ਨਵੀਂ ਦਿੱਲੀ : ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਆਖ਼ਰਕਾਰ ਜੇਲ੍ਹ ਵਿੱਚ ਕੰਮ ਮਿਲ ਗਿਆ ਹੈ ਅਤੇ ਇਹ ਕੰਮ ਮਾਲੀ ਦਾ ਹੈ। ਦਿੱਲੀ ਦੀ ਤਿਹਾੜ ਜੇਲ੍ਹ ਦੇ ਮੰਡੋਲੀ ਵਿੱਚ ਨਵੇਂ ਉਸਾਰੇ ਅਹਾਤੇ ਵਿੱਚ ਸੱਜਣ ਕੁਮਾਰ (73) ਨੂੰ ਜੇਲ੍ਹ ਦੇ ਮਾਲੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਕੈਦੀਆਂ ਤੋਂ ਹਲਕਾ ਫੁਲਕਾ ਕੰਮ ਲਿਆ ਜਾਂਦਾ ਹੈ। ਇਹ ਜੇਲ੍ਹ ਵਿੱਚ ਹਰਿਆਲੀ ਨੂੰ ਕਾਇਮ ਰੱਖਣ ਲਈ ਬੂਟਿਆਂ ਦੀ ਸਾਂਭ ਸੰਭਾਲ ਕਰਦੇ ਹਨ ਤੇ ਬੂਟਿਆਂ ਨੂੰ ਪਾਣੀ ਪਾਉਂਦੇ ਹਨ।
ਦਿੱਲੀ ਛਾਉਣੀ ਦੇ ਰਾਜਨਗਰ ਇਲਾਕੇ ਵਿੱਚ ਇੱਕ ਅਤੇ ਦੋ ਨਵੰਬਰ 1984 ਨੂੰ ਪੰਜ ਵਿਅਕਤੀਆਂ ਦੀ ਹੱਤਿਆ ਨਾਲ ਸਬੰਧਤ ਮਾਮਲੇ ਵਿੱਚ ਸਜ਼ਾ ਮਿਲਣ ਕਾਰਨ ਸੱਜਣ ਕੁਮਾਰ ਨੇ ਤਿੰਨ ਮਹੀਨੇ ਪਹਿਲਾਂ ਦਿੱਲੀ ਹਾਈਕੋਰਟ ਅੱਗੇ ਆਤਮ ਸਮਰਪਣ ਕੀਤਾ ਸੀ ਪਰ ਉਸ ਨੂੰ ਇਹ ਕੰਮ ਤਿੰਨ ਮਹੀਨੇ ਬਾਅਦ ਹੁਣ ਮਿਲਿਆ ਹੈ। ਜੇਲ੍ਹ ਨਿਯਮਾਂ ਅਨੁਸਾਰ ਹਰ ਕੈਦੀ ਤੋਂ ਕੋਈ ਨਾ ਕੋਈ ਕੰਮ ਲਿਆ ਜਾਣਾ ਜ਼ਰੂਰੀ ਹੁੰਦਾ ਹੈ ਪਰ ਇਸ ਵਿੱਚ ਕੈਦੀ ਦੀ ਉਮਰ ਅਤੇ ਸਿਹਤ ਦਾ ਵੀ ਖਿਆਲ ਰੱਖਿਆ ਜਾਂਦਾ ਹੈ। ਇਸ ਕਰਕੇ ਸੱਜਣ ਕੁਮਾਰ ਨੂੰ ਸੌਖਾ ਕੰਮ ਦਿੱਤਾ ਗਿਆ ਹੈ।
ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਮਾਲੀ ਦਾ ਕੰਮ ਦੇਣ ਤੋਂ ਪਹਿਲਾਂ ਤਰਖਾਣਾ, ਬੇਕਰੀ ਅਤੇ ਕਿਤਾਬਾਂ ਦੀਆਂ ਜਿਲਦਾਂ ਚੜ੍ਹਾਉਣ ਦੇ ਕੰਮ ਦੇਣ ਬਾਰੇ ਵੀ ਵਿਚਾਰ ਹੋਈ ਸੀ। ਹੁਣ ਸੱਜਣ ਕੁਮਾਰ ਦੀਆਂ ਜੇਲ੍ਹ ਵਿੱਚੋਂ ਛੇਤੀ ਜ਼ਮਾਨਤ ਉੱਤੇ ਆਉਣ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ ਕਿਉਂਕਿ ਸੁਪਰੀਮ ਕੋਰਟ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਉੱਤੇ ਸੁਣਵਾਈ ਅਗਸਤ ਮਹੀਨੇ ਵਿੱਚ ਪਾ ਦਿੱਤੀ ਹੈ। ਸੱਜਣ ਕੁਮਾਰ ਇਸ ਸਮੇਂ ਮੰਡੋਲੀ ਦੀ ਜੇਲ੍ਹ ਵਿੱਚ 25 ਹੋਰਨਾਂ ਕੈਦੀਆਂ ਦੇ ਨਾਲ ਵਾਰਡ ਨੰਬਰ ਤਿੰਨ ਵਿੱਚ ਬੰਦ ਹੈ। ਜੇਲ੍ਹ ਅਧਿਕਾਰੀਆਂ ਅਨੁਸਾਰ ਉਹ ਆਮ ਕੈਦੀਆਂ ਵਾਂਗ ਹੀ ਛੇ ਵਜੇ ਉੱਠਦਾ ਹੈ ਤੇ ਚਾਹ ਪੀ ਕੇ ਦਿਨ ਦੀ ਸ਼ੁਰੂਆਤ ਕਰਦਾ ਹੈ। ਅਧਿਕਾਰੀਆਂ ਅਨੁਸਾਰ ਉਸ ਨੂੰ ਯੋਗ ਆਉਂਦਾ ਹੈ ਤੇ ਰੋਜ਼ਾਨਾ ਯੋਗ ਵੀ ਕਰਦਾ ਹੈ। ਉਹ ਵਧੇਰਾ ਸਮਾਂ ਅਖ਼ਬਾਰ: ਪੜ੍ਹ ਕੇ ਕੱਢਦਾ ਹੈ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …