-16.5 C
Toronto
Tuesday, February 24, 2026
spot_img
Homeਹਫ਼ਤਾਵਾਰੀ ਫੇਰੀਟਰੰਪ ਨੇ ਭਾਰਤ 'ਤੇ ਲਾਇਆ 25 ਫੀਸਦੀ ਵਾਧੂ ਟੈਰਿਫ

ਟਰੰਪ ਨੇ ਭਾਰਤ ‘ਤੇ ਲਾਇਆ 25 ਫੀਸਦੀ ਵਾਧੂ ਟੈਰਿਫ

ਹੁਣ ਕੁੱਲ 50 ਫੀਸਦੀ ਹੋਇਆ ਟੈਕਸ, ਰੂਸ ਕੋਲੋਂ ਤੇਲ ਖਰੀਦਣ ਕਾਰਨ ਨਾਰਾਜ਼ ਹੈ ਟਰੰਪ
ਨਵੀਂ ਦਿੱਲੀ : ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਮਾਨ ‘ਤੇ 7 ਅਗਸਤ ਤੋਂ 25 ਫੀਸਦੀ ਟੈਰਿਫ ਲਾਗੂ ਹੋ ਗਿਆ ਹੈ ਅਤੇ 25 ਫੀਸਦੀ ਵਾਧੂ ਟੈਰਿਫ 27 ਅਗਸਤ ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਭਾਰਤੀ ਸਮਾਨ ‘ਤੇ ਕਰੀਬ 10 ਫੀਸਦੀ ਟੈਰਿਫ ਲੱਗਦਾ ਸੀ। ਨਵੇਂ ਟੈਰਿਫ ਲੱਗਣ ਨਾਲ ਭਾਰਤੀ ਸਮਾਨ ਅਮਰੀਕੀ ਬਜ਼ਾਰ ਵਿਚ ਮਹਿੰਗਾ ਹੋ ਜਾਵੇਗਾ। ਹਾਲਾਂਕਿ ਭਾਰਤ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਮਾਲ ਵੇਚਣ ਲਈ ਉਨ੍ਹਾਂ ਦੇ ਕੋਲ ਅਮਰੀਕਾ ਤੋਂ ਇਲਾਵਾ ਦੁਨੀਆ ਭਰ ਦੇ ਬਜ਼ਾਰ ਹਨ।
ਭਾਰਤ ਵੱਲੋਂ ਰੂਸ ਤੋਂ ਲਗਾਤਾਰ ਕੱਚਾ ਤੇਲ ਖ਼ਰੀਦੇ ਜਾਣ ਤੋਂ ਨਾਰਾਜ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੁਰਮਾਨੇ ਵਜੋਂ ਭਾਰਤ ਤੋਂ ਆਉਣ ਵਾਲੀਆਂ ਵਸਤਾਂ ‘ਤੇ ਟੈਰਿਫ 25 ਫ਼ੀਸਦ ਤੋਂ ਵਧਾ ਕੇ 50 ਫ਼ੀਸਦ ਕਰ ਦਿੱਤਾ ਹੈ।
ਅਮਰੀਕਾ ਵੱਲੋਂ ਟੈਰਿਫ ਦੁੱਗਣਾ ਕੀਤੇ ਜਾਣ ਨਾਲ ਕੱਪੜਾ, ਸਮੁੰਦਰੀ ਉਤਪਾਦ ਅਤੇ ਚਮੜੇ ਨਾਲ ਬਣੀਆਂ ਵਸਤਾਂ ਦੀ ਬਰਾਮਦ ਜਿਹੇ ਖੇਤਰਾਂ ‘ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ। ਟਰੰਪ ਨੇ ਕਾਰਜਕਾਰੀ ਹੁਕਮਾਂ ‘ਤੇ ਬੁੱਧਵਾਰ ਨੂੰ ਦਸਤਖ਼ਤ ਕੀਤੇ ਜਿਸ ‘ਚ ਕਿਹਾ ਗਿਆ ਕਿ ਰੂਸੀ ਫੈਡਰੇਸ਼ਨ ਦੀ ਸਰਕਾਰ ਵੱਲੋਂ ਅਮਰੀਕਾ ਲਈ ਪੈਦਾ ਹੋ ਰਹੇ ਖ਼ਤਰਿਆਂ ਦੇ ਹੱਲ ਲਈ ਭਾਰਤ ‘ਤੇ 25 ਫ਼ੀਸਦ ਵਾਧੂ ਟੈਰਿਫ ਲਗਾਇਆ ਜਾਂਦਾ ਹੈ। ਇਸ ਹੁਕਮ ਮਗਰੋਂ ਕੁਝ ਵਸਤਾਂ ਨੂੰ ਛੱਡ ਕੇ ਭਾਰਤੀ ਵਸਤਾਂ ‘ਤੇ ਟੈਰਿਫ ਵਧ ਕੇ 50 ਫ਼ੀਸਦ ਹੋ ਜਾਵੇਗਾ। ਪਹਿਲਾਂ ਲਾਇਆ ਗਿਆ 25 ਫ਼ੀਸਦ ਟੈਰਿਫ 7 ਅਗਸਤ ਤੋਂ ਲਾਗੂ ਹੋ ਗਿਆ, ਜਦਕਿ 25 ਫ਼ੀਸਦ ਵਾਧੂ ਟੈਰਿਫ 21 ਦਿਨਾਂ ਜਾਂ 27 ਅਗਸਤ ਤੋਂ ਅਮਲ ‘ਚ ਆਵੇਗਾ। ਹੁਕਮ ‘ਚ ਟਰੰਪ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਭਾਰਤ ਸਰਕਾਰ ਇਸ ਵੇਲੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਰੂਸੀ ਫੈਡਰੇਸ਼ਨ ਤੋਂ ਤੇਲ ਦਰਾਮਦ ਕਰ ਰਹੀ ਹੈ। ਇਸ ਲਈ ਅਮਰੀਕੀ ਅਮਰੀਕੀ ਖੇਤਰ ‘ਚ ਆਉਣ ਵਾਲੀਆਂ ਭਾਰਤੀ ਵਸਤਾਂ ‘ਤੇ 25 ਫ਼ੀਸਦ ਵਾਧੂ ਟੈਰਿਫ ਲੱਗੇਗਾ।” ਭਾਰਤ ਆਪਣੀ ਜ਼ਰੂਰਤ ਦਾ ਕਰੀਬ 88 ਫ਼ੀਸਦ ਕੱਚਾ ਤੇਲ ਵਿਦੇਸ਼ ਤੋਂ ਖ਼ਰੀਦਦਾ ਹੈ। ਭਾਰਤ 2021 ਤੱਕ ਦਰਾਮਦ ਕੁੱਲ ਕੱਚੇ ਤੇਲ ਦਾ ਮੁਸ਼ਕਲ ਨਾਲ 0.2 ਫ਼ੀਸਦ ਹੀ ਰੂਸ ਤੋਂ ਖ਼ਰੀਦਦਾ ਸੀ ਪਰ ਰੂਸ ਹੁਣ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਇਰ ਹੈ। ਭਾਰਤ ਨੇ ਜੁਲਾਈ ‘ਚ ਰੋਜ਼ਾਨਾ ਕਰੀਬ 50 ਲੱਖ ਬੈਰਲ ਤੇਲ ਦੀ ਦਰਾਮਦ ਕੀਤੀ ਸੀ ਜਿਸ ‘ਚੋਂ 16 ਲੱਖ ਬੈਰਲ ਤੇਲ ਰੂਸ ਤੋਂ ਆਇਆ ਸੀ। ਨਵੇਂ ਟੈਰਿਫ ਮਗਰੋਂ ਅਮਰੀਕਾ ‘ਚ ਭਾਰਤ ਅਤੇ ਬ੍ਰਾਜ਼ੀਲ ਦੀਆਂ ਵਸਤਾਂ ‘ਤੇ ਸਭ ਤੋਂ ਵੱਧ 50 ਫ਼ੀਸਦ ਟੈਰਿਫ ਲੱਗੇਗਾ। ਅਜਿਹੇ ‘ਚ ਭਾਰਤ ਦੇ ਮੁਕਾਬਲੇ ਵਾਲੇ ਮੁਲਕ ਅਮਰੀਕੀ ਬਾਜ਼ਾਰ ‘ਚ ਬਿਹਤਰ ਸਥਿਤੀ ‘ਚ ਹੋਣਗੇ ਕਿਉਂਕਿ ਉਨ੍ਹਾਂ ਦਾ ਟੈਰਿਫ ਘੱਟ ਹੈ। ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕੀ ਟੀਮ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ਲਈ ਛੇਵੇਂ ਗੇੜ ਦੀ ਵਾਰਤਾ ਲਈ 25 ਅਗਸਤ ਨੂੰ ਭਾਰਤ ਆਉਣ ਵਾਲੀ ਹੈ।
ਰੂਸ ਤੋਂ ਅਮਰੀਕਾ ਆਉਂਦੀਆਂ ਵਸਤਾਂ ਬਾਰੇ ਮੈਨੂੰ ਪਤਾ ਨਹੀਂ : ਟਰੰਪ
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰੂਸ ਤੋਂ ਯੂਰੇਨੀਅਮ, ਖਾਦਾਂ ਅਤੇ ਰਸਾਇਣਾਂ ਦੀ ਅਮਰੀਕੀ ਦਰਾਮਦ ਬਾਰੇ ਕੋਈ ਜਾਣਕਾਰੀ ਨਹੀਂ ਹੈ। ਟਰੰਪ ਨੇ ਇਸ ਸਬੰਧੀ ਭਾਰਤ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਇਹ ਗੱਲ ਆਖੀ।
ਟਰੰਪ ਨੇ ਕਿਹਾ, ”ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ। ਮੈਨੂੰ ਇਸ ਦੀ ਜਾਂਚ ਕਰਨੀ ਹੋਵੇਗੀ ਪਰ ਅਸੀਂ ਇਸ ਦਾ ਜਵਾਬ ਦੇਵਾਂਗੇ।” ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਛੇਤੀ ਹੀ ਉਨ੍ਹਾਂ ਮੁਲਕਾਂ ‘ਤੇ ਟੈਰਿਫ ਹੋਰ ਵਧਾਉਣ ਦਾ ਫ਼ੈਸਲਾ ਲੈਣਗੇ ਜੋ ਰੂਸ ਤੋਂ ਊਰਜਾ ਖ਼ਰੀਦ ਰਹੇ ਹਨ। ਟਰੰਪ ਨੇ ਭਾਰਤ ਵੱਲੋਂ ਰੂਸ ਤੋਂ ਕੱਚਾ ਤੇਲ ਖ਼ਰੀਦ ਕੇ ਵੱਡੇ ਮੁਨਾਫ਼ੇ ਲਈ ਅੱਗੇ ਵੇਚਣ ਦੇ ਦੋਸ਼ ਲਗਾਉਂਦਿਆਂ ਧਮਕੀ ਦਿੱਤੀ ਕਿ ਅਮਰੀਕਾ, ਭਾਰਤ ‘ਤੇ ਹੋਰ ਵਾਧੂ ਟੈਰਿਫ ਲਗਾਏਗਾ।
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਵੀ ਕੀਮਤ ਤਾਰਨ ਲਈ ਹਾਂ ਤਿਆਰ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਆਪਣੇ ਕਿਸਾਨਾਂ, ਮਛੇਰਿਆਂ ਤੇ ਡੇਅਰੀ ਪਾਲਕਾਂ ਦੇ ਹਿੱਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ ਤੇ ਉਹ ਇਸ ਲਈ ਕੋਈ ਵੀ ਕੀਮਤ ਤਾਰਨ ਲਈ ਤਿਆਰ ਹੈ। ਮੋਦੀ ਨੇ ਕਿਹਾ, ”ਸਾਡੇ ਲਈ ਕਿਸਾਨਾਂ ਦਾ ਹਿੱਤ ਸਭ ਤੋਂ ਵੱਡੀ ਤਰਜੀਹ ਹੈ। ਭਾਰਤ ਕਦੇ ਵੀ ਕਿਸਾਨਾਂ, ਮਛੇਰਿਆਂ ਅਤੇ ਡੇਅਰੀ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ। ਮੇਰਾ ਮੰਨਣਾ ਹੈ ਕਿ, ਨਿੱਜੀ ਤੌਰ ‘ਤੇ ਮੈਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ, ਅਤੇ ਮੈਂ ਇਸ ਲਈ ਤਿਆਰ ਹਾਂ।” ਉਨ੍ਹਾਂ ਦੀਆਂ ਇਹ ਟਿੱਪਣੀਆਂ ਅਮਰੀਕਾ ਵੱਲੋਂ ਭਾਰਤ ਤੋਂ ਦਰਾਮਦ ਵਸਤਾਂ, ਜਿਨ੍ਹਾਂ ਵਿੱਚ ਖੇਤੀਬਾੜੀ ਉਤਪਾਦ ਵੀ ਸ਼ਾਮਲ ਹਨ, ‘ਤੇ ਟੈਰਿਫ ਨੂੰ 50 ਪ੍ਰਤੀਸ਼ਤ ਤੱਕ ਵਧਾਉਣ ਦੇ ਐਲਾਨ ਦੇ ਪਿਛੋਕੜ ਵਿੱਚ ਆਈਆਂ ਹਨ।

 

RELATED ARTICLES
POPULAR POSTS