Breaking News
Home / ਪੰਜਾਬ / ਪ੍ਰਧਾਨ ਸੁਨੀਲ ਜਾਖੜ ਤੋਂ ਬਗੈਰ ਹੋਈ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ

ਪ੍ਰਧਾਨ ਸੁਨੀਲ ਜਾਖੜ ਤੋਂ ਬਗੈਰ ਹੋਈ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ

ਪੰਜਾਬ ਦੇ ਕਈ ਸੀਨੀਅਰ ਆਗੂ ਮੀਟਿੰਗ ‘ਚ ਹੋਏ ਸ਼ਾਮਲ
ਜਲੰਧਰ/ਬਿਊਰੋ ਨਿਊਜ਼ : ਜਲੰਧਰ ਵਿਚ ਭਾਰਤੀ ਜਨਤਾ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਹੋਈ। ਮੀਟਿੰਗ ‘ਚ ਪੰਜਾਬ ਭਰ ਤੋਂ ਕਈ ਸੀਨੀਅਰ ਆਗੂ ਸ਼ਾਮਲ ਹੋਏ ਪਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਹੀਂ ਪਹੁੰਚੇ। ਮੀਟਿੰਗ ਦੀ ਕਾਰਵਾਈ ਸੂਬਾ ਪ੍ਰਧਾਨ ਤੋਂ ਬਗੈਰ ਹੀ ਚੱਲੀ।
ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਪੰਜਾਬ ਪ੍ਰਧਾਨ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਇਹ ਮੀਟਿੰਗ ਜਾਖੜ ਤੋਂ ਬਿਨਾਂ ਹੋਈ, ਜਿਸ ‘ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।
ਮੀਟਿੰਗ ‘ਚ ਮੁੱਖ ਤੌਰ ‘ਤੇ ਅਗਲੇ ਦਿਨਾਂ ‘ਚ 30 ਲੱਖ ਤੋਂ ਵੱਧ ਲੋਕਾਂ ਨੂੰ ਭਾਜਪਾ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ। ਇਸ ਮੁਹਿੰਮ ਦੀ ਨਿਗਰਾਨੀ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਕਰਨਗੇ। ਦਰਅਸਲ ਭਾਜਪਾ ਵੱਲੋਂ ਮੈਂਬਰਸ਼ਿਪ ਮੁਹਿੰਮ ਚਲਾਈ ਗਈ ਸੀ, ਜਿਸ ਸਬੰਧੀ ਮੀਟਿੰਗ ਵਿੱਚ ਆਗੂਆਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ, ਮਨਪ੍ਰੀਤ ਬਾਦਲ, ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਅਮਿਤ ਭਾਟੀਆ, ਤਰੁਣ ਚੁੱਘ, ਵਿਜੇ ਸਾਂਪਲਾ, ਕੇਡੀ ਭੰਡਾਰੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਪ੍ਰਨੀਤ ਕੌਰ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸਮੇਤ ਕਈ ਵੱਡੇ ਆਗੂ ਮੌਜੂਦ ਸਨ।
ਨਗਰ ਨਿਗਮ ਚੋਣਾਂ ਬਾਰੇ ਵਿਚਾਰ-ਚਰਚਾ
ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਡਿਊਟੀਆਂ ਲਗਾਉਣ ਸਬੰਧੀ ਇੱਕ ਹੋਰ ਮੀਟਿੰਗ ਕੀਤੀ ਗਈ। ਹਾਲਾਂਕਿ ਸੂਚੀ ਨੂੰ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ, ਪਰ ਲੁਧਿਆਣਾ ਵਿੱਚ ਨਿਗਮ ਚੋਣਾਂ ਦੇ ਇੰਚਾਰਜ ਵਜੋਂ ਅਵਿਨਾਸ਼ ਰਾਏ ਖੰਨਾ, ਜਲੰਧਰ ਲਈ ਅਸ਼ਵਨੀ ਸ਼ਰਮਾ ਅਤੇ ਅੰਮ੍ਰਿਤਸਰ ਲਈ ਸ਼ਵੇਤ ਮਲਿਕ ਅਤੇ ਅਸ਼ਵਨੀ ਸੇਖੜੀ ਦੇ ਨਾਵਾਂ ‘ਤੇ ਚਰਚਾ ਕੀਤੀ ਗਈ।

 

Check Also

ਦੀਪਕ ਚਨਾਰਥਲ ਬਣੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ

ਭੁਪਿੰਦਰ ਮਲਿਕ ਜਨਰਲ ਸਕੱਤਰ ਤੇ ਪਾਲ ਅਜਨਬੀ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ : ਪੰਜਾਬੀ …