Breaking News
Home / ਪੰਜਾਬ / ਕੇਜਰੀਵਾਲ ਨੇ ‘ਆਪ’ ਦੇ ਸਾਰੇ ਵਿਧਾਇਕ ਦਿੱਲੀ ਸੱਦੇ

ਕੇਜਰੀਵਾਲ ਨੇ ‘ਆਪ’ ਦੇ ਸਾਰੇ ਵਿਧਾਇਕ ਦਿੱਲੀ ਸੱਦੇ

‘ਆਪ’ ਵਿਧਾਇਕਾਂ ਦੀ ਖਰੀਦੋ-ਫਰੋਖਤ ਦਾ ਪਿਆ ਹੈ ਰੌਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਵੱਡੇ ਬਹੁਮਤ ਨਾਲ ਸਰਕਾਰ ਬਣਾਈ ਹੋਈ ਹੈ। ਇਸ ਤੋਂ ਬਾਅਦ ‘ਆਪ’ ਸਰਕਾਰ ਦੇ ਮੰਤਰੀਆਂ ’ਤੇ ਭਿ੍ਰਸ਼ਟਾਚਾਰ ਦੇ ਆਰੋਪ ਲੱਗਣ ਲੱਗ ਪਏ ਅਤੇ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਤਾਂ ਕੁਰਸੀ ਵੀ ਇਸੇ ਕਰਕੇ ਖੁੱਸ ਗਈ ਸੀ। ਹੁਣ ਮੰਤਰੀ ਫੌਜਾ ਸਿੰਘ ਸਰਾਰੀ ਵੀ ਸਵਾਲਾਂ ਦੇ ਘੇਰੇ ਵਿਚ ਹਨ ਅਤੇ ਹੋਰ ਵਿਧਾਇਕਾਂ ’ਤੇ ਵੀ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਹਨ। ਇਸ ਸਭ ਦੇ ਚੱਲਦਿਆਂ ਹੁਣ ‘ਆਪ’ ਵਿਧਾਇਕਾਂ ਦੀ ਖਰੀਦੋ ਫਰੋਖਤ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਭਾਰਤੀ ਜਨਤਾ ਪਾਰਟੀ ’ਤੇ ਆਰੋਪ ਲਗਾਏ ਸਨ ਕਿ ਭਾਜਪਾ ਨੇ ਸਾਡੀ ਪਾਰਟੀ ਦੇ 11 ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਚੀਮਾ ਨੇ ਇਨ੍ਹਾਂ 11 ਵਿਧਾਇਕਾਂ ਦੇ ਨਾਮ ਵੀ ਜਨਤਕ ਕਰ ਦਿੱਤੇ ਹਨ। ਉਧਰ ਭਾਜਪਾ ਨੇ ‘ਆਪ’ ਦੇ ਇਨ੍ਹਾਂ ਆਰੋਪਾਂ ਨੂੰ ਖਾਰਜ ਕੀਤਾ ਹੈ। ਇਸ ਸਿਆਸੀ ਕਲੇਸ਼ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਣ ਪੰਜਾਬ ਦੇ ਸਾਰੇ ‘ਆਪ’ ਵਿਧਾਇਕਾਂ ਨੂੰ ਦਿੱਲੀ ਬੁਲਾ ਲਿਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਜਰੀਵਾਲ ਨੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨਾਲ 18 ਸਤੰਬਰ ਨੂੰ ਨਵੀਂ ਦਿੱਲੀ ਵਿਚ ਮੀਟਿੰਗ ਕਰਨੀ ਹੈ। ਇਸ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੇਜਰੀਵਾਲ ‘ਆਪ’ ਦੇ ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਕਿਹੜੀ ਨੀਤੀ ਅਖਤਿਆਰ ਕਰਦੇ ਹਨ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਇਹ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣਾ ਕੋਈ ਸੌਖੀ ਗੱਲ ਨਹੀਂ ਹੈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …