Breaking News
Home / ਪੰਜਾਬ / ਰਾਣਾ ਇੰਦਰ ਪ੍ਰਤਾਪ ਨੇ ਚੋਣ ਲੜਨ ਲਈ ਛੱਡੀ ਸੀ ਅਮਰੀਕੀ ਨਾਗਰਿਕਤਾ

ਰਾਣਾ ਇੰਦਰ ਪ੍ਰਤਾਪ ਨੇ ਚੋਣ ਲੜਨ ਲਈ ਛੱਡੀ ਸੀ ਅਮਰੀਕੀ ਨਾਗਰਿਕਤਾ

ਸੁਲਤਾਨਪੁਰ ਲੋਧੀ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਹਨ ਰਾਣਾ ਇੰਦਰ ਪ੍ਰਤਾਪ
ਜਲੰਧਰ/ਬਿਊਰੋ ਨਿਊਜ਼ : ਸੁਲਤਾਨਪੁਰ ਲੋਧੀ ਤੋਂ ਜਿੱਤਿਆ ਰਾਣਾ ਇੰਦਰ ਪ੍ਰਤਾਪ ਸਿੰਘ ਐਤਕੀਂ ਪੰਜਾਬ ਅਸੈਂਬਲੀ ਲਈ ਚੁਣਿਆ ਇਕੋ ਇਕ ਆਜ਼ਾਦ ਉਮੀਦਵਾਰ ਹੈ। ਰਾਣਾ ਇੰਦਰ ਪ੍ਰਤਾਪ ਬਾਰੇ ਇਕ ਹੋਰ ਤੱਥ ਹੈ, ਜੋ ਉਨ੍ਹਾਂ ਨੂੰ ਹੋਰਨਾਂ ਉਮੀਦਵਾਰਾਂ ਨਾਲੋਂ ਅੱਡ ਕਰਦਾ ਹੈ। ਰਾਣਾ ਇੰਦਰ ਪ੍ਰਤਾਪ ਨੂੰ ਪੰਜਾਬ ਅਸੈਂਬਲੀ ਦੀ ਚੋਣ ਲੜਨ ਦੇ ਯੋਗ ਬਣਨ ਲਈ ਆਪਣੀ ਅਮਰੀਕੀ ਨਾਗਰਿਕਤਾ ਛੱਡਣੀ ਪਈ ਸੀ। ਸਾਬਕਾ ਕਾਂਗਰਸੀ ਮੰਤਰੀ ਤੇ ਚਾਰ ਵਾਰ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਕੋਲ ਪਿਛਲੇ 20 ਸਾਲਾਂ ਤੋਂ ਅਮਰੀਕੀ ਨਾਗਰਿਕਤਾ ਸੀ। ਆਪਣੀ ਪਲੇਠੀ ਅਸੈਂਬਲੀ ਚੋਣ ਜਿੱਤਣ ਵਾਲੇ ਜੂਨੀਅਰ ਰਾਣਾ ਨੇ ਕਿਹਾ, ”ਮੈਂ 1999 ਵਿੱਚ ਆਪਣੀ ਭੂਆ ਕੋਲ ਅਮਰੀਕਾ ਗਿਆ ਸੀ ਤੇ ਉਥੇ ਪੰਜ ਸਾਲ ਉਨ੍ਹਾਂ ਕੋਲ ਰਿਹਾ। ਮੈਂ ਉਥੋਂ ਹੀ ਬੀਬੀਏ ਤੇ ਐੱਮਬੀਏ ਕੀਤੀ। ਇਸ ਅਰਸੇ ਦੌਰਾਨ ਮੈਨੂੰ ਅਮਰੀਕਾ ਦੀ ਨਾਗਰਿਕਤਾ ਮਿਲ ਗਈ। 2004 ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਮੈਂ ਭਾਰਤ ਵਾਪਸ ਆ ਕੇ ਪਰਿਵਾਰਕ ਕਾਰੋਬਾਰ ਕਰਨ ਲੱਗਾ।” ਰਾਣਾ ਗੁਰਜੀਤ ਨੇ ਪੰਜਾਬ ਚੋਣਾਂ ਤੋਂ ਮਹੀਨਾ ਕੁ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਕਈ ਗੇੜੇ ਮਾਰ ਕੇ ਆਪਣੇ ਪੁੱਤ ਲਈ ਭਾਰਤੀ ਨਾਗਰਿਕਤਾ ਨੂੰ ਯਕੀਨੀ ਬਣਾਇਆ ਤਾਂ ਕਿ ਉਹ ਚੋਣ ਲੜ ਸਕੇ। ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ, ”ਇਕ ਵਾਰ ਜਦੋਂ ਮੈਂ ਚੋਣ ਲੜਨ ਦੀ ਠਾਣ ਲਈ ਤਾਂ ਫਿਰ ਅਮਰੀਕੀ ਨਾਗਰਿਕਤਾ ਛੱਡਣਾ ਮੇਰੇ ਲਈ ਬਹੁਤ ਛੋਟਾ ਫੈਸਲਾ ਸੀ।’ ਜੂਨੀਅਰ ਰਾਣਾ ਆਪਣੇ ਪਰਿਵਾਰ ਦਾ ਚੌਥਾ ਮੈਂਬਰ ਹੈ, ਜੋ ਵਿਧਾਇਕ ਬਣਿਆ ਹੈ।

 

Check Also

ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ

ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …