ਫਰਜ਼ੀ ਤਰੀਕੇ ਨਾਲ ਬਗੀਚੇ ਦਿਖਾ ਕੇ ਲਿਆ ਸੀ ਮੁਆਵਜ਼ਾ
ਚੰਡੀਗੜ੍ਹ : ਗਮਾਡਾ (ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਵਲੋਂ ਐਕਵਾਇਰ ਕੀਤੀ ਗਈ ਜ਼ਮੀਨ ‘ਤੇ ਫਰਜ਼ੀ ਤਰੀਕੇ ਨਾਲ ਅਮਰੂਦਾਂ ਦੇ ਬਗੀਚੇ ਦਿਖਾ ਕੇ ਕਰੀਬ 50 ਵਿਅਕਤੀਆਂ ਨੇ ਕਰੋੜਾਂ ਰੁਪਏ ਦਾ ਮੁਆਵਜ਼ਾ ਹਾਸਲ ਕੀਤਾ ਸੀ। ਇਹ ਸਭ ਕੁਝ ਵਿਜੀਲੈਂਸ ਦੀ ਜਾਂਚ ਵਿਚ ਸਾਹਮਣੇ ਆ ਰਿਹਾ ਹੈ। ਇਹ ਸਾਰੀ ਧੋਖਾਧੜੀ ਮਾਲੀਆ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਹੋਈ ਸੀ।
ਪੰਜਾਬ ਵਿਜੀਲੈਂਸ ਹੁਣ ਸਾਰੀਆਂ ਚੀਜ਼ਾਂ ਦੀ ਨਵੇਂ ਸਿਰੇ ਤੋਂ ਪੜਤਾਲ ਕਰ ਰਹੀ ਹੈ। ਨਾਲ ਹੀ ਨਵੇਂ ਸਿਰੇ ਤੋਂ ਸਾਰਿਆਂ ਨੂੰ ਨੋਟਿਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਉਥੇ, ਅਦਾਲਤ ਦੇ ਆਦੇਸ਼ ‘ਤੇ ਜ਼ਮਾਨਤ ਹਾਸਲ ਕਰਨ ਵਾਲੇ ਵਿਅਕਤੀਆਂ ਨੇ ਲਿਆ ਕਰੋੜਾਂ ਰੁਪਏ ਦਾ ਮੁਆਵਜ਼ਾ ਗਮਾਡਾ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਉਣਾ ਸ਼ੁਰੂ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਇਹ ਰਾਸ਼ੀ ਕਰੀਬ 30 ਕਰੋੜ ਰੁਪਏ ਹੋ ਸਕਦੀ ਹੈ।
ਵਿਜੀਲੈਂਸ ਅਧਿਕਾਰੀਆਂ ਦੇ ਮੁਤਾਬਕ ਇਸ ਘੁਟਾਲੇ ਦੀ ਯੋਜਨਾ ਫਿਲਮੀ ਕਹਾਣੀ ਦੀ ਤਰ੍ਹਾਂ ਰਚੀ ਗਈ ਸੀ। ਇਸ ਵਿਚ ਉਸ ਸਮੇਂ ਦੀ ਸਰਕਾਰ ਦੇ ਮੈਂਬਰ ਵੀ ਸ਼ਾਮਲ ਸਨ। ਨਾਲ ਹੀ ਪ੍ਰੋਜੈਕਟ ਨਾਲ ਜੁੜੇ ਅਧਿਕਾਰੀਆਂ ਨੇ ਵੀ ਮੋਟੀ ਕਮਾਈ ਕੀਤੀ। ਇਸਦੀ ਪੋਲ ਤਾਂ ਕਰੀਬ ਤਿੰਨ ਸਾਲ ਪਹਿਲਾਂ ਸਮਾਜ ਸੇਵੀ ਸੰਸਥਾ ਨੇ ਖੋਲ੍ਹੀ ਸੀ। ਉਸ ਸਮੇਂ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਪਰ ਜਾਂਚ ਅੱਗੇ ਨਹੀਂ ਵਧੀ ਸੀ। ਫਿਰ 2022 ਵਿਚ ਸੱਤਾ ‘ਚ ਪਰਿਵਰਤਨ ਤੋਂ ਬਾਅਦ ਇਸਦੀ ਜਾਂਚ ਵਧੀ।ਇਸ ਮਾਮਲੇ ਵਿਚ ਵਿਜੀਲੈਂਸ ਹੁਣ ਤੱਕ ਦੋ ਆਈਏਐਸ ਅਧਿਕਾਰੀਆਂ ਦੀਆਂ ਪਤਨੀਆਂ ਸਣੇ 22 ਤੋਂ ਜ਼ਿਆਦਾ ਵਿਅਕਤੀਆਂ ‘ਤੇ ਕੇਸ ਦਰਜ ਕਰ ਚੁੱਕੀ ਹੈ। ਮਾਮਲੇ ਵਿਚ ਵਿਜੀਲੈਂਸ 19 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿਚ ਤਿੰਨ ਪਟਵਾਰੀ ਹਨ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਆਉਣ ਵਾਲੇ ਦਿਨਾਂ ਵਿਚ ਗਮਾਡਾ ਦੇ ਬਾਗਬਾਨੀ ਵਿਭਾਗ ਦੇ ਅਤੇ ਸੇਵਾਮੁਕਤ ਅਧਿਕਾਰੀਆਂ ਦੀ ਗ੍ਰਿਫਤਾਰੀ ਸੰਭਵ ਹੈ, ਕਿਉਂਕਿ ਸੇਵਾਮੁਕਤ ਹੋਣ ਤੋਂ ਪਹਿਲਾਂ ਇਨ੍ਹਾਂ ਅਧਿਕਾਰੀਆਂ ਵਲੋਂ ਫਰਜ਼ੀ ਤਰੀਕੇ ਨਾਲ ਮੁਆਵਜ਼ੇ ਦਾ ਭੁਗਤਾਨ ਕਰਵਾਇਆ ਗਿਆ ਸੀ। ਇਸ ਮਾਮਲੇ ਵਿਚ ਪਟਵਾਰੀਆਂ ਨੇ ਕਿੰਨੀ ਰਿਸ਼ਵਤ ਲਈ, ਇਸ ਮਾਮਲੇ ਵਿਚ ਵੀ ਵਿਜੀਲੈਂਸ ਜਾਂਚ ਕਰ ਰਹੀ ਹੈ। ਈਡੀ ਵੀ ਇਸ ਮਾਮਲੇ ਦੀ ਜਾਂਚ ਆਪਣੇ ਪੱਧਰ ‘ਤੇ ਕਰ ਰਹੀ ਹੈ।
ਵਿਜੀਲੈਂਸ ਨੇ ਇੱਕ ਹੋਰ ਸੇਵਾਮੁਕਤ ਪਟਵਾਰੀ ਗ੍ਰਿਫਤਾਰ ਕੀਤਾ
ਪੰਜਾਬ ਵਿੱਚ ਭ੍ਰਿਸ਼ਟਾਚਾਰ ਖਿਲਾਫ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਸੇਵਾਮੁਕਤ ਪਟਵਾਰੀ ਸੁਰਿੰਦਰਪਾਲ ਨੂੰ ਅਮਰੂਦਾਂ ਦੇ ਬੂਟਿਆਂ ਦੇ ਮੁਆਵਜ਼ੇ ਵਿੱਚ ਹੋਏ ਕਰੋੜਾਂ ਰੁਪਏ ਦੇ ਕਥਿਤ ਘਪਲੇ ਸਬੰਧੀ ਗ੍ਰਿਫਤਾਰ ਕੀਤਾ ਹੈ। ਪਟਵਾਰੀ ਕਥਿਤ ਘਪਲੇ ਸਮੇਂ ਲੈਂਡ ਐਕੁਜ਼ੀਸ਼ਨ ਕੁਲੈਕਟਰ (ਐੱਲਏਸੀ) ਗਰੇਟਰ ਮੁਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਦੇ ਦਫ਼ਤਰ ਵਿੱਚ ਤਾਇਨਾਤ ਸੀ।