ਰਤਨ ਟਾਟਾ ਦੇ ਦਿਹਾਂਤ ਤੋਂ ਬਾਅਦ ਨੋਇਲ ਦੇ ਨਾਮ ’ਤੇ ਬਣੀ ਸਹਿਮਤੀ
ਮੁੰਬਈ/ਬਿਊਰੋ ਨਿਊਜ਼
ਰਤਨ ਟਾਟਾ ਦੇ ਦਿਹਾਂਤ ਤੋਂ ਬਾਅਦ ਗਰੁੱਪ ਦੇ ਸਭ ਤੋਂ ਵੱਡੇ ਸਟੇਕ ਹੋਲਡਰ ‘ਟਾਟਾ ਟਰੱਸਟ’ ਦੀ ਕਮਾਨ ਉਨ੍ਹਾਂ ਦੇ ਮਤਰੇਅ ਭਰਾ ਨੋਇਲ ਟਾਟਾ ਨੂੰ ਮਿਲ ਗਈ ਹੈ। ਅੱਜ ਸ਼ੁੱਕਰਵਾਰ ਨੂੰ ਮੁੰਬਈ ਵਿਚ ਹੋਈ ਮੀਟਿੰਗ ਵਿਚ ਨੋਇਲ ਦੇ ਨਾਮ ’ਤੇ ਸਹਿਮਤੀ ਬਣੀ ਹੈ। ਨੋਇਲ ਟਾਟਾ ਆਪਣੇ ਪਰਿਵਾਰਕ ਸਬੰਧਾਂ ਅਤੇ ਗਰੁੱਪ ਦੀਆਂ ਕਈ ਕੰਪਨੀਆਂ ਵਿਚ ਭਾਗੀਦਾਰੀ ਦੇ ਕਾਰਨ ਟਾਟਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਇਕ ਮਜ਼ਬੂਤ ਦਾਅਵੇਦਾਰ ਸਨ। ਨੋਇਲ ਟਾਟਾ ਪਹਿਲਾਂ ਤੋਂ ਹੀ ਸਰ ਦੋਰਾਬਜੀ ਟਾਟਾ ਟਰੱਸਟ ਅਤੇ ਸਰ ਰਤਨ ਟਾਟਾ ਟਰੱਸਟ ਦੇ ਟਰੱਸਟੀ ਹਨ। ਦੱਸਣਯੋਗ ਹੈ ਕਿ ਟਾਟਾ ਟਰੱਸਟ ਅਸਲ ਵਿਚ ਟਾਟਾ ਗਰੁੱਪ ਦੀਆਂ ਚੈਰੀਟੇਬਲ ਸੰਸਥਾਵਾਂ ਦਾ ਇਕ ਗਰੁੱਪ ਹੈ ਅਤੇ 13 ਲੱਖ ਕਰੋੜ ਰੁਪਏ ਦੇ ਮਾਲੀਏ ਨਾਲ ਟਾਟਾ ਗਰੁੱਪ ਵਿਚ ਇਸਦੀ ਸਭ ਤੋਂ ਵੱਧ 66 ਫੀਸਦੀ ਹਿੱਸੇਦਾਰੀ ਹੈ। ਇਸ ਵਿਚ ਨੋਇਲ ਟਾਟਾ ਨੂੰ ਨਵਾਂ ਚੇਅਰਮੈਨ ਬਣਾਇਆ ਗਿਆ।