ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਅੱਜ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਨੇ ਪਾਰਟੀ ਦੇ ਲੋਕ ਸਭਾ ਚੋਣ ਪ੍ਰਚਾਰ ਗੀਤ ‘ਜੇਲ੍ਹ ਕੇ ਜਵਾਬ ਮੇਂ ਹਮ ਵੋਟ ਦੇਂਗੇ’ ਉੱਤੇ ਇਹ ਕਹਿੰਦੇ ਹੋਏ ਰੋਕ ਲਗਾ ਦਿੱਤੀ ਹੈ ਕਿ ਇਹ ਸੱਤਾਧਾਰੀ ਪਾਰਟੀ ਭਾਜਪਾ ਅਤੇ ਕੇਂਦਰੀ ਜਾਂਚ ਏਜੰਸੀਆਂ ਦਾ ਅਕਸ ਖ਼ਰਾਬ ਕਰਦਾ ਹੈ। ਇਹ ਗੱਲ ‘ਆਪ’ ਦੀ ਸੀਨੀਅਰ ਆਗੂ ਆਤਿਸ਼ੀ ਨੇ ਨਵੀਂ ਦਿੱਲੀ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਖੀ। ਉਨ੍ਹਾਂ ਕਿਹਾ ਕਿ ਇਸ ਗੀਤ ’ਚ ਭਾਜਪਾ ਦਾ ਜ਼ਿਕਰ ਨਹੀਂ ਹੈ ਤੇ ਨਾ ਹੀ ਇਹ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ। ਉਧਰ ਦੂਜੇ ਪਾਸੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਇਹ ਚੋਣ ਪ੍ਰਚਾਰ ਗੀਤ ਦੀ ਲਾਈਨ ‘ਜੇਲ੍ਹ ਕੇ ਜਵਾਬ ਮੇਂ ਹਮ ਵੋਟ ਦੇਂਗੇ’ ਦੇ ਨਾਲ ਗੁੱਸੇ ’ਚ ਭੀੜ ਨਜ਼ਰ ਆ ਰਹੀ ਹੈ। ਇਸ ਭੀੜ ਦੇ ਹੱਥਾਂ ਵਿਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਅਰਵਿੰਦ ਕੇਜਰੀਵਾਲ ਦੀ ਫੋਟੋ ਹੈ। ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਿਕਚਰਾਈਜੇਸ਼ਨ ਨਾਲ ਨਿਆਂਪਾਲਿਕਾ ਦੀ ਦਿੱਖ ਖਰਾਬ ਹੁੰਦੀ ਹੈ।