ਕਿਹਾ : ਨਵਜੋਤ ਸਿੱਧੂ ਨੇ ਵੀ ਕਾਂਗਰਸ ਦੇ ਅਕਸ ਨੂੰ ਲਗਾਈ ਢਾਹ
ਚੰਡੀਗੜ੍ਹ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਲਈ ਸਿੱਧੇ ਤੌਰ ‘ਤੇ ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੰਜ ਸੂਬਿਆਂ ਵਿਚ ਕਾਂਗਰਸ ਪਾਰਟੀ ਚੋਣਾਂ ਹਾਰੀ ਹੈ ਅਤੇ ਇਸ ਸ਼ਰਮਨਾਕ ਹਾਰ ਲਈ ਗਾਂਧੀਵਾਦੀ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਾਰ ਲਈ ਵੀ ਕਾਂਗਰਸ ਹਾਈਕਮਾਨ ਹੀ ਕਸੂਰਵਾਰ ਹੈ ਅਤੇ ਉਸ ਨੂੰ ਕਿਸੇ ‘ਤੇ ਦੋਸ਼ ਮੜ੍ਹਨ ਦੀ ਥਾਂ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ। ਕੈਪਟਨ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ਮਗਰੋਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਚੋਣਾਂ ਹਾਰਨ ਦਾ ਕਾਰਨ ਨਵਜੋਤ ਸਿੱਧੂ ਵਰਗੇ ਅਸਥਿਰ ਅਤੇ ਹੰਕਾਰੀ ਵਿਅਕਤੀ ਨੂੰ ਕਾਂਗਰਸ ਦੀ ਵਾਗਡੋਰ ਦੇਣਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਆਪਣੇ ਨਿੱਜੀ ਮੁਫਾਦਾਂ ਲਈ ਪਾਰਟੀ ਦੇ ਅਕਸ ਨੂੰ ਢਾਹ ਲਾਉਣ ਵਿਚ ਲੱਗੇ ਰਹੇ। ਮੈਨੂੰ ਬਦਨਾਮ ਕਰਨ ਲਈ ਕਾਂਗਰਸ ਹਾਈਕਮਾਨ ਨੇ ਸਿੱਧੂ ਅਤੇ ਹੋਰਾਂ ਨਾਲ ਹੱਥ ਮਿਲਾਇਆ ਸੀ। ਕੈਪਟਨ ਨੇ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਦੀ ਹਾਈਕਮਾਨ ਨੂੰ ਨਹੀਂ ਸਗੋਂ ਪੰਜਾਬ ਦੇ ਲੋਕਾਂ ਅੱਗੇ ਆਪਣਾ ਪੱਖ ਰੱਖ ਰਹੇ ਹਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਆਪਣੀ ਬਰਖਾਸਤਗੀ ਤੋਂ ਤਿੰਨ ਹਫ਼ਤੇ ਪਹਿਲਾਂ ਅਸਤੀਫਾ ਦੇਣ ਦੀ ਪੇਸਕਸ਼ ਕੀਤੀ ਸੀ ਪ੍ਰੰਤੂ ਸੋਨੀਆ ਗਾਂਧੀ ਨੇ ਚੋਣਾਂ ‘ਚ ਪਾਰਟੀ ਦੀ ਅਗਵਾਈ ਕਰਨ ਵਾਸਤੇ ਕਿਹਾ ਸੀ।
ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਤੋਂ ਸਾਬਿਤ ਹੋ ਗਿਆ ਹੈ ਕਿ ਲੋਕਾਂ ਦਾ ਗਾਂਧੀ ਪਰਿਵਾਰ ‘ਚੋਂ ਹੁਣ ਭਰੋਸਾ ਉੱਠ ਗਿਆ ਹੈ। ਸਾਬਕਾ ਮੁੱਖ ਮੰਤਰੀ ਨੇ ਸਿੱਧੂ ਤੋਂ ਇਲਾਵਾ ਚਰਨਜੀਤ ਚੰਨੀ ਨੂੰ ਵੀ ਨਿਸ਼ਾਨੇ ‘ਤੇ ਲਿਆ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …