
114 ਸਾਲਾਂ ਦੇ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ’ਚ ਚਲੇ ਗਈ ਸੀ ਜਾਨ
ਜਲੰਧਰ/ਬਿਊਰੋ ਨਿਊਜ਼
ਦੁਨੀਆ ਦੇ ਸਭ ਤੋਂ ਵਡੇਰੀ ਉਮਰ ਦੇ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਅੱਜ ਜਲੰਧਰ ਜ਼ਿਲ੍ਹੇ ’ਚ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਵਿਖੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਸੰਗਤ ਨੇ ਗੁਰੂ ਕਾ ਲੰਗਰ ਛਕਿਆ। ਇਸ ਮੌਕੇ ਫੌਜਾ ਸਿੰਘ ਦੀ ਪਸੰਦ ਅਲਸੀ ਦੀਆਂ ਪਿੰਨੀਆਂ ਵੀ ਵੰਡੀਆਂ ਗਈਆਂ। ਫੌਜਾ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਣੇ ਵੱਡੀ ਗਿਣਤੀ ਵਿਚ ਧਾਰਮਿਕ ਅਤੇ ਸਿਆਸੀ ਆਗੂ ਵੀ ਪਹੁੰਚੇ ਹੋਏ ਸਨ। ਜ਼ਿਕਰਯੋਗ ਹੈ ਕਿ ਲੰਘੀ 14 ਜੁਲਾਈ ਨੂੰ ਇਕ ਸੜਕ ਹਾਦਸੇ ਵਿਚ ਫੌਜਾ ਸਿੰਘ ਦੀ ਜਾਨ ਚਲੇ ਗਈ ਸੀ। ਫੌਜਾ ਸਿੰਘ ਦੀ ਉਮਰ 114 ਸਾਲ ਦੱਸੀ ਗਈ ਹੈ ਅਤੇ ਉਹ ਸਾਰੀ ਦੁਨੀਆ ਵਿਚ ਸਭ ਤੋਂ ਵੱਡੀ ਉਮਰ ਦੇ ਮੈਰਾਥਨ ਦੌੜਾਕ ਸਨ। ਫੌਜਾ ਸਿੰਘ ਨੇ 80 ਸਾਲ ਦੀ ਉਮਰ ਵਿਚ ਦੌੜਨਾ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਪੂਰੀ ਦੁਨੀਆਂ ਵਿਚ ਮਿਸਾਲ ਕਾਇਮ ਕੀਤੀ ਹੈ।

