Breaking News
Home / ਪੰਜਾਬ / ਪੰਜਾਬ ‘ਚ ਹਾਰ ਤੋਂ ਬਾਅਦ ਕਾਂਗਰਸ ‘ਚ ਮਚਿਆ ਘਮਸਾਣ

ਪੰਜਾਬ ‘ਚ ਹਾਰ ਤੋਂ ਬਾਅਦ ਕਾਂਗਰਸ ‘ਚ ਮਚਿਆ ਘਮਸਾਣ

ਸੁਨੀਲ ਜਾਖੜ ਨੇ ਚਰਨਜੀਤ ਸਿੰਘ ਚੰਨੀ ਅਤੇ ਅੰਬਿਕਾ ਸੋਨੀ ‘ਤੇ ਚੁੱਕੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਵਿਚ ਘਮਾਸਾਣ ਮਚ ਗਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ‘ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਮੇਰੇ ਟਵੀਟ ਦਾ ਵਿਚਾਰ ਕਿਸੇ ‘ਤੇ ਕਿਸੇ ਵੀ ਤਰ੍ਹਾਂ ਦਾ ਆਰੋਪ ਲਗਾਉਣਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਵਰਕਿੰਗ ਕਮੇਟੀ ‘ਚ ਦਿਨ-ਰਾਤ ਜਿਸ ਤਰ੍ਹਾਂ ਦੀ ਬੇਤੁਕੀ ਖੇਡ ਖੇਡੀ ਗਈ ਉਸ ਨੂੰ ਦੇਖ ਕੇ ਨਿਰਾਸ਼ਾ ਹੋਈ। ਉਨ੍ਹਾਂ ਕਿਹਾ ਕਿ 30 ਸਾਲਾਂ ਤੋਂ ਰਾਜ ਸਭਾ ਮੈਂਬਰ ਰਹੇ ਕੁਝ ਆਗੂ, ਕਾਂਗਰਸ ਵਰਕਿੰਗ ਕਮੇਟੀ ਵਿਚ ਪੰਜਾਬ ਦੀ ਆਵਾਜ਼ ਹੋਣ ਦਾ ਦਾਅਵਾ ਕਰਨ ਵਾਲੇ ਪਾਰਟੀ ਹਾਈਕਮਾਂਡ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸੀ ਵਰਕਰ ਕੋਈ ਅਜਿਹਾ ਆਗੂ ਚਾਹੁੰਦੇ ਹਨ ਜਿਸ ‘ਤੇ ਉਹ ਵਿਸ਼ਵਾਸ ਕਰ ਸਕਣ। ਇਸ ਦੇ ਨਾਲ ਅੰਬਿਕਾ ਸੋਨੀ ‘ਤੇ ਤਨਜ਼ ਕੱਸਦੇ ਹੋਏ ਜਾਖੜ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਉਨ੍ਹਾਂ ਲਈ ਖ਼ਜ਼ਾਨਾ ਹੋ ਸਕਦਾ ਹੈ ਪਰ ਕਾਂਗਰਸ ਲਈ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲਈ ਅਗਲੇ 5 ਸਾਲ ਚੁਣੌਤੀਪੂਰਨ ਹੋਣਗੇ।
ਸੋਨੀਆ ਗਾਂਧੀ ਵੱਲੋਂ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਵਿਚਾਰ ਚਰਚਾ
ਨਵੀਂ ਦਿੱਲੀ : ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਕੇ ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕੀਤੀ। ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤੇ ਅਸਤੀਫ਼ੇ ਮਗਰੋਂ ਹੋਈ ਇਹ ਮੀਟਿੰਗ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ। ਸੋਨੀਆ ਗਾਂਧੀ ਨੇ ਪਿਛਲੇ ਦਿਨ ਪੰਜਾਬ ਸਣੇ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਦੇ ਸੂਬਾ ਕਾਂਗਰਸ ਪ੍ਰਧਾਨਾਂ ਤੋਂ ਵੀ ਅਸਤੀਫੇ ਮੰਗ ਲਏ ਸਨ। ਇਨ੍ਹਾਂ ਰਾਜਾਂ ਵਿੱਚ ਨਮੋਸ਼ੀਜਨਕ ਹਾਰ ਮਗਰੋਂ ਪਾਰਟੀ ਵਿੱਚ ਕੌਮੀ ਪੱਧਰ ‘ਤੇ ਉੱਥਲ-ਪੁਥਲ ਮੱਚ ਗਈ ਹੈ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਨਾਲ ਮੀਟਿੰਗ ਦੌਰਾਨ ਕੁਝ ਸੰਸਦ ਮੈਂਬਰਾਂ ਨੇ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਦੀ ਭੂਮਿਕਾ ਉਪਰ ਵੀ ਉਂਗਲ ਉਠਾਈ। ਮੀਟਿੰਗ ਵਿੱਚ ਗੁਰਜੀਤ ਸਿੰਘ ਔਜਲਾ, ਚੌਧਰੀ ਸੰਤੋਖ ਸਿੰਘ, ਰਵਨੀਤ ਸਿੰਘ ਬਿੱਟੂ ਤੇ ਜਸਵੀਰ ਸਿੰਘ ਡਿੰਪਾ ਸ਼ਾਮਲ ਹੋਏ। ਸੂਤਰਾਂ ਮੁਤਾਬਕ ਸੋਨੀਆ ਗਾਂਧੀ ਨੇ ਇਸ ਬੈਠਕ ਵਿੱਚ ਸ਼ਾਮਲ ਸੰਸਦ ਮੈਂਬਰਾਂ ਤੋਂ ਉਨ੍ਹਾਂ ਦੇ ਲੋਕ ਸਭਾ ਖੇਤਰਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ।

 

Check Also

ਪੰਜਾਬ ’ਚ ਸੂਬਾ ਸਰਕਾਰ ਖਿਲਾਫ ਵੱਖ-ਵੱਖ ਥਾਈਂ ਪ੍ਰਦਰਸ਼ਨ

ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਵੀ ਫੂਕੇ ਗਏ ਚੰਡੀਗੜ੍ਹ/ਬਿਊਰੋ ਨਿਊਜ਼ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ …