20.8 C
Toronto
Thursday, September 18, 2025
spot_img
Homeਜੀ.ਟੀ.ਏ. ਨਿਊਜ਼ਪੰਜਾਬ-ਚੋਣਾਂ ਦੇ ਨਤੀਜਿਆਂ ਨੇ ਪਰਵਾਸੀਆਂ ਨੂੰ ਕੀਤਾ ਨਿਰਾਸ਼

ਪੰਜਾਬ-ਚੋਣਾਂ ਦੇ ਨਤੀਜਿਆਂ ਨੇ ਪਰਵਾਸੀਆਂ ਨੂੰ ਕੀਤਾ ਨਿਰਾਸ਼

ਜਸ਼ਨਾਂ ਦੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ
ਬਰੈਂਪਟਨ/ਬਿਊਰੋ ਨਿਊਜ਼
ਇਸ ਵਾਰੀ ਪੰਜਾਬ ਦੀਆਂ ਚੋਣਾਂ ਦੇ ਨਤੀਜਿਆਂ ਨੇ ਜਿੱਥੇ ਪੰਜਾਬ ਵਸਦੇ ਲੋਕਾਂ ਨੂੰ ਹੈਰਾਨ ਕੀਤਾ ਹੈ ਉਥੇ ਬਾਹਰ ਬੈਠੇ ਪਰਵਾਸੀਆਂ ਦੀਆਂ ਆਸਾਂ ਨੂੰ ਵੀ ਤਹਿਸ-ਨਹਿਸ ਕਰ ਦਿੱਤਾ ਹੈ। ਪ੍ਰਦੇਸ ਵਸਦੇ ਪੰਜਾਬੀਆਂ ਵਿੱਚ ਇਸ ਵਾਰੀ ਇਸ ਗੱਲ ਦੀ ਪੂਰੀ ਆਸ ਸੀ ਕਿ ਚੋਣ ਨਤੀਜੇ ਉਨ੍ਹਾਂ ਦੀਆਂ ਆਸਾਂ ਅਤੇ ਮਿਹਨਤ ਮੁਤਾਬਕ ਹੀ ਆਉਣਗੇ ਪਰ ਹੋਇਆ ਸਾਰਾ ਹੀ ਆਸਾਂ ਦੇ ਉਲਟ। ਪਰਵਾਸੀ ਲੋਕਾਂ ਵਿੱਚ ਐਤਕੀਂ ਆਮ ਆਦਮੀ ਪਾਰਟੀ (ਆਪ) ਲਈ ਜਿੱਤ ਦੀਆਂ ਸ਼ੁਭ ਇਸ਼ਾਵਾਂ ਜੁੜੀਆਂ ਹੋਈਆਂ ਸਨ। ਇਨ੍ਹਾਂ ਪੰਜਾਬੀਆਂ ਵਲੋਂ ਆਪਣੇ ਧੰਨ, ਮਨ ਅਤੇ ਤਨ ਨਾਲ ਆਪ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰੱਖਿਆ ਸੀ। ਬਹੁਤ ਸਾਰੇ ਪਰਵਾਸੀ ਵੋਟਾਂ ਵਾਲੇ ਸਮੇਂ ਆਪਣੇ ਪਰਿਵਾਰ ਅਤੇ ਕੰਮਕਾਰ ਛੱਡ ਕੇ ਪੰਜਾਬ ਆਪ ਦੀ ਮਦਦ ਲਈ ਗਏ ਹੋਏ ਸਨ ਅਤੇ ਬਾਕੀਆਂ ਨੇ 11 ਮਾਰਚ ਵਾਲੇ ਦਿਨ ਜਿੱਤ ਦੇ ਜਸ਼ਨ ਮਨਾਉਣ ਲਈ ਵੱਖ ਵੱਖ ਬੈਂਕੁਟ ਹਾਲ ਬੁੱਕ ਕਰਵਾਏ ਗਏ ਸਨ, ਪਰ ਸਾਰਾ ਹੀ ਕੁਝ ਧਰਿਆ ਧਰਾਇਆ ਰਹਿ ਗਿਆ।
ਬਾਹਰਲੇ ਵੱਖ ਵੱਖ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵਾਂਗ ਇਥੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਵੀ ਪੰਜਾਬੀਆਂ ਦੀ ਬਹੁਤਾਦ ਵਸੋਂ ਹੈ। ਇਥੇ ਵਸਦੇ ਲੋਕਾਂ ਵਲੋਂ ਵੀ ਆਮ ਆਦਮੀ ਪਾਰਟੀ ਦੀ ਜਿੱਤ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਸਨ। ਸਮੇਂ ਸਮੇਂ ਇਥੇ ਪਾਰਟੀ ਦੇ ਵੱਡੇ ਲੀਡਰਾਂ ਦੀਆਂ ਕਾਨਫਰੰਸਾਂ ਕਰਵਾਈਆਂ ਗਈਆਂ। ਇਥੋਂ ਪੈਸਾ ਇੱਕਠਾ ਕਰਕੇ ਵੀ ਪਾਰਟੀ ਲਈ ਹਿੰਦੋਸਤਾਨ ਭੇਜਿਆ ਗਿਆ ਸੀ। ਜਿਹੜੇ ਲੋਕ ਚੋਣਾਂ ਦੌਰਾਨ ਪੰਜਾਬ ਨਹੀਂ ਜਾ ਸਕੇ, ਉਨ੍ਹਾ ਵਲੋਂ ਟੈਲੀਫੋਨ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਵੋਟਾਂ ਪਾਉਣ ਲਈ ਤਾਕੀਦਾਂ ਕੀਤੀਆਂ ਗਈਆਂ ਸਨ। ਜਿਨ੍ਹਂਾਂ ਲੋਕਾਂ ਦੀਆਂ ਜ਼ਮੀਨਾ ਪਿਛੇ ਜਿਹੜੇ ਲੋਕ ਠੇਕੇ ਉਪਰ ਵਾਹੀ ਕਰਦੇ ਸੀ, ਉਨ੍ਹਾਂ ਨੂੰ ਵੀ ਆਪ ਨੂੰ ਵੋਟ ਲਈ ਕਿਹਾ ਗਿਆ ਸੀ ਅਤੇ ਅਗਰ ਉਹ ਵੋਟਾਂ ਨਹੀਂ ਪਾਉਣਗੇ ਤਾਂ ਜ਼ਮੀਨ ਛੁਡਵਾ ਲਈ ਜਾਵੇਗੀ। ਪਰ ਚੋਣਾਂ ਦੇ ਨਤੀਜਆਂ ਤੋਂ ਬਾਅਦ ਪੰਜਾਬ ਦੀ ਸੁੱਖ ਮੰਗਦੇ ਪਰਵਾਸੀ ਵੀਰਾਂ ਦੇ ਪੱਲੇ ਨਿਰਾਸ਼ਾ ਹੀ ਪਈ।
ਟੋਰਾਂਟੋ ਦੇ ਇਲਾਕੇ ਵਿੱਚ ਵਸਦੇ ਪੰਜਾਬੀਆਂ ਵਲੋਂ ਚੋਣਾਂ ਦੇ ਨਤੀਜੇ ਵੇਖਣ ਲਈ ਹਾਲ ਬੁੱਕ ਕਰਵਾ ਕੇ ਵੱਡੀਆਂ ਟੈਲੀਵੀਜ਼ਨ ਸਕਰੀਨਾਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਵਲੰਟੀਅਰਜ਼ ਵਲੋਂ ਡਿਨਰ ਦਾ ਪ੍ਰਬੰਧ ਵੀ ਹਾਲ ਵਿੱਚ ਹੀ ਕੀਤਾ ਗਿਆ ਸੀ। ਜਦੋਂ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਲੋਕਾਂ ਦੀਆਂ ਆਸਾਂ ਉਪਰ ਪਾਣੀ ਫਿਰਨਾ ਸ਼ੁਰੂ ਹੋ ਗਿਆ। ਲੋਕਾਂ ਵਲੋਂ ਨਤੀਜਿਆਂ ਦੇ ਰੁਝਾਨ ਨੂੰ ਵੇਖਦਿਆਂ ਭਰੇ ਦਿਲ ਨਾਲ ਆਪਣੇ ਘਰੀਂ ਜਾਣਾ ਪਿਆ। ਜਿਹੜੇ ਟੀਵੀ ਚੈਨਲ ਆਪ ਦੀ ਜਿੱਤ ਲਾਈ ਬੈਠੇ ਸਨ ਅਤੇ ਵਾਰ ਵਾਰ ਅਨਾਉਂਸ ਕਰਦੇ ਰਹੇ ਕਿ ਇੰਨਕਲਾਬ ਆਉਣ ਵਿੱਚ ਹੁਣ ਕੁਝ ਹੀ ਸਮਾਂ ਰਹਿ ਗਿਆ ਹੈ ਉਹ ਲੋਕ ਵੀ ਸਾਰੇ ਨਤੀਜਿਆਂ ਦੇ ਆਉਣ ਤੱਕ ਉਡੀਕ ਕੀਤੇ ਬਗੈਰ ਹੀ ਆਪਣੇ ਸਟੂਡੀਉਜ਼ ਦੀਆਂ ਬੱਤੀਆਂ ਬੁਝਾ ਕੇ ਅਤੇ ਕੁੰਡੇ ਮਾਰ ਕੇ ਘਰਾਂ ਨੂੰ ਤੁਰ ਗਏ।
ਪਾਰਟੀ ਦੀ ਹਾਰ ਤੋਂ ਬਾਅਦ ਹਿਮਾਇਤੀਆਂ ਵਿੱਚ ਕਈ ਤਰ੍ਹਾਂ ਦੇ ਮੱਤ ਭੇਦ ਵੀ ਉਭਰਨੇ ਸ਼ੁਰੂ ਹੋ ਗਏ ਹਨ। ਕੁਝ ਲੋਕ ਇਨ੍ਹਾਂ ਨਤੀਜਿਆਂ ਨੂੰ ਪਾਰਟੀ ਦੀ ਉਮਰ ਮੁਤਾਵਿਕ ਕਹਿੰਦੇ ਹਨ ਕਿ ਆਪ ਨੇ ਆਪਣੇ ਤਿੰਨ ਸਾਲਾਂ ਦੀ ਉਮਰ ਵਿੱਚ ਪੰਜਾਬ ਵਿਧਾਨ ਸਭਾ ਅੰਦਰ ਮੁੱਖ ਵਿਰੋਧੀ ਧਿਰ ਵਜੋਂ ਜੋ ਮੱਲ ਮਾਰੀ ਹੈ ਉਹ ਪਾਰਟੀ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ ਅਤੇ ਕੁਝ ਜੋ ਸਪੱਸ਼ਟ ਬਹੁਮੱਤ ਦੀ ਆਸ ਲਾਈ ਬੈਠੇ ਸਨ ਵਲੋਂ ਨਿਰਾਸ਼ਾ ਵੀ ਪਾਈ ਜਾ ਰਹੀ ਹੈ। ਦੱਬਵੀਂ ਜ਼ੁਬਾਨ ਵਿੱਚ ਲੋਕ ਪਾਰਟੀ ਹਾਈਕਮਾਂਡ ਦੇ ਕਾਰਜ ਪ੍ਰਬੰਧ ਉਪਰ ਵੀ ਕਿੰਤੂ ਕਰ ਰਹੇ ਹਨ।

RELATED ARTICLES
POPULAR POSTS