਾਲਤ ਵਿੱਚ ਪੂਰੀ ਕਰਾਉਣ ਦੀ ਗਰੰਟੀ ਕਰਨ। ਇਹਨਾਂ ਵਿੱਚੋਂ ਕੁੱਝ ਵਿਦਿਆਰਥੀਆਂ ਨੂੰ ਕੰਪਲੀਸ਼ਨ ਲੈਟਰ ਦਿੱਤੇ ਜਾ ਰਹੇ ਹਨ ਕਿ ਉਹ ਚੁੱਪ ਕਰ ਜਾਣ ਜਾਣਿਕਿ ਵਿਦਿਆਰਥੀਆਂ ਵਿੱਚ ਦੁਫਾੜ ਪੈ ਜਾਵੇ, ਇੱਕਠੇ ਹੋ ਕੇ ਇਨਸਾਫ਼ ਦੀ ਲੜਾਈ ਨਾ ਲੜ ਸਕਣ। ਇਹੋ ਜਿਹੀਆਂ ਸਾਜ਼ਿਸ਼ਾਂ ਤੋਂ ਵੀ ਸੁਚੇਤ ਹੋਣ ਦੀ ਲੋੜ ਹੈ। ਜੋ ਆਪਸ ਵਿੱਚ ਦੂਸ਼ਣਬਾਜ਼ੀ ਦਾ ਮਾਹੌਲ ਹੈ ਉਹ ਬੰਦ ਹੋਣਾ ਚਾਹੀਦਾ ਹੈ, ਇਹ ਸਾਡੇ ਹੀ ਬੱਚੇ ਹਨ, ਕੈਨੇਡਾ ਦਾ ਭਵਿੱਖ ਇਹਨਾਂ ਦੇ ਹੱਥਾਂ ਵਿੱਚ ਆਉਣਾ ਹੈ ਸੋ ਅੱਜ ਅਸੀਂ ਵੀ ਇਹਨਾਂ ਦੇ ਮੋਢੇ ਨੂੰ ਮੋਢਾ ਦੇਈਏ। (ਸਮਾਪਤ)

 

Check Also

ਭਾਰਤ ਸਰਕਾਰ ਦੇ 10 ਸਾਲ ਅਤੇ ਅਰਥਚਾਰਾ

ਡਾ. ਕੇਸਰ ਸਿੰਘ ਭੰਗੂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ …