ਨਵੀਂ ਦਿੱਲੀ/ਚੰਡੀਗੜ੍ਹ : ਭਾਜਪਾ ਦਾ ਨਾਹਰਾ ‘ਹਰ ਹਰ ਮੋਦੀ, ਘਰ ਘਰ ਮੋਦੀ’ ਸੱਚ ਸਾਬਤ ਹੋਇਆ ਤੇ ਚੋਣ ਨਤੀਜੇ ਐਗਜ਼ਿਟ ਪੋਲ ਅਤੇ ਭਾਜਪਾ ਦੀ ਉਮੀਦ ਤੋਂ ਵੀ ਜ਼ਿਆਦਾ ਉਨ੍ਹਾਂ ਦੇ ਹੱਕ ਵਿਚ ਆਏ, 543 ਵਿਚੋਂ 542 ਸੀਟਾਂ ‘ਤੇ ਹੋਈਆਂ ਚੋਣਾਂ ਵਿਚ ਅਖ਼ਬਾਰ ਤਿਆਰ ਕਰਨ ਸਮੇਂ ਤੱਕ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਅਤੇ ਉਨ੍ਹਾਂ ਦੇ ਸਹਿਯੋਗੀ ਦਲਾਂ (ਐਨਡੀਏ) ਨੂੰ ਬਹੁਮਤ ਤੋਂ ਕਿਤੇ ਜ਼ਿਆਦਾ 351 ਸੀਟਾਂ ‘ਤੇ ਜਿੱਤ ਹਾਸਲ ਹੋਈ। ਜਦੋਂਕਿ ਦੇਸ਼ ਵਿਚ ਸਭ ਤੋਂ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਤੇ ਉਸਦੇ ਸਹਿਯੋਗੀ ਦਲ (ਯੂਪੀਏ) 100 ਦਾ ਅੰਕੜਾ ਵੀ ਨਾ ਛੂਹ ਸਕੇ, ਉਨ੍ਹਾਂ ਨੂੰ ਮਾਤਰ 90 ਸੀਟਾਂ ਹੀ ਹਾਸਲ ਹੋਈਆਂ। ਜਦੋਂਕਿ ਬਾਕੀ ਸਾਰੇ ਦਲਾਂ ਨੂੰ 101 ਸੀਟ ਨਾਲ ਹੀ ਸੰਤੋਸ਼ ਕਰਨਾ ਪਿਆ। ਅੱਧੀ ਦਰਜਨ ਦੇ ਕਰੀਬ ਸੂਬਿਆਂ ਵਿਚ ਤਾਂ ਭਾਜਪਾ ਨੇ 100 ਫੀਸਦੀ ਸੀਟਾਂ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਜਿਵੇਂ ਕਿ ਗੁਜਰਾਤ ਦੀਆਂ 26 ਵਿਚੋਂ 26 ਸੀਟਾਂ ਭਾਜਪਾ ਨੇ ਜਿੱਤੀਆਂ, ਹਰਿਆਣਾ ਦੀਆਂ 10 ‘ਚੋਂ 10 ਸੀਟਾਂ ਭਾਜਪਾ ਨੇ ਜਿੱਤੀਆਂ, ਦਿੱਲੀ ਦੀਆਂ 7 ਵਿਚੋਂ 7 ਸੀਟਾਂ ਭਾਜਪਾ ਨੇ ਜਿੱਤੀਆਂ, ਹਿਮਾਚਲ ਦੀਆਂ 4 ਦੀਆਂ 4 ਸੀਟਾਂ ਭਾਜਪਾ ਨੇ ਜਿੱਤੀਆਂ, ਚੰਡੀਗੜ੍ਹ ਦੀ ਵੀ ਇਕ ਮਾਤਰ ਸੀਟ ਭਾਜਪਾ ਜਿੱਤਣ ਵਿਚ ਕਾਮਯਾਬ ਰਹੀ। ਪੰਜਾਬ ਅੰਦਰ ਬੇਸ਼ੱਕ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਹੈ ਪਰ ਆਪਣੇ ਚੋਣ ਨਿਸ਼ਾਨ ਫੁੱਲ ‘ਤੇ ਭਾਜਪਾ ਵੱਲੋਂ ਤਿੰਨ ਸੀਟਾਂ ‘ਤੇ ਚੋਣ ਲੜੀ ਗਈ ਜਿਨ੍ਹਾਂ ਵਿਚੋਂ ਉਨ੍ਹਾਂ ਨੇ 2 ‘ਤੇ ਜਿੱਤ ਹਾਸਲ ਕੀਤੀ। ਇਕ ਪਾਸੇ ਦੇਸ਼ ਵਿਚ ਨਰਿੰਦਰ ਮੋਦੀ ਬਾਹੂਬਲੀ ਸਾਬਤ ਹੋ ਰਹੇ ਸਨ ਤੇ ਦੂਜੇ ਪਾਸੇ ਪੰਜਾਬ ਵਿਚ ਅਮਰਿੰਦਰ ਅਮਰਿੰਦਰ ਹੋ ਰਹੀ ਸੀ। ਬੇਸ਼ੱਕ ਅਮਰਿੰਦਰ ਦੀ ਅਗਵਾਈ ਵਿਚ ਕਾਂਗਰਸ ਮਿਸ਼ਨ 13 ਨੂੰ ਤਾਂ ਸਫ਼ਲ ਨਹੀਂ ਬਣਾ ਸਕੀ ਪਰ ਫਿਰ ਉਨ੍ਹਾਂ 8 ਸੀਟਾਂ ਜਿੱਤ ਕੇ ਕਾਂਗਰਸ ਹਾਈ ਕਮਾਂਡ ਮੂਹਰੇ ਆਪਣੀ ਧਾਂਕ ਜਮਾ ਲਈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਪਿਛਲੀਆਂ ਜਿੱਤੀਆਂ ਚਾਰ ਸੀਟਾਂ ਵਿਚੋਂ 2 ਸੀਟਾਂ ਹੀ ਬਚਾਉਣ ਵਿਚ ਕਾਮਯਾਬ ਹੋਇਆ ਉਹ ਵੀ ਪਰਿਵਾਰਕ। ਪਹਿਲੀ ਬਠਿੰਡਾ ਵਿਚ ਬੀਬੀ ਹਰਸਿਮਰਤ ਕੌਰ ਬਾਦਲ ਬੜੀ ਖਿੱਚ-ਧੂਹ ਨਾਲ ਫਸਵੇਂ ਮੁਕਾਬਲੇ ਵਿਚ ਜਿੱਤ ਗਈ, ਦੂਜੀ ਸੁਖਬੀਰ ਬਾਦਲ ਨੇ ਫਿਰੋਜ਼ਪੁਰ ਵਿਚ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ। ਪਰ ਆਪਣੇ ਹਿੱਸੇ ਦੀਆਂ 10 ਸੀਟਾਂ ਵਿਚੋਂ ਅਕਾਲੀ ਦਲ ਬਾਕੀ 8 ਸੀਟਾਂ ਹਾਰ ਗਿਆ ਜਿਨ੍ਹਾਂ ਵਿਚ ਪਿਛਲੀ ਵਾਰ ਜਿੱਤੀਆਂ ਆਨੰਦਪੁਰ ਸਾਹਿਬ ਵਾਲੀ ਪ੍ਰੇਮ ਸਿੰਘ ਚੰਦੂਮਾਜਰਾ ਵਾਲੀ ਸੀਟ ਤੇ ਖਡੂਰ ਸਾਹਿਬ ਵਾਲੀ ਸੀਟ ਤੋਂ ਬੀਬੀ ਜਗੀਰ ਕੌਰ ਹਾਰ ਗਈ। ਆਮ ਆਦਮੀ ਪਾਰਟੀ ਪੂਰੇ ਦੇਸ਼ ਵਿਚ ਕੇਵਲ ਇਕ ਸੀਟ ਹੀ ਜਿੱਤ ਪਾਈ, ਉਹ ਸੀ ਸੰਗਰੂਰ ਤੋਂ ਭਗਵੰਤ ਮਾਨ ਦੀ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …